ਜਗਜੀਤ ਸਿੰਘ ਬੁੱਟਰ, ਜਲੰਧਰ : 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਬਲੈਕੀਆ' ਦੇ ਫਿਲਮ ਡਾਇਰੈਕਟਰ ਸੁਖਮਿੰਦਰ ਧੰਜਲ, ਪੰਜਾਬੀ ਅਦਾਕਾਰ ਦੇਵ ਖਰੌੜ ਅਤੇ ਅਦਾਕਾਰਾ ਇਹਾਨਾ ਢਿੱਲੋਂ ਸੋਮਵਾਰ ਨੂੰ ਇੱਥੇ 'ਪੰਜਾਬੀ ਜਾਗਰਣ' ਦੇ ਸਥਾਨਕ ਦਫ਼ਤਰ 'ਚ ਫਿਲਮ ਦੀ ਪ੍ਰਮੋਸ਼ਨ ਲਈ ਆਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫਿਲਮ 1970 ਦੇ ਦਹਾਕੇ ਦੀ ਹੈ। ਫਿਲਮ ਵਿੱਚ ਉਸ ਸਮੇਂ ਪਾਕਿਸਤਾਨ ਤੋਂ ਸਮੱਗਲਿੰਗ ਹੁੰਦੇ ਸੋਨਾ ਅਤੇ ਹੋਰ ਪਦਾਰਥਾਂ ਦੀ ਕਹਾਣੀ ਵਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ 'ਚ ਮੈਂ ਗੁਰਨਾਮ 'ਗਾਮਾ' ਦੀ ਭੂਮਿਕਾ 'ਚ ਵਿਖਾਈ ਦੇਵਾਂਗਾ।

ਉਨ੍ਹਾਂ ਕਿਹਾ ਕਿ ਅੱਜ ਦੀਆਂ ਫਿਲਮਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜੋ ਨਾ ਸਿਰਫ਼ ਦਰਸ਼ਕਾਂ ਦਾ ਮਨੋਰਜੰਨ ਕਰਨ, ਸਗੋਂ ਅਸਲ 'ਚ ਸਮਾਜਿਕ ਮੁੱਦਿਆਂ ਨੂੰ ਵੀ ਚੁੱਕਣ, ਜਿਸ ਨਾਲ ਸਮਾਜ 'ਚ ਸਕਾਰਾਤਮਕ ਬਦਲਾਅ ਆਵੇ। ਉਨ੍ਹਾਂ ਕਿਹਾ ਕਿ ਹੁਣ ਤਕ ਜਿੰਨੀਆਂ ਵੀ ਮੈਂ ਫਿਲਮਾਂ ਕੀਤੀਆਂ ਹਨ, ਉਨ੍ਹਾਂ ਤੋਂ ਦਰਸ਼ਕਾਂ ਨੂੰ ਇਕ ਸਿੱਖਿਆ ਮਿਲੀ ਹੈ। ਇਹ ਫਿਲਮ ਵੀ ਲੋਕਾਂ ਨੂੰ ਬੁਰਾਈ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਇਕ ਐਕਸ਼ਨ ਮੂਵੀ ਹੈ, ਜੋ ਦਰਸ਼ਕਾਂ ਨੂੰ ਹਸਾਏਗੀ ਵੀ, ਰਵਾਏਗੀ ਅਤੇ ਫਿਲਮ 'ਚ ਕਈ ਮੈਸੇਜ ਵੀ ਹਨ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਹੁਣ ਤਕ ਜਿੰਨੀਆਂ ਵੀ ਫਿਲਮਾਂ ਆਈਆਂ ਹਨ, ਉਸ ਤੋਂ 'ਬਲੈਕੀਆ' ਫਿਲਮ ਬਿਲਕੁਲ ਵੱਖਰੀ ਹੈ।


