ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ‘ਗੀਤ ਐੱਮਪੀ ਥ੍ਰੀ’ ਦੇ ਬੈਨਰ ਹੇਠ ਸ਼ੁੱਕਰਵਾਰ ਨੂੰ ਸੰਸਾਰ-ਪੱਧਰ ’ਤੇ ਰੀਲੀਜ਼ ਹੋਈ ਪੰਜਾਬੀ ਫ਼ੀਚਰ ਫ਼ਿਲਮ ‘ਲਵਰ’ ਚੰਗਾ ਨਾਮਣਾ ਖੱਟ ਰਹੀ ਹੈ। ਫ਼ਿਲਮ ਦੇ ਨਿਰਮਾਤਾ ਕੇਵੀ ਢਿੱਲੋਂ ਨੇ ਅਲੱਗ ਪਰ ਸਮੇਂ ਦੀ ਲੋੜ ਵਾਲੇ ਵਿਸ਼ੇ ਨੂੰ ਵੱਡੇ ਸਿਨੇਮਾ ਤਕ ਪਹੁੰਚਾਉਣ ਲਈ ਚੰਗਾ ਯਤਨ ਕੀਤਾ ਹੈ ਜਿਸ ਨੂੰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਦੀ ਅਦਾ ਨੇ ਚਾਰ-ਚੰਨ ਲਗਾਏ ਹਨ। ਸਿਨੇਮਾ ਤੇ ਕਲਾ ਤੇ ਭਾਸ਼ਾ ਦੇ ਪੱਖ ਤੋਂ ਫ਼ੀਚਰ ਫ਼ਿਲਮ ‘ਲਵਰ’ ਦੀ ਕਹਾਣੀ ’ਚ ਰਾਵਾਨਗੀ ਦੇਖਣ ਨੂੰ ਮਿਲਦੀ ਹੈ। ਜਿਵੇਂ ਕਿ ਸਿਰਲੇਖ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ‘ਲਵਰ’ ਪ੍ਰੇਮ-ਕਹਾਣੀ ਹੈ ਅਤੇ ਮੁੱਖ ਪਾਤਰਾਂ ਤੋਂ ਇਲਾਵਾ ਸਾਰੀ ਕਹਾਣੀ ‘ਲਾਲੀ’ ਅਤੇ ‘ਹੀਰ’ ਦੇ ਆਲ਼-ਦੁਆਲ਼ੇ ਘੁੰਮਦੀ ਹੈ। ਹੀਰ ਦਾ ਕਿਰਦਾਰ ਨਿਭਾਅ ਰਹੀ ਰੌਣਕ ਜੋਸ਼ੀ ਦੀ ਇਹ ਪਹਿਲੀ ਫ਼ੀਚਰ ਫ਼ਿਲਮ ਹੈ ਜਿਸ ਤੋਂ ਕਿਤੇ ਵੀ ਇਹ ਨਹੀਂ ਜਾਪਦਾ ਕਿ ਉਹ ਪਹਿਲੀ ਵਾਰ ਕੈਮਰੇ ਦਾ ਸਾਮ੍ਹਣਾ ਕਰ ਰਹੀ ਹੈ।
ਦਰਸ਼ਕਾਂ ਦਾ ਵੀ ਮੰਨਣਾ ਰਵਾਇਤੀ ਕਾਮੇਡੀ ਭਰਪੂਰ ਫਿਲਮਾਂ ਤੋਂ ਹਟਕੇ
