ਕੁਲਜੀਤ ਸਿੰਘ ਸਿੱਧੂ, ਮਾਨਸਾ : ਮਾਨਸਾ ਦਾ ਪਿੰਡ ਮੂਸਾ ਜਿੱਥੋਂ ਦਾ ਗਾਇਕ ਸਿੱਧੂ ਮੂਸੇਵਾਲਾ ਪੰਜਾਬੀ ਗਾਇਕੀ ਤੇ ਨੌਜਵਾਨਾਂ ਦੇ ਦਿਲਾਂ ਵਿਚ ਆਪਣੀ ਗੂੜ੍ਹੀ ਥਾਂ ਬਣਾ ਚੁੱਕਾ ਹੈ। ਉਸੇ ਪਿੰਡ ਦਾ ਹੀ ਨੌਜਵਾਨ ਦਲਜੀਤ ਸਿੰਘ (ਜੀਤੂ) ਮੂਸਾ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਹੈ। ਪਿਛਲੇ ਦਿਨੀਂ ਉਸ ਦਾ ਰੀਲੀਜ਼ ਹੋਇਆ ਗੀਤ ਅਸਲੇ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਦਿਤਾ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਲਿਖਿਆ ਇੰਦਰ ਖੋਖਰ ਨੇ ਹੈ ਤੇ ਇਸ ਦਾ ਮਿਊਜਿਕ ਅਭਿਹਜੀਤ ਨੇ ਕੀਤਾ ਹੈ। ਇਸ ਗੀਤ ਦਾ ਵੀਡੀਓ ਫਿਲਮਾਂਕਣ ਆਰ2 ਕਰਿਏਸ਼ਨ ਨੇ ਕੀਤਾ ਹੈ। ਜੀਤੂ ਨੇ ਪੰਜਾਬੀ ਜਾਗਰਣ ਦਫਤਰ ਮਾਨਸਾ ਵਿਖੇ ਆ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਆਪਣਾ ਸਫਰ 2016 ਤੋਂ 'ਸੌਂਕ ਜੱਟ ਦੇ' ਦੇ ਗੀਤ ਨਾਲ ਸ਼ੁਰੂ ਕੀਤਾ। ਉਨਾਂ ਦੱਸਿਆ ਕਿ ਉਸ ਨੇ ਹੰਸ ਰਾਜ ਹੰਸ ਦੇ ਭਾਣਜੇ ਨਵਦੀਪ ਨਵੀ ਤੋਂ 1 ਸਾਲ ਤੱਕ ਤਾਲੀਮ ਲਈ ਤੇ ਰਿਆਜ਼ ਕੀਤਾ। 2016 ਵਿੱਚ 'ਸੌਂਕ ਜੱਟ ਦੇ ', ਨਵੰਬਰ 2017 ਵਿੱਚ 'ਵਿਕੀਪੀਡੀਆ' ਤੇ ਜਨਵਰੀ ਵਿੱਚ 'ਹਾਰਲੇ' ਤੇ ਹੁਣ ਅਸਲੇ ਗੀਤ ਸਮੇਤ ਉਸਦੇ 4 ਗੀਤ ਆ ਚੁੱਕੇ ਹਨ। ਉਨ੍ਹਾਂ ਦੇ ਖਾਨਦਾਨ ਵਿਚ ਉਨ੍ਹਾਂ ਦੇ ਪੜਦਾਦਾ ਕਵੀਸ਼ਰ ਸੀ ਤੇ ਉਨਾਂ ਦੇ ਦਾਦਾ ਸਾਰੰਗੀ ਵਜਾਉਂਦੇ ਸਨ। ਉਨ੍ਹਾਂ ਜਲਦ ਹੀ ਉਹ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਉਣਗੇ। ਇਕ ਆਰਮੀ ਲਈ ਗਾਣਾ 15 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ। ਉਹ ਆਪਣੇ ਆਦਰਸ਼ ਨੁਸਰਤ ਫਤਿਹ ਅਲੀ ਖਾਂ ਨੁੰ ਮੰਨਦੇ ਹਨ। ਉਨਾਂ ਦੱਸਿਆ ਕਿ ਭਾਵੇਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜ਼ਿਆਦਾ ਮਾਰ ਧਾੜ ਵਾਲੇ ਗੀਤ ਪਸੰਦ ਕਰਦੀ ਹੈ ਪਰ ਅਜਿਹੇ ਗੀਤ ਵੀ ਗਾਉਣੇ ਚਾਹੀਦੇ ਹਨ, ਜਿਨ੍ਹਾਂ ਵਿਚ ਕੋਈ ਚੰਗਾ ਸੁਨੇਹਾ ਹੋਵੇ, ਨਾ ਕਿ ਹਥਿਆਰਾਂ ਆਦਿ ਨੂੰ ਪ੍ਰਮੋਟ ਕੀਤਾ ਜਾਵੇ।