ਮਨਜਿੰਦਰ ਸਿੰਘ ਸਰੌਦ - ਬੀਤੇ ਦਿਨੀਂ ਇਕ ਮਿਆਰੀ ਗੀਤ ਗਾਉਣ ਵਾਲੇ ਗਾਇਕ ਨਾਲ ਲੰਬਾ ਸਮਾਂ ਗੱਲਬਾਤ ਹੋਈ। ਇਸ ਫ਼ਨਕਾਰ ਨੇ ਗੀਤਾਂ ਜ਼ਰੀਏ ਹਮੇਸ਼ਾ ਸੱਚੀਆਂ ਗੱਲਾਂ ਨੂੰ ਲੋਕਾਂ ਦੀ ਕਚਹਿਰੀ ਤਕ ਪੁੱਜਦਾ ਕਰਨ ਦਾ ਯਤਨ ਕੀਤਾ ਹੈ। ਗੱਲਾਂ-ਗੱਲਾਂ 'ਚ ਉਸ ਨੇ ਆਪਣੇ ਸੰਘਰਸ਼ ਭਰੇ ਦਿਨਾਂ ਬਾਰੇ ਬਿਆਨ ਕਰਦਿਆਂ ਕਾਫ਼ੀ ਮਨ ਹੌਲਾ ਕੀਤਾ। ਭਾਵੁਕ ਹੁੰਦਿਆਂ ਉਸ ਨੇ ਕਈ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਦੇ ਗੁੱਝੇ ਰਾਜ਼ ਉਘੇੜੇ ਕਿ ਕਿਵੇਂ ਇਹ ਲੋਕ ਨੌਜਵਾਨਾਂ ਦਾ ਸ਼ੋਸ਼ਣ ਕਰਦੇ ਹਨ। ਇਹ ਗੁੱਝੇ ਰਾਜ਼ ਅਜੋਕੀ ਪੰਜਾਬੀ ਗਾਇਕੀ ਬਾਰੇ ਬਹੁਤ ਕੁਝ ਬਿਆਨ ਕਰਦੇ ਹਨ। ਪੰਜਾਬੀਆਂ ਲਈ ਲੱਚਰ ਗਾਇਕੀ ਅੱਜ ਬੇਹੱਦ ਜਟਿਲ ਸਮੱਸਿਆ ਬਣੀ ਹੋਈ ਹੈ। ਇਸ ਦੇ ਜਨਮ ਤੋਂ ਲੈ ਕੇ ਹੁਣ ਤਕ ਕੀ ਕੁਝ ਇਸ ਵਰਤਾਰੇ ਦੌਰਾਨ ਹੋਇਆ, ਇਸ ਨੂੰ ਰੂਹ ਨਾਲ ਉਸ ਵੀਰ ਨੇ ਸਾਂਝਾ ਕੀਤਾ।