ਜੇਕਰ ਚੰਗੀ ਫਿਲਮ ਆਈ ਤਾਂ ਬਾਲੀਵੁੱਡ 'ਚ ਵੀ ਕੰਮ ਕਰਾਂਗਾ

ਰੁਪਿੰਦਰ ਗਾਂਧੀ-1 ਤੇ 2 ਅਤੇ ਡਾਕੂਆਂ ਦਾ ਮੁੰਡਾ ਵਰਗੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਪੰਜਾਬੀ ਫਿਲਮਾਂ ਬਣਾਉਣ ਵਾਲੇ ਦੇਵ ਖਰੌੜ ਨੇ ਕਿਹਾ ਕਿ ਉਹ ਹਮੇਸ਼ਾ ਅਜਿਹੀਆਂ ਫਿਲਮਾਂ ਕਰਦੇ ਹਨ, ਜੋ ਕੁਝ ਵੱਖਰੀਆਂ ਹੋਣ। ਜੋ ਅਸਲ ਮੁੱਦਿਆਂ 'ਤੇ ਬਣਾਈਆਂ ਗਈਆਂ ਹੋਣ। ਐਕਸ਼ਨ ਫਿਲਮਾਂ ਕਰਨਾ ਉਨ੍ਹਾਂ ਨੂੰ ਬੇਹੱਦ ਪਸੰਦ ਹੈ। ਬਾਲੀਵੁੱਡ 'ਚ ਜਾਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਦੇਵ ਖਰੌੜ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਮ ਡਾਇਰੈਕਟਰ ਕੇਸੀ ਬੋਕਾਡੀਆ ਦਾ ਫੋਨ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਬਾਲੀਵੁੱਡ 'ਚ ਕੋਈ ਚੰਗੀ ਫਿਲਮ ਮਿਲੀ ਤਾਂ ਮੈਂ ਜ਼ਰੂਰ ਕੰਮ ਕਰਾਂਗਾ। ਫਿਲਮ ਦੀ ਨਾਇਕਾ ਇਹਾਨਾ ਢਿੱਲੋਂ ਨੇ ਕਿਹਾ ਕਿ ਮੈਨੂੰ ਅਜਿਹੀ ਫਿਲਮ 'ਚ ਕੰਮ ਕਰਨ ਦਾ ਸੁਭਾਗ ਮਿਲਿਆ ਹੈ, ਜੋ ਆਪਣੀ ਪ੍ਰਤਿਭਾ ਨੂੰ ਵਿਖਾਉਣ ਅਤੇ ਪ੍ਰਗਟ ਕਰਨ ਦਾ ਭਰਪੂਰ ਮੌਕਾ ਪ੍ਰਦਾਨ ਕਰਦੀ ਹੈ।ਬਾਲੀਵੁੱਡ ਦੇ ਸਬਜੈਕਟ 'ਤੇ ਫਿਲਮਾਂ ਬਣਾਏ ਪਾਲੀਵੁੱਡ

ਦੇਵ ਖਰੌੜ ਨੇ ਕਿਹਾ ਕਿ ਬਾਲੀਵੁੱਡ 'ਚ ਹਰ ਤਰ੍ਹਾਂ ਦੇ ਸਬਜੈਕਟ ਤੇ ਕੰਟੈਂਟ 'ਤੇ ਫਿਲਮ ਬਣ ਰਹੀ ਹੈ। ਸਾਊਥ ਦੀਆਂ ਫਿਲਮਾਂ ਵੀ ਬੇਹੱਦ ਬਿਹਤਰੀਨ ਹੁੰਦੀਆਂ ਹਨ। ਕਿਉਂਕਿ ਉੱਥੋਂ ਦੀ ਇੰਡਸਟਰੀ ਇਕ-ਦੂਜੇ ਨੂੰ ਸਹਿਯੋਗ ਕਰਦੀ ਹੈ। ਜਦੋਂਕਿ ਪੰਜਾਬੀ ਸਿਨੇਮਾ 'ਚ ਅਜਿਹਾ ਨਹੀਂ ਹੈ। ਪਾਲੀਵੁੱਡ ਨੂੰ ਬਾਲੀਵੁੱਡ ਤੋਂ ਸਿੱਖਿਆ ਲੈ ਕੇ ਨਵੇਂ ਸਬਜੈਕਟ 'ਤੇ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਪਾਲੀਵੁੱਡ ਦਾ ਵੀ ਇਕ ਵੱਖਰਾ ਮੁਕਾਮ ਬਣ ਸਕੇਗਾ।ਰਾਜਨੀਤੀ 'ਚ ਆਉਣ ਦਾ ਇਰਾਦਾ ਨਹੀਂ

