ਕਈ ਵਾਰ ਧਰਤੀ ’ਤੇ ਅਜਿਹੇ ਇਨਸਾਨ ਪੈਦਾ ਹੁੰਦੇ ਹਨ, ਜੋ ਸਾਡੀ ਸਮਝ ਤੋਂ ਬਾਹਰ ਹੁੰਦੇ ਹਨ। ਜਦ ਉਹ ਸਾਡੇ ਵਿਚ ਵਿਚਰ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਤਾਂ ਫਿਰ ਸਭ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇਕ ਸੂਫ਼ੀਆਨਾ ਗਾਇਕ ਹੋਇਆ ਹੈ ਹਾਕਮ ਸੂਫ਼ੀ। ਹਾਕਮ ਸੂਫ਼ੀ ਦਾ ਜਨਮ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ 3 ਮਾਰਚ 1952 ਨੂੰ ਨਸਵਾਰ ਮੰਡੀ ਗਿੱਦੜਬਾਹਾ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਕਸਬੇ ’ਚ ਹੋਇਆ। ਇਸ ਦੇ ਵੱਡੇ-ਵਡੇਰੇ ਗਿੱਦੜਬਾਹਾ ਦੇ ਨਾਲ ਲੱਗਦੇ ਪਿੰਡ ਦੌਲਾ ਦੇ ਰਹਿਣ ਵਾਲੇ ਸਨ। ਗਿੱਦੜਬਾਹਾ ’ਚ ਹੋਰ ਵੀ ਬਹੁਤ ਸਾਰੇ ਕਲਾਕਾਰ ਪੈਦਾ ਹੋਏ ਹਨ। ਉਹ ਆਚਾਰੀਆ ਰਜਨੀਸ਼ ਓਸ਼ੋ ਦਾ ਚੇਲਾ ਬਣ ਕੇ ਜੁਲਾਈ 1978 ਤੋਂ ਤਿੰਨ ਸਾਲ ਉਸ ਦੇ ਆਸ਼ਰਮ ਪੂਨੇ ’ਚ ਰਿਹਾ। ਉਸ ਨੇ ਓਸ਼ੋ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਕੇ ਗਿਆਨ ਪ੍ਰਾਪਤ ਕੀਤਾ। ਫਿਰ ਸਾਰੀ ਉਮਰ ਉਸ ਦਾ ਹੀ ਹੋ ਕੇ ਰਹਿ ਗਿਆ। ਉਹ ਓਸ਼ੋ ਦੀ ਤਸਵੀਰ ਵਾਲਾ ਲਾਕੇਟ ਗਲ ’ਚ ਪਾ ਕੇ ਉਸ ਦੀ ਰਹਿਮਤ ਮੰਗਦਾ ਰਿਹਾ।

ਓਸ਼ੋ ਦੀ ਸ਼ਰਨ ’ਚ ਜਾਣਾ

ਹਾਕਮ ਸੂਫ਼ੀ ਆਪਣੀ ਮਰਜ਼ੀ ਦਾ ਕਿਸੇ ਜਗ੍ਹਾ ’ਤੇ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪਰਿਵਾਰ ਉੱਥੇ ਵਿਆਹ ਕਰਨ ਲਈ ਰਾਜ਼ੀ ਨਾ ਹੋਇਆ। ਜਿਸ ਜਗ੍ਹਾ ’ਤੇ ਉਸ ਦਾ ਪਰਿਵਾਰ ਰਿਸ਼ਤਾ ਜੋੜਦਾ ਸੀ, ਉੱਥੇ ਇਹ ਨਹੀਂ ਮੰਨਦਾ ਸੀ। ਇਸ ਖਿੱਚੋਤਾਣ ਵਿਚ ਉਸ ਨੇ ਵਿਆਹ ਕਰਵਾਉਣ ਦਾ ਖ਼ਿਆਲ ਹੀ ਛੱਡ ਦਿੱਤਾ ਤੇ ਆਪਣੇ ਮਨ ਦੀ ਅਵਸਥਾ ਬਦਲਣ ਲਈ ਓਸ਼ੋ ਕੋਲ ਚਲਿਆ ਗਿਆ। ਪਿਤਾ ਦੇ ਚਲਾਣੇ ਤੋਂ ਬਾਅਦ ਪਰਿਵਾਰ ਵਿਚ ਵੱਡਾ ਹੋਣ ਕਰਕੇ ਪਰਿਵਾਰਕ ਜ਼ਿੰਮੇਵਾਰੀ ਉਸ ਉੱਪਰ ਆ ਪਈ।