ਸਰੋਤਿਆਂ ਦੀ ਕਾਰਗੁਜ਼ਾਰੀ

ਬਿਨਾਂ ਸ਼ੱਕ, ਲੱਚਰ ਗਾਇਕੀ ਦਾ ਭੂਤ ਸਾਡੇ ਘਰਾਂ, ਵਿਆਹ-ਸ਼ਾਦੀਆਂ, ਮੈਰਿਜ ਪੈਲੇਸਾਂ, ਪ੍ਰਾਈਵੇਟ ਬੱਸਾਂ ਤੋਂ ਹੁੰਦਾ ਹੋਇਆ ਸਮਾਜ ਦੀ ਸੋਚਣ ਸ਼ਕਤੀ 'ਤੇ ਇਸ ਕਦਰ ਭਾਰੂ ਹੋ ਗਿਆ ਹੈ ਕਿ ਅਸੀਂ ਇਸ ਨੂੰ ਬਰਦਾਸ਼ਤ ਕਰਨ ਦੇ ਆਦੀ ਹੋ ਗਏ ਹਾਂ। ਜਦੋਂ ਸਾਡੇ ਸਾਹਮਣੇ ਬੇਹਯਾਈ ਭਰੇ ਇਹ ਗੀਤ ਸਾਡੇ ਕੰਨਾਂ ਵਿਚ ਪੈਂਦੇ ਹਨ ਤਾਂ ਅਸੀਂ ਉਸ ਸਮੇਂ ਚੁੱਪ ਰਹਿ ਕੇ ਆਪਣੇ ਬੇਗ਼ੈਰਤ ਹੋਣ ਦਾ ਸਬੂਤ ਦਿੰਦੇ ਹਾਂ। ਘੱਟੋ ਘੱਟ ਅਸੀਂ ਅਜਿਹੇ ਗੀਤ ਗਾਉਣ ਵਾਲਿਆਂ ਨੂੰ ਇਸ ਬਾਰੇ ਕੁਝ ਸਵਾਲ ਤਾਂ ਕਰ ਹੀ ਸਕਦੇ ਹਾਂ, ਪਰ ਅਸੀਂ ਅਜਿਹਾ ਨਹੀਂ ਕਰ ਰਹੇ। ਹੁਣ ਇਹ ਘਟਨਾਵਾਂ ਆਮ ਗੱਲ ਹੋ ਗਈ ਹੈ। ਉਸ ਕਲਾਕਾਰ ਦੀਆਂ ਕਹੀਆਂ ਗੱਲਾਂ ਕਾਫ਼ੀ ਵਜ਼ਨਦਾਰ ਤੇ ਸੱਚੀਆਂ ਨੇ। ਕਾਰਨ ਸਪਸ਼ਟ ਹੈ ਕਿ ਸਾਡੀ ਮਾਨਸਿਕਤਾ ਮਾੜੇ ਗੀਤ ਸੰਗੀਤ ਨੂੰ ਪ੍ਰਵਾਨ ਕਰ ਚੁੱਕੀ ਹੈ। ਅਸੀਂ ਲੱਚਰ ਗੀਤ ਗਾਉਣ ਵਾਲੇ ਗਾਇਕਾਂ 'ਤੇ ਲੱਖਾਂ ਰੁਪਏ ਲੁਟਾ ਦਿੰਦੇ ਹਾਂ ਪਰ ਚੰਗਿਆਂ ਨੂੰ ਆਪਣੇ ਘਰ ਦੀ ਦਹਿਲੀਜ਼ ਨਹੀਂ ਟੱਪਣ ਦਿੰਦੇ। ਸਾਡੇ ਘਰਾਂ ਅੰਦਰ ਫੁਕਰੇ ਕਲਾਕਾਰਾਂ ਦੀਆਂ ਤਸਵੀਰਾਂ ਤਾਂ ਮਿਲ ਜਾਂਦੀਆਂ ਨੇ ਪਰ ਮਾਂ-ਬੋਲੀ ਦੀ ਕਦਰ ਕਰਨ ਵਾਲੇ ਗਵੱਈਆਂ ਤੋਂ ਅਸੀਂ ਦੂਰੀ ਬਣਾਈ ਹੋਈ ਹੈ।

ਗਾਲ੍ਹਾਂ ਤਕ ਪੁੱਜੀ

ਪੰਜਾਬੀ ਗਾਇਕੀ

ਲੱਚਰ ਗੀਤ ਗਾਉਣ ਵਾਲੇ ਗਾਇਕ ਜਿੰਨੇ ਮਰਜ਼ੀ ਮਾੜੇ ਗੀਤ ਸਾਡੇ ਪਰਿਵਾਰਾਂ ਸਾਹਮਣੇ ਸਟੇਜਾਂ ਤੋਂ ਗਾ ਜਾਣ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ, ਉਂਜ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਇੱਜ਼ਤ ਦਾ ਢੰਡੋਰਾ ਪਿੱਟ ਕੇ ਆਪਣੇ ਅਣਖੀ ਹੋਣ ਦਾ ਭਰਮ ਪਾਲਦੇ ਰਹਿੰਦੇ ਹਾਂ। ਉਸ ਸਮੇਂ ਸਾਡੀ ਅਣਖ ਕਿੱਥੇ ਚਲੀ ਜਾਂਦੀ ਹੈ, ਜਦ ਇਕ ਫੁਕਰਪੰਥੀ ਕਲਾਕਾਰ ਸ਼ਰੇਆਮ ਕਿਸੇ ਕੁੜੀ ਨੂੰ ਘਰੋਂ ਚੁੱਕ ਲਿਜਾਣ ਤੇ ਧੱਕੇ ਨਾਲ ਵਿਆਹ ਕਰਵਾਉਣ ਦੀਆਂ ਸਟੇਜਾਂ ਤੋਂ ਧਮਕੀਆਂ ਦਿੰਦਾ ਹੈ। ਅਗਲਾ ਕਲਾਕਾਰ ਅਸਲੇ ਦੇ ਜ਼ੋਰ 'ਤੇ ਜੰਗ ਲੜ ਚਿੱਟੇ ਦਿਨ ਪਿੰਡ ਵਾਲਿਆਂ ਨੂੰ ਸਭ ਦੇ ਸਾਹਮਣੇ ਮੁੰਡੀਰ ਜਾਂ ਡਰਪੋਕ ਤਕ ਆਖ ਜਾਂਦਾ ਹੈ। ਕੀ ਹੋ ਗਿਆ ਹੈ ਸਾਡੀ ਸੋਚ ਨੂੰ? ਪੰਜਾਬੀ ਕਿੱਧਰ ਨੂੰ ਤੁਰ ਪਏ ਹਨ? ਇਹ ਲੋਕ ਸੰਘ ਪਾੜ-ਪਾੜ ਕੇ ਸਾਡੀਆਂ ਧੀਆਂ ਨੂੰ ਸ਼ਰਾਬ ਦੀਆਂ ਪਿਆਕੜ ਤਕ ਕਹਿ ਜਾਂਦੇ ਹਨ ਪਰ ਸਾਡੀ ਚੁੱਪ ਫਿਰ ਵੀ ਨਹੀਂ ਟੁੱਟਦੀ।

