ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਤੂੰ ਵਿਦਾ ਹੋਇਓ ਦਿਲ 'ਤੇ ਉਦਾਸੀ ਛਾਅ ਗਈ, ਪੀੜ ਦਿਲ ਵਾਲੀ ਬੂੰਦ ਬਣ ਅੱਖੀਆਂ 'ਚ ਆ ਗਈ...। ਸੈਂਕੜੇ ਗੀਤਾਂ ਦਾ ਲੇਖਕ ਤੇ ਮਕਬੂਲ ਗੀਤਕਾਰ ਗੁਰਜੰਟ ਘਨੌਰ ਸਦਾ ਲਈ ਇਸ ਦੁਨੀਆ ਤੋਂ ਤੁਰ ਗਿਆ ਹੈ। ਇਸ ਦੇ ਯਾਰ ਵੇਲੀ ਸਿਮਰਨ ਬਘਰੌਲ ਤੇ ਗੁਰਜਿੰਦਰ ਕਾਕਾ ਨੇ ਭਰੇ ਮਨ ਨਾਲ ਕਿਹਾ ਕਿ ਗੁਰਜੰਟ ਯਾਰਾਂ ਦਾ ਯਾਰ ਤੇ ਨਰਮ ਸੁਭਾਅ ਵਾਲਾ ਮਿਲਣਸਾਰ ਵਿਅਕਤੀ ਸੀ। ਉਸ ਦਾ ਭਰ ਜਵਾਨੀ 'ਚ ਦੁਨੀਆ ਤੋਂ ਚਲਿਆ ਜਾਣਾ ਅਸਹਿ ਤੇ ਪਰੇਸ਼ਾਨ ਕਰਨ ਵਾਲਾ ਹੈ। ਉਸ ਦੀ ਕਲਮ 'ਚੋਂ ਨਿਕਲੇ ਗੀਤਾਂ ਨੂੰ ਗੁਰਲੇਜ਼ ਅਖ਼ਤਰ, ਸੁਰਜੀਤ ਭੁੱਲਰ, ਧਰਮਪ੍ਰੀਤ, ਸੁਦੇਸ਼ ਕੁਮਾਰੀ, ਵੀਰ ਦਵਿੰਦਰ, ਬਲਕਾਰ ਖੇੜਕੀ, ਗੁੱਡੂ ਗਿੱਲ, ਚਮਕੌਰ ਖਾਨ, ਬਲਵਿੰਦਰ ਰੱਬੀ, ਕੌਰ ਪੂਜਾ ਸਮੇਤ ਹੋਰ ਦਰਜਨਾਂ ਗਾਇਕਾਂ ਨੇ ਆਵਾਜ਼ ਦਿੱਤੀ ਹੈ।
ਧਰਮਪ੍ਰੀਤ ਦੀ ਮੌਤ ਤੋਂ ਬਾਅਦ ਗੁਰਜੰਟ ਬਹੁਤ ਉਦਾਸ ਰਹਿੰਦਾ ਸੀ, ਇਸ ਕਰਕੇ ਉਸ ਦਾ ਗ਼ਮ ਹੀ ਉਸ ਨੂੰ ਲੈ ਬੈਠਿਆ। ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ 'ਚ ਦੋਗਾਣਾ ‘ਚੁੰਨੀ’, ਧਰਮਪ੍ਰੀਤ ਦੀ ਆਵਾਜ਼ 'ਚ 'ਫੁੱਲਾ ਜਹੀ ਸੋਹਲ ਸੋਹਲ ਤੇਰੇ ਪਿੱਛੇ ਰੋਲ ਰੋਲ ਜੁਲਫ ਤੇਰੀ 'ਚ ਉਲਝਾਕੇ ਬਹਿਗੇ ਜਿੰਦਗੀ’’, ਚਮਕੌਰ ਖਾਨ ‘ਗੱਲ ਗੱਲ,’ ਬਲਕਾਰ ਖੇੜਕੀ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ 'ਚ ‘ਚੰਬੇ ਦੀਆਂ ਕਲੀਆਂ’, ਡਿਸਕਵਰ ਗੀਤ ਉਸਦਾ ਕਾਫੀ ਮਕਬੂਲ ਹੋਇਆ ਸੀ। ਵੀਰ ਦਵਿੰਦਰ ਕੁੜੀਆਂ ਦੇ ਦਿਲ ਕੱਚ, ਸ਼ੁਦਾਈਆ ਸੁਦੇਸ਼ ਕੁਮਾਰੀ, ਬਲਵਿੰਦਰ ਬੱਬੀ ਤੇ ਕੌਰ ਪੂਜਾ ਦੀ ਆਵਾਜ਼ 'ਚ ਜਵਾਨੀ ਸਮੇਤ ਕਈਹੋਰ ਕਲਾਕਾਰਾਂ ਨੇ ਵੀ ਉਸ ਦੇ ਗੀਤ ਗਾਏ ਹਨ। ਧਰਮਪ੍ਰੀਤ ਦੀ ਆਵਾਜ਼ 'ਚ ਉਸ ਦਾ ਧਾਰਮਿਕ ਗੀਤ 'ਕੁਝ ਲੀਡਰ ਕੁਝ ਬਾਬੇ' ਵੀ ਰਿਲੀਜ਼ ਹੋਇਆ ਸੀ। ਇਸ ਗੀਤਕਾਰ ਦੀ ਬੇਵਕਤੀ ਮੌਤ ਨਾਲ ਸੱਭਿਆਚਾਰ ਖੇਤਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
Posted By: Seema Anand