ਫ਼ਰੀਦ ਮੁਹੰਮਦ ਫ਼ਰੀਦ ਨੂੰ ਧਾਰਿਆ ਉਸਤਾਦ

ਹਾਕਮ ਸੂਫ਼ੀ ਨੂੰ ਗਾਉਣ ਦੀ ਗੁੜਤੀ ਸਕੂਲ ਵਿਚ ਅਧਿਆਪਕ ਦਰਸ਼ਨ ਪਰਵਾਨਾ ਤੇ ਬੂਟਾ ਸਿੰਘ ਤੋਂ ਮਿਲੀ। ਉਸ ਨੂੰ ਗਾਇਕੀ ਦਾ ਸ਼ੌਕ ਹੌਲੀ- ਹੌਲੀ ਵਧਦਾ ਗਿਆ। ਜਨਾਬ ਫ਼ਰੀਦ ਮੁਹੰਮਦ ਫ਼ਰੀਦ ਡੱਬਵਾਲੀ ਰਹਿੰਦੇ ਸਨ, ਜਿਸ ਨੂੰ ਉਸ ਨੇ ਉਸਤਾਦ ਧਾਰ ਲਿਆ। ਉਹ ਉਸ ਨਾਲ ਦਰਗਾਹਾਂ ’ਤੇ ਕੱਵਾਲੀਆਂ ਗਾਇਆ ਕਰਦਾ ਸੀ। ਉਸ ਤੋਂ ਸੰਗੀਤ ਦੀ ਵਿੱਦਿਆ ਲੈ ਕੇ ਉਸ ਨੇ ਗਾਉਣਾ ਸ਼ੁਰੂ ਕੀਤਾ। ਉਸ ਦਾ ਪਰਿਵਾਰਕ ਨਾਂ ਹਾਕਮ ਸਿੰਘ ਸੀ। ਉਸਤਾਦ ਨੇ ਮਗਰ ਸੂਫ਼ੀ ਲਾ ਕੇ ਉਸ ਨੂੰ ਹਾਕਮ ਸੂਫ਼ੀ ਬਣਾ ਦਿੱਤਾ।

1970 ’ਚ ਕੀਤੀ ਗਾਉਣ ਦੀ ਸ਼ੁਰੂਆਤ

ਹਾਕਮ ਸੂਫ਼ੀ ਨੇ 1970 ਵਿਚ ਗਾਉਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਡਫਲੀ ’ਤੇ ਹੱਥ ਦਾ ਪੰਜਾ ਮਾਰ ਕੇ ਡਫਲੀ ਦੀ ਟੁਣਕਾਰ ਸਰੋਤਿਆਂ ਦੇ ਕੰਨੀਂ ਪਾਉਣ ਵਾਲਾ ਉਹੋ ਸੀ। ਸਰੋਤਿਆਂ ਨੂੰ ਦੋਗਾਣਾ ਗਾਇਕੀ ’ਚੋਂ ਸੋਲੋ ਗਾਇਕੀ ਵੱਲ ਮੋੜ ਕੇ ਲਿਆਉਣ ਵਾਲਾ ਵੀ ਉਹੋ ਸੀ। ਡਫਲੀ ਨਾਲ ਸਟੇਜ ’ਤੇ ਨੱਚ ਕੇ ਸਭ ਤੋਂ ਪਹਿਲਾਂ ਐਕਸ਼ਨ ਕਰਨ ਵਾਲਾ ਵੀ ਉਹੋ ਸੀ।ਉਹ ਸਕੂਲ ਵਿਚ ਗੁਰਦਾਸ ਮਾਨ ਤੋਂ ਦੋ ਜਮਾਤਾਂ ਪਿੱਛੇ ਪੜ੍ਹਦਾ ਸੀ। ਇਹ ਦੋਵੇਂ ਸਕੂਲ ਵਿਚ ਗਾ ਲੈਂਦੇ ਸਨ। ਫਿਰ ਵੱਡੇ ਹੋ ਕੇ ਵੀ ਦੋਵੇਂ ਇਕੱਠੇ ਸਟੇਜਾਂ ਕਰਦੇ ਰਹੇ। ਦੋਵਾਂ ਵਿਚ ਪਿਆਰ ਮੁਹੱਬਤ ਬਹੁਤ ਸੀ। ਉਹ ਕਹਿ ਦਿੰਦਾ ਸੀ, ‘ਅਸੀਂ ਭਰਾ ਭਰਾ ਹਾਂ।’ ਉਹ ਪੀਰਾਂ-ਫ਼ਕੀਰਾਂ ਦੀ ਜਗ੍ਹਾ ਤੇ ਜਗਰਾਤਿਆਂ ਵਿਚ ਹਾਜ਼ਰੀ ਭਰ ਦਿੰਦਾ ਸੀ।