ਮੈਂ ਕਈ ਵਰ੍ਹੇ ਪਹਿਲਾਂ ਆਖਿਆ ਸੀ ਕਿ ਇਨ੍ਹਾਂ ਫੁਕਰੇ ਕਲਾਕਾਰਾਂ ਨੇ ਸਾਡੇ ਪਹਿਰਾਵੇ ਨੂੰ ਖ਼ਤਮ ਕਰ ਦੇਣਾ ਹੈ। ਹੁਣ ਇਹ ਸਭ ਪੰਜਾਬੀ ਗੀਤਾਂ ਦੇ ਫਿਲਮਾਂਕਣ ਵਿਚ ਵੇਖਣ ਨੂੰ ਮਿਲ ਰਿਹਾ ਹੈ। ਫਿਰ ਮੈਂ ਆਖਿਆ ਸੀ ਕਿ ਇਹ ਲੋਕ ਆਉਣ ਵਾਲੇ ਸਮੇਂ ਗੀਤਾਂ ਵਿਚ ਗਾਲ੍ਹਾਂ ਵੀ ਕੱਢਣਗੇ। ਪਿਛਲੇ ਕੁਝ ਦਿਨਾਂ ਤੋਂ ਆ ਰਹੇ ਗੀਤਾਂ ਨੂੰ ਸੁਣ ਇਹ ਗੱਲ ਵੀ ਸੱਚ ਹੋ ਗਈ ਜਾਪਦੀ ਹੈ। ਉਸ ਸਮੇਂ ਲੋਕ ਕਹਿੰਦੇ ਸਨ ਕਿ ਇਹ ਕਿੰਝ ਹੋ ਸਕਦਾ ਹੈ? ਪਰ ਅਜਿਹਾ ਹੋ ਰਿਹਾ ਹੈ।

ਸਰਕਾਰ ਜਲਦੀ ਕੱਢੇ ਹੱਲ

ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਬੱਚੇ ਅਜਿਹੇ ਗੀਤਾਂ ਤੋਂ ਕੀ ਸਿੱਖਣਗੇ? ਗੀਤਾਂ ਦੀ ਸ਼ਬਦਾਵਲੀ ਸੁਣ ਕੇ ਸ਼ਰਮ ਆਉਂਦੀ ਹੈ ਪਰ ਗਾਉਣ ਵਾਲੇ ਸਾਰੀਆਂ ਸ਼ਰਮਾਂ ਲਾਹ ਕੇ ਗਾਈ ਜਾ ਰਹੇ ਹਨ। ਜੰਮਦਿਆਂ ਜੁਆਕਾਂ ਦੇ ਮੂੰਹੋਂ ਅਜਿਹੇ ਮਾੜੇ ਗੀਤ ਸੁਣਨ ਨੂੰ ਮਿਲ ਰਹੇ ਹਨ ਕਿ ਸੂਝਵਾਨ ਸੱਜਣ ਸੋਚੀ ਪੈ ਜਾਂਦੇ ਹਨ। ਇਹ ਗਾਇਕ ਜਿਹੋ ਜਿਹੇ ਗੀਤ ਗਾ ਰਹੇ ਹਨ ਉਸ ਹਿਸਾਬ ਨਾਲ ਤਾਂ ਇਕ ਦਿਨ ਸੱਚ ਮੁੱਚ ਪੂਰਾ ਪੰਜਾਬ 'ਗੈਂਗਲੈਂਡ' ਬਣ ਜਾਣਾ ਹੈ। ਆਲੇ ਦੁਆਲੇ ਪੱਸਰੀ ਚੁੱਪ ਤੋਂ ਇਹ ਜਾਪਦਾ ਹੈ ਕਿ ਸਰਕਾਰ, ਆਮ ਲੋਕ, ਸਾਹਿਤਕ ਜਥੇਬੰਦੀਆਂ ਅਜੇ ਹੋਰ ਵੱਡੇ ਪੁਆੜੇ ਦੀ ਉਡੀਕ 'ਚ ਵਕਤ ਲੰਘਾ ਰਹੀਆਂ ਹਨ। ਬੀਤੇ ਸਮੇਂ ਤੋਂ ਕੋਈ ਵੀ ਸਬਕ ਸਿੱਖਣ ਲਈ ਤਿਆਰ ਨਹੀਂ। ਹੁਣ ਦੋ ਫ਼ਨਕਾਰਾਂ 'ਤੇ ਫਿਰ ਸਮਾਂ ਭਾਰੀ ਪਿਆ, ਫਿਲਮ ਅਦਾਕਾਰ ਸਤੀਸ਼ ਕੌਲ ਤੇ ਗੀਤਕਾਰ ਮਿਰਜ਼ਾ ਸੰਗੋਵਾਲੀਆ ਜ਼ਿੰਦਗੀ ਦੇ ਉਨ੍ਹਾਂ ਪਲਾਂ ਨੂੰ ਯਾਦ ਕਰ ਕੇ ਹੁਬਕੀਂ ਰੋਂਦੇ ਨੇ ਜਦੋਂ ਲੋਕ ਉਨ੍ਹਾਂ ਦੇ ਮੁਰੀਦ ਸਨ ਪਰ ਸਮੇਂ ਦੀ ਪਲਟੀ ਨਾਲ ਅੱਜ ਉਨ੍ਹਾਂ ਦੀ ਜ਼ਿੰਦਗੀ ਕੀ ਤੋਂ ਕੀ ਹੋ ਗਈ ਹੈ। ਦੋਵੇਂ ਕਲਾਕਾਰ ਗੁੰਮਨਾਮੀ ਦੇ ਹਨੇਰੇ 'ਚ ਦਿਨਕਟੀ ਕਰਨ ਲੱਗੇ ਕਿ ਹੁਣ ਬਾਹਰ ਨਿਕਲਣਾ ਨਾਮੁਮਕਿਨ ਜਾਪ ਰਿਹਾ ਹੈ। ਲੋੜ ਹੈ ਕਿ ਇਥੇ ਵੀ ਸਮਾਜਕ ਸਰੋਕਾਰਾਂ ਨੂੰ ਪਰਨਾਏ ਲੋਕ ਅੱਗੇ ਆ ਕੇ ਅਪਣੇ-ਅਪਣੇ ਖੇਤਰ ਦੇ ਇਨ੍ਹਾਂ ਮਹਾਨ ਕਲਾਕਾਰਾਂ ਦੀ ਸਾਰ ਲੈਣ।