ਇਕ ਸਵਾਲ ਦੇ ਜਵਾਬ 'ਚ ਦੇਵ ਖਰੌੜ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਬਾਰੇ 'ਊੜੇ ਤੋਂ ਇੱਲ੍ਹ' ਨਹੀਂ ਪਤਾ। ਮੈਂ ਸਿਆਸਤ 'ਚ ਆਉਣ ਬਾਰੇ ਸੋਚਿਆ ਨਹੀਂ ਹੈ।


ਸਾਡੇ ਲੋਕ ਕੰਟੈਂਟ 'ਤੇ ਕੰਮ ਨਹੀਂ ਕਰਨਾ ਚਾਹੁੰਦੇ : ਡਾਇਰੈਕਟਰ ਸੁਖਮਿੰਦਰ ਧੰਜਲ

ਫਿਲਮ ਦੇ ਡਾਇਰੈਕਟਰ ਸੁਖਮਿੰਦਰ ਧੰਜਲ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਜ਼ਿਲ੍ਹਾ ਫਾਜ਼ਿਲਕਾ ਦੇ ਬਾਰਡਰ ਏਰੀਏ 'ਚ ਪੈਂਦੇ ਪਿੰਡ ਗੁਲਾਬਾ ਭੈਣੀਆਂ, ਫਰੀਦਕੋਟ, ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ 'ਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ 'ਚ ਦੱਸਿਆ ਗਿਆ ਹੈ ਕਿ ਪੈਸੇ ਕਮਾਉਣ ਦੀ ਲਾਲਸਾ 'ਚ ਇਨਸਾਨ ਬੁਰਾਈ ਦਾ ਰਾਹ ਤਾਂ ਚੁਣ ਲੈਂਦਾ ਹੈ ਪਰ ਇਸ ਰਾਹ 'ਤੇ ਚੱਲਣ 'ਤੇ ਜ਼ਿੰਦਗੀ ਨਰਕ ਬਣ ਜਾਂਦੀ ਹੈ, ਜਿਸ ਨਾਲ ਪੂਰਾ ਪਰਿਵਾਰ ਪ੍ਰਭਾਵਿਤ ਹੁੰਦਾ ਹੈ।


ਉਨ੍ਹਾਂ ਕਿਹਾ ਕਿ ਅਸੀਂ ਵੱਖਰੀ ਲੀਹ 'ਤੇ ਚੱਲੇ ਹੋਏ ਹਾਂ ਅਤੇ ਵੱਖਰਾ ਸਿਨੇਮਾ ਲੈ ਕੇ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਕਈ ਅਜਿਹੀਆਂ ਫਿਲਮਾਂ ਬਣ ਰਹੀਆਂ ਹਨ, ਜੋ ਆਡੀਅੰਸ ਨੂੰ ਤੋੜ ਰਹੀਆਂ ਹਨ, ਜੋੜ ਨਹੀਂ ਰਹੀਆਂ। ਪਹਿਲਾਂ ਇਕ ਫਿਲਮ 15 ਲੱਖ 'ਚ ਬਣਦੀ ਸੀ ਅਤੇ ਹੁਣ 15 ਕਰੋੜ 'ਚ ਲੱਗਦੇ ਹਨ। ਸਾਡੇ ਲੋਕ ਕੰਟੈਂਟ 'ਤੇ ਕੰਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ ਇੰਦਰਪ੍ਰੀਤ ਪਟਿਆਲਾ ਨੇ ਲਿਖੀ ਹੈ। ਫਿਲਮ 'ਚ ਗਿੱਲ ਰੌਂਤਾ, ਗੁਰਵਿੰਦਰ ਮਾਨ, ਜੱਗੀ, ਜੈਦੀਪ ਆਦਿ ਗਾਇਕਾਂ ਨੇ ਗੀਤ ਗਾਏ ਹਨ।

Posted By: Jagjit Singh