ਜ਼ੀ. ਟੀ. ਵੀ. ’ਤੇ ਸੁਰਮਈ ਸ਼ਾਮ ਵਿਚ ਗਾਉਣ ਨਾਲ ਉਸ ਦੀ ਪਛਾਣ ਬਣਨੀ ਸ਼ੁਰੂ ਹੋ ਗਈ। ਫਿਰ ਨਵੇਂ ਸਾਲ ਦੇ ਪ੍ਰੋਗਰਾਮ ਵਿਚ ਦੋ ਗੀਤ ਗਾ ਕੇ ਵਾਹਵਾ ਪ੍ਰਸ਼ੰਸਾ ਖੱਟੀ। ਉਸ ਦਾ ਸਭ ਤੋਂ ਪਹਿਲਾ ਐੱਲਪੀ ਰਿਕਾਰਡ ਤਵਾ 1984 ਨੂੰ ਮਾਰਕੀਟ ਵਿਚ ਆਇਆ। ਇਸ ਤਵੇ ਦੇ ਸਾਰੇ ਗੀਤ ਹੀ ਮਕਬੂਲ ਹੋਏ। ਉਸ ਦਾ ਨਾਂ ਪਹਿਲੇ 10 ਗਾਇਕਾਂ ਦੀ ਕਤਾਰ ’ਚ ਸ਼ਾਮਲ ਹੋ ਗਿਆ ਸੀ। ਇਸ ਤਵੇ ਵਿਚ 9 ਗੀਤ ਸਨ। ਇਸ ਤਵੇ ਦੇ ਕੁਝ ਗੀਤਾਂ ਦੀ ਗੱਲ ਕਰਦੇ ਹਾਂ :

-ਮੇਲਾ ਯਾਰਾਂ ਦਾ ਹੋ ਦਿਲਦਾਰਾਂ ਦਾ

-ਕਿੱਥੇ ਲਾਏੇ ਨੇ ਸੱਜਣਾ ਡੇਰੇ

-ਮੇਰੇ ਚਰਖੇ ਦੀ ਟੁੱਟ ਗਈ ਮਾਲ

ਵੇ ਚੰਨ ਕੱਤਾ ਕੁ ਨਾ

ਉਸ ਦੇ ਕੁਝ ਹੋਰ ਮਕਬੂਲ ਗੀਤਾਂ ’ਚ ਸ਼ੁਮਾਰ ਹਨ :

