ਸਰੀਰੋਂ ਭਲਵਾਨ ਜਾਪਦਾ ਅਜੀਤ ਸਿੰਘ ਨਬੀਪੁਰੀ ਭਲਵਾਨ ਤਾਂ ਨਹੀਂ ਸਗੋਂ ਸੇਵਾ ਮੁਕਤ ਸੈਂਟਰ ਮੁੱਖ ਅਧਿਆਪਕ ਹੈ ਪਰ ਉਸ ਦਾ ਪਿਤਾ ਪਿਆਰਾ ਸਿੰਘ ਜ਼ਰੂਰ ਭਲਵਾਨ ਸੀ। ਉਸ ਦੀ ਇੱਛਾ ਆਪਣੇ ਪੁੱਤ ਨੂੰ ਵੀ ਭਲਵਾਨ ਬਣਾਉਣ ਦੀ ਸੀ ਪਰ ਉਹ ਅਧਿਆਪਕ ਬਣ ਗਿਆ। ਉਹ ਹਰ ਸਾਲ ਆਪਣੇ ਪਿਤਾ ਦੀ ਬਰਸੀ ’ਤੇ ਸਾਹਿਤਕ ਸਮਾਗਮ ਵੀ ਰਚਾਉਂਦਾ ਹੈ ਅਤੇ ਇੱਕ ਲੇਖਕ ਨੂੰ ਪਿਆਰਾ ਸਿੰਘ ਪਹਿਲਵਾਨ ਪੁਰਸਕਾਰ ਵੀ ਦਿੰਦਾ ਹੈ।
ਉਸ ਦਾ ਜਨਮ ਪਹਿਲੀ ਅਕਤੂਬਰ 1960 ਨੂੰ ਪਿਆਰਾ ਸਿੰਘ ਭਲਵਾਨ ਦੇ ਘਰ ਮਾਤਾ ਈਸ਼ਰ ਕੌਰ ਦੀ ਕੁੱਖੋਂ ਪਿੰਡ ਨਬੀਪੁਰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹ ਅਧਿਆਪਨ ਕਾਰਜ ਦੇ ਨਾਲ-ਨਾਲ ਦੇਸੀ ਦਵਾਈਆਂ ਅਤੇ ਜੜੀਆਂ-ਬੂਟੀਆਂ ਦਾ ਵੀ ਗਿਆਨ ਰੱਖਦਾ ਹੈ। ਉਹ ਬੇਸ਼ੱਕ ਮੁੱਖ ਰੂਪ ’ਚ ਗੀਤਕਾਰ ਹੈ ਪਰ ਇਸ ਦੇ ਨਾਲ ਕਲਾਕਾਰੀ ਵੀ ਕਰਦਾ ਹੈ। ਉਹ ਹੁਣ ਤੱਕ 400 ਦੇ ਨੇੜੇ-ਤੇੜੇ ਗੀਤ ਲਿਖ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਕੁਝ ਗੀਤਾਂ ਨੂੰ ਸੁਰਿੰਦਰ ਫ਼ਰਿਸ਼ਤਾ ਉਰਫ਼ ਘੁੱਲੇ ਸ਼ਾਹ, ਹਾਸਰਸ ਕਲਾਕਾਰ ਸੁਦੇਸ਼ ਲਹਿਰੀ, ਕਰਮਜੀਤ ਮੁੰਦਰੀ, ਦਿਲਬਾਗ ਅਜਨਾਲਾ, ਅਰਵਿੰਦਰ ਸਿੰਘ ਪੱਟੀ ਅਤੇ ਅਵਨਿੰਦਰ ਮਿੰਟਾ (ਜਲੰਧਰੀ) ਆਪਣੀ ਆਵਾਜ਼ ਦੇ ਚੁੱਕੇ ਹਨ। ਦੂਰਦਰਸ਼ਨ ’ਤੇ ਦਿਖਾਏ ਗਏ ਹਾਸਰਸ ਨਾਟਕ ‘ਘੁੱਲੇ ਸ਼ਾਹ ਦੇ ਕਾਰਨਾਮੇ’ ’ਚ ਟਾਈਟਲ ਗੀਤ ਵੀ ਉਸ ਨੇ ਹੀ ਲਿਖਿਆ ਹੈ।
ਉਸ ਦਾ ਕਹਿਣਾ ਹੈ ਕਿ ਉਹ ਅਜਿਹੇ ਗੀਤ ਲਿਖਦਾ ਹੈ, ਜੋ ਪਰਿਵਾਰ ’ਚ ਬੈਠਕੇ ਸੁਣੇ ਜਾ ਸਕਣ। ਉਹ ਦੋ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾ ਚੁੱਕਿਆ ਹੈ, ਜਿਨ੍ਹਾਂ ’ਚ ‘ਬੀਬੇ ਬੱਚੇ’ (ਬਾਲਾਂ ਲਈ) ਅਤੇ ‘ਰੁੱਖ ਮਨੁੱਖ ਅਤੇ ਕੁੱਖ’ ਸ਼ਾਮਲ ਹਨ। ਇਸ ਤੋਂ ਇਲਾਵਾ ਕਿੱਸਾਨੁਮਾ ਧਾਰਮਿਕ ਗੀਤਾਂ ਦੇ ਦੋ ਕਿਤਾਬਚੇ ‘ਨਾਨਕੀ ਦਾ ਵੀਰ’ ਅਤੇ ‘ਤੇਰੀ ਧੰਨ ਕੁਰਬਾਨੀ’ ਵੀ ਉਹ ਲਿਖ ਚੁੱਕਿਆ ਹੈ। ਉਹ ਆਪਣਾ ਗੀਤ ‘ਸਾਡੀ ਵਾਰੀ ਐਂ ਪਤੀਲਾ ਖੜਕੇ’ ਹਰ ਕਵੀ ਦਰਬਾਰ ’ਚ ਪੇਸ਼ ਕਰ ਕੇ ਕਵੀ ਦਰਬਾਰਾਂ ਦੀ ਸ਼ੋਭਾ ਵਧਾਉਂਦਾ ਹੈ।
ਉਸ ਨੇ ‘ਦਿਓ ਪੁੱਤਰਾਂ ਦੀ ਦਾਤ’, ‘ਸੈਕੰਡ ਹੈਂਡ ਕੁੜੀ’, ‘ਦਬਦਬਾ’ ਅਤੇ ‘ਰੂਪਾਂ’ ਟੈਲੀ ਫਿਲਮਾਂ ’ਚ ਵੀ ਕੰਮ ਕੀਤਾ ਹੈ ਅਤੇ ਆਉਣ ਵਾਲੀ ਫਿਲਮ ‘ਵੈਲੀ ਆਫ ਸ਼ੈਡੋ’ ’ਚ ਵੀ ਕਿਰਦਾਰ ਨਿਭਾਇਆ ਹੈ। ਸਾਹਿਤ ਜਗਤ ਉਸ ਤੋਂ ਅਜੇ ਹੋਰ ਵੀ ਵਧੇਰੇ ਆਸਾਂ ਰੱਖਦਾ ਹੈ।
Posted By: Sandip Kaur