ਕਾਫ਼ੀ ਅਰਸੇ ਮਗਰੋਂ ਪੰਜਾਬੀ ਸਿਨੇਮਾ ’ਚ ਮੁਕੰਮਲ ਲਵ-ਸਟੋਰੀ ਆਧਾਰਤ ਫ਼ਿਲਮ ਬਣਾਈ ਗਈ ਹੈ ਜਿਸ ਦੀ ਸਿਨੇਮੇ ਨੂੰ ਕਾਫ਼ੀ ਲੋੜ ਵੀ ਜਾਪਦੀ ਸੀ। ਅਦਾਕਾਰੀ, ਸੰਗੀਤ ਅਤੇ ਸਕਰਿਪਟ ਰਾਈਟਿੰਗ ਤੋਂ ਇਲਾਵਾ ਸੰਵਾਦ-ਕਲਾ,ਕਹਾਣੀ,ਨਿਦਰੇਸ਼ਨ ਪੱਖ ਤੋਂ 100 ਵਿਚੋਂ 95 ਅੰਕ ਦੇਣੇ ਬਣਦੇ ਹਨ। ਦਿਲਸ਼ੇਰ ਅਤੇ ਖੁਸ਼ਪਾਲ ਸਿੰਘ ਵੱਲੋਂ ਨਿਰਦੇਸ਼ਿਤ ਫ਼ਿਲਮ ’ਚ ਬਾਲੀਵੁੱਡ ਦੀਆਂ ਫ਼ਿਲਮਾਂ ਵਰਗੀ ਝਲਕ ਮਿਲਦੀ ਹੈ। ਖ਼ਾਸ ਕਰਕੇ ‘ਲਾਲੀ’ ਦਾ ਕਿਰਦਾਰ ਦਾ ਨਿਭਾਅ ਰਿਹਾ ‘ਗੁਰੀ’ ਜਦੋਂ ਸ਼ਾਇਰੀ ਕਰਦਾ ਹੈ, ਉਸ ਸਮੇਂ ਫ਼ਿਲਮ ’ਚ ਸਾਹਿਤਕ ਪੱਖ ਵੀ ਝਲਕਦਾ ਹੈ ਜਦੋਂ ਕਿ ਡਾਇਲਾਗ ਬੋਲਣ ਸਮੇਂ ਭਾਸ਼ਾਈ ਮਿਆਰ ਦਾ ਵੀ ਚੰਗਾ ਧਿਆਨ ਰੱਖਿਆ ਗਿਆ ਹੈ। ਦੂਜੇ ਪਾਸੇ ਬਾਲੀਵੁੱਡ ਦੇ ਮਸ਼ਹੂਰ ਵਿਲਨ ਕਿਰਦਾਰ ਨਿਭਾਉਣ ਵਾਲੇ ਅਵਤਾਰ ਗਿੱਲ ਤੋਂ ਇਲਾਵਾ ਦਬੰਗ ਅਤੇ ਲਗਾਨ ਵਰਗੀਆਂ ਫ਼ਿਲਮਾਂ ’ਚ ਧਾਕ ਜਮਾ ਚੁੱਕੇ ਯਸ਼ਪਾਲ ਸ਼ਰਮਾ ਵਰਗੇ ਸਟਾਰ ਅਦਾਕਾਰਾਂ ਨਾਲ ਇਸ ਫ਼ਿਲਮ ’ਚ ਵੱਡੇ ਵੱਡੇ ਚਿਹਰਿਆਂ ਦਾ ਖੱਪਾ ਵੀ ਪੂਰਾ ਹੋ ਗਿਆ। ਦੂਜੇ ਪਾਸੇ ਸੰਗੀਤਕ ਪੱਖ ਤੋਂ ਪ੍ਰਸਿੱਧ ਕਲਾਕਾਰ ‘ਆਤਿਫ਼ ਅਸਲਮ’, ‘ਰਾਹਤ ਫ਼ਤਹਿ ਅਲੀ ਖ਼ਾਨ’, ਹਸਮਤ ਸੁਲਤਾਨਾ ਅਤੇ ਜੱਸ ਮਾਣਕ ਦੀ ਚਾਂਦੀ ਦੇ ਰੁਪੱਈਏ ਵਾਂਗੂ ਟਣਕਦੀ ਆਵਾਜ਼ ਸੁਣਨ ਨੂੰ ਮਿਲਦੀ ਹੈ। ਹਾਲਾਂ ਕਿ ਦੋਵੇਂ ਪ੍ਰੇਮੀ ਅਖੀਰ ’ਚ ਮਰ ਗਏ ਦਿਖਾਏ ਗਏ ਹਨ ਪਰ ਦਰਸ਼ਕਾਂ ਨੇ ਇਕ ਪ੍ਰੇਮ ਦੀ ਇਕ ਮੁਕੰਮਲ ਕਹਾਣੀ ਦਾ ਅਨੰਦ ਜ਼ਰੂਰ ਮਾਣਿਆ ਹੈ।
Posted By: Tejinder Thind