ਕੋਲ ਬਹਿ ਕੇ ਕੋਲ ਬਹਿ ਕੇ

ਸੁਣ ਸੱਜਣਾ

ਦੁੱਖਾਂ ਵਾਲਿਆਂ ਦੀ ਦਰਦ ਕਹਾਣੀ

- ਕਿਤੋਂ ਬੋਲ ਮਹਿਰਮਾ ਵੇ

ਕੱਲ ਪਰਸੋਂ ਮੇਰੀ ਚੀਜ਼ ਗਵਾਚੀ

ਉਹ ਹੈ ਤੇਰੇ ਕੋਲ ਮਹਿਰਮਾ ਵੇ

-ਚੰਨ ਵਰਗਾ ਇਕ ਯਾਰ ਸੀ ਮੇਰਾ

ਬਚਪਨ ਦਾ ਉਹ ਯਾਰ ਸੀ ਮੇਰਾ

-ਹਾਏ ਹਾਏ ਨੀ ਛੱਲਾ ਬੋਲ ਪਿਆ

-ਘੜਾ ਖੋਰ’ਤਾ ਛੱਲਾਂ ਨੇ ਮੇਰਾ ਸਾਰਾ

ਵੇ ਕੰਢਾ ਤੇਰਾ ਦੂਰ ਦਿਸੇ

ਸੱਤ ਸਾਲ ਕਟਵਾਉਂਦਾ ਰਿਹਾ ਤਨਖ਼ਾਹ

ਹਾਕਮ ਸੂਫ਼ੀ ਵਿਦੇਸ਼ਾਂ ਵਿਚ ਬੈਠੇ ਸਰੋਤਿਆਂ ਦੀ ਮੰਗ ’ਤੇ ਅਮਰੀਕਾ, ਮਲੇਸ਼ੀਆ, ਸਿੰਗਾਪੁਰ, ਦੁਬਈ , ਮਸਕਟ ਆਦਿ ਦੇਸ਼ਾਂ ’ਚ ਵਿਦੇਸ਼ੀ ਟੂਰ ਵੀ ਲਾ ਆਇਆ ਸੀ। ਉਸ ਨੇ ਕਿਹਾ ਸੀ, “ਮੈਂ ਜ਼ਿੰਦਗੀ ਵਿਚ ਬਹੁਤੀ ਕਮਾਈ ਨਹੀਂ ਕੀਤੀ। ਕਈ ਵਾਰ ਮੈਨੂੰ ਪ੍ਰੋਗਰਾਮਾਂ ਦਾ ਜ਼ੋਰ ਹੋਣ ਕਰਕੇ ਸਕੂਲ ’ਚੋਂ ਗ਼ੈਰਹਾਜ਼ਰ ਰਹਿਣਾ ਪੈਂਦਾ ਸੀ। ਮੈਂ ਸੱਤ ਸਾਲ ਸਕੂਲ ਵਿਚ ਪੂਰੀ ਦੀ ਪੂਰੀ ਤਨਖ਼ਾਹ ਕਟਵਾ ਕੇ ਗਾਉਂਦਾ ਰਿਹਾ ਹਾਂ।’’ ਉਸ ਦੀ ਸੋਚ ਸੀ ਕਿ ਸਕੂਲ ਦੇ ਬੱਚਿਆਂ ਤੇ ਸਰਕਾਰ ਨਾਲ ਧੋਖਾ ਨਹੀ ਕਰਨਾ।

ਮਾਸਟਰ ਵਜੋਂ ਨਿਭਾਈਆਂ ਸੇਵਾਵਾਂ

ਹਾਕਮ ਸੂਫ਼ੀ ਨੇ ਸਕੂਲੀ ਵਿੱਦਿਆ ਗਿੱਦੜਬਾਹਾ ਦੇ ਸਕੂਲਾਂ ਤੋਂ ਪ੍ਰਾਪਤ ਕਰ ਕੇ ਬੀ. ਏ. ਭਾਗ ਪਹਿਲਾ ਤਕ ਦੀ ਪੜ੍ਹਾਈ ਗੁਰੂ ਗੋਬਿੰਦ ਸਿੰਘ ਕਾਲਜ ਗਿੱਦੜਬਾਹਾ ਤੋਂ ਪ੍ਰਾਪਤ ਕੀਤੀ। ਫਿਰ ਨਾਭੇ ਤੋਂ ਦੋ ਸਾਲ ਦਾ ਆਰਟ ਐਂਡ ਕਰਾਫਟ ਦਾ ਕੋਰਸ ਕੀਤਾ। ਉਹ ਪੇਂਟਿੰਗ ਦਾ ਬਹੁਤ ਮਾਹਿਰ ਸੀ। 1972 ’ਚ ਸਭ ਤੋਂ ਪਹਿਲਾਂ ਪਿੰਡ ਤਰਖਾਣ ਵਾਲਾ (ਸ੍ਰੀ ਮੁਕਤਸਰ ਸਾਹਿਬ) ਸਕੂਲ ’ਚ ਡਰਾਇੰਗ ਮਾਸਟਰ ਲੱਗ ਗਿਆ। ਫਿਰ 22 ਜਨਵਰੀ 1976 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਆਣਾ (ਬਠਿੰਡਾ) ’ਚ 34 ਸਾਲ ਨੌਕਰੀ ਕਰਨ ਉਪਰੰਤ 31 ਮਾਰਚ 2010 ਨੂੰ ਸੇਵਾਮੁਕਤ ਹੋ ਗਿਆ ਸੀ।

ਖ਼ੁਦ ਦੇ ਲਿਖੇ ਹੋਏ ਗਾਏ ਗੀਤ

ਹਾਕਮ ਸੂਫ਼ੀ ਗੀਤਕਾਰ ਵੀ ਸੀ। ਉਹ ਮਿਆਰੀ ਗੀਤ ਲਿਖਦਾ ਸੀ। ਬਹੁਤ ਸਾਰੇ ਗੀਤ ਉਸ ਦੇ ਆਪਣੇ ਲਿਖ ਕੇ ਗਾਏ ਹੋਏ ਹਨ। ਉਸ ਦੀਆਂ ਲਗਭਗ 12 ਕੈਸਿਟਾਂ ਮਾਰਕੀਟ ਵਿਚ ਆਈਆਂ, ਜਿਨ੍ਹਾਂ ’ਚ ‘ਰੂਹ ਨਾਲ ਤੱਕ ਚੰਨ ਵੇ’, ‘ਝੱਲਿਆ ਦਿਲਾ ਵੇ’,‘ਦਿਲ ਵੱਟੇ ਦਿਲ’, ‘ਕੋਲ ਬਹਿ ਕੇ ਸੁਣ ਸੱਜਣਾ’, ‘ਦਿਲ ਤੜਫੇ’, ‘ਸੁਪਨਾ ਮਾਹੀ ਦਾ’ ਆਦਿ ਸ਼ਾਮਲ ਹਨ।

ਫਿਲਮਾਂ ’ਚ ਵੀ ਕੀਤਾ ਕੰਮ

ਹਾਕਮ ਸੂਫ਼ੀ ਨੇ ਕਈ ਫਿਲਮਾਂ ਵਿਚ ਅਦਾਕਾਰੀ ਕੀਤੀ। ਉਸ ਵੱਲੋਂ ਗਾਇਆ ਮਸ਼ਹੂਰ ਗੀਤ ‘ਪਾਣੀ ਵਿਚ ਮਾਰਾਂ ਡੀਟਾਂ ਕਰਦੀ ਪਈ ਰੋਜ਼ ਉਡੀਕਾਂ ਸੱਜਣ ਮਿਲਵਾ ਦੇ ਪਾਵੀ ਨਾਂ ਦੂਰ ਤਾਰੀਕਾਂ’ ਫਿਲਮ ‘ਯਾਰੀ ਜੱਟ ਦੀ’ ਫਿਲਮ ਵਿਚ ਵਰਿੰਦਰ ਵੱਲੋਂ ਫਿਲਮਾਇਆ ਗਿਆ ਹੈ। ਅੱਜ ਵੀ ਉਸੇ ਤਰ੍ਹਾਂ ਸਰੋਤਿਆਂ ਦੀ ਜ਼ੁਬਾਨ ’ਤੇ ਹੈ। ਉਸ ਨੇ ਲਗਭਗ ਛੇ ਫਿਲਮਾਂ ਵਿਚ ਕੰਮ ਕੀਤਾ ਜਿਵੇਂ ‘ਨਿਖੱਟੂ’, ‘ਪੰਚਾਇਤ’, ‘ਦੀਵਾ ਬਲੇ ਸਾਰੀ ਰਾਤ’ ਆਦਿ।

ਗੁਰਦਾਸ ਮਾਨ ਨਾਲ ਗਾਉਣਾ

ਮਾਰਚ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਕਮ ਸੂਫ਼ੀ ਤੇ ਗੁਰਦਾਸ ਮਾਨ ਨੇ ਪੰਦਰਾਂ ਸਾਲ ਬਾਅਦ ਇਕ ਸਟੇਜ ’ਤੇ ਇਕੱਠੇ ਹੋ ਕੇ ‘ਸੱਜਣਾ ਓ ਸੱਜਣਾ’ ਗੀਤ ਗਾਇਆ ਤਾਂ ਸਰੋਤੇ ਕੀਲੇ ਗਏ। ਦੋਵਾਂ ਦੀਆਂ ਅੱਖਾਂ ਨਮ ਹੋ ਗਈਆਂ। ਦੋਵੇਂ ਇਕ ਦੂਜੇ ਵੱਲ ਵੇਖ ਰਹੇ ਸਨ ਤੇ ਮੱੁਖ ’ਚੋਂ ‘ਓ ਸੱਜਣਾ! ਓ ਸੱਜਣਾ!!’ ਨਿਕਲ ਰਿਹਾ ਸੀ। ਸ਼ਾਇਦ ਇਹ ਸਟੇਜ ’ਤੇ ਆਖ਼ਰੀ ਮਿਲਾਪ ਸੀ।

ਹਮੇਸ਼ਾ ਅਮਰ ਰਹਿਣਗੇ ਗੀਤ

ਹਾਕਮ ਸੂਫ਼ੀ ਨੂੰ ਪੀਪਲਜ਼ ਫੋਰਮ ਬਰਗਾੜੀ ਵੱਲੋਂ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਮਿਲਿਆ। ਬਠਿੰਡਾ ਵਿਖੇ ਨਵੰਬਰ 2011 ’ਚ ਉਸ ਨੂੰ ਲਾਲ ਚੰਦ ਯਮਲਾ ਜੱਟ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ਉਹ ਦਿਲ ਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ। ਇਹ ਬਿਮਾਰੀ ਹੀ ਉਸ ਦੀ ਮੌਤ ਦਾ ਕਾਰਨ ਬਣੀ। 4 ਸਤੰਬਰ 2012 ਨੂੰ ਭੈਣ-ਭਰਾਵਾਂ ਤੇ ਚਾਹੁਣ ਵਾਲੇ ਸਰੋਤਿਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਪਰ ਉਸ ਦੇ ਗਾਏ ਗੀਤਾਂ ਦਾ ਸਰਮਾਇਆ ਸਾਡੇ ਕੋਲ ਹੈ। ਇਹ ਗੀਤ ਉਹ ਹਰ ਥਾਂ ਰੂਹ ਨਾਲ ਗਾਉਂਦਾ ਸੀ :

ਸੱਜਣ ਜੀ ਮੇਰੇ

ਗੀਤਾਂ ਦਾ ਮੱੁਲ ਪਾਇਆ ਨਾ

ਡੂੰਘੀਆਂ ਅੱਖੀਆਂ ਵਾਲਿਆ

ਸੱਜਣਾ ਆਇਆ ਨਾ

ਪੁੱਗ ਜਾਂਦਾ ਇਕਰਾਰ ਜੇ ਤੇਰਾ

ਗੀਤ ਰੰਡੇਪਾ ਕੱਟਦੇ ਨਾ

ਮੇਰੀ ਲਾਸ਼ ਕਬਰੇ ਪਹੁੰਚ ਗਈ

ਮੇਰਾ ਸੱਥਰ ਕਿਸੇ

ਵਿਛਾਇਆ ਨਾ।

ਸੁਖਵਿੰਦਰ ਸਿੰਘ ਮੁੱਲਾਂਪੁਰ 99141- 84794

Posted By: Harjinder Sodhi