ਗਾਇਕਾਂ ਤੋਂ ਮੰਗਿਆ ਜਾਵੇ ਜਵਾਬ

ਪਹਿਲਾਂ ਤਾਂ ਗਾਇਕਾਂ ਨੇ ਗੀਤਾਂ ਵਿਚ ਸਿਰਫ਼ ਯੱਭਲੀਆਂ ਮਾਰ ਕੇ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਇਆ। ਫਿਰ ਸਮਾਜਿਕ ਭਾਈਚਾਰੇ ਤੇ ਅਪਰਾਧਾਂ ਨੂੰ ਜਨਮ ਦੇਣ ਵਾਲੇ ਹਥਿਆਰਾਂ, ਨਸ਼ੇ ਤੇ ਲੜਾਈਆਂ ਵਾਲੇ ਗੀਤ ਗਾਏ। ਹੁਣ ਤਾਂ ਇਨ੍ਹਾਂ ਗਾਇਕਾਂ ਨੇ ਹੱਦ ਹੀ ਮੁਕਾ ਦਿੱਤੀ ਹੈ। ਇਹ ਤਾਂ ਗੀਤਾਂ ਵਿਚ ਸਿੱਧੇ ਗਾਲ੍ਹਾਂ ਤਕ ਆ ਪੁੱਜੇ ਹਨ। ਰੱਬ ਹੀ ਜਾਣਦਾ ਹੈ ਕਿ ਇਹ ਹੋਰ ਕਿੰਨਾ ਕੁ ਅੱਗੇ ਜਾਣਗੇ! ਇਨ੍ਹਾਂ ਸਾਡੀ ਜਵਾਨੀ ਨਾਲ ਉਹ ਸਭ ਕੁਝ ਕਰ ਵਿਖਾਇਆ ਜੋ ਸਾਡੇ ਸਮਾਜ ਨੂੰ ਪ੍ਰਵਾਨ ਨਹੀਂ ਸੀ। ਅਫ਼ਸੋਸ ਕਿ ਅਸੀਂ ਉਹ ਵੀ ਸਹਿ ਲਿਆ। ਪਤਾ ਨਹੀਂ ਕਿੰਨਾ ਕੁ ਸਮਾਂ ਇਹ ਲੋਕ ਇਸੇ ਤਰ੍ਹਾਂ ਦੇ ਗੀਤ ਗਾਉਣੇ ਜ਼ਾਰੀ ਰੱਖਣਗੇ? ਅੱਜ ਲੋੜ ਹੈ ਇਨ੍ਹਾਂ ਨੂੰ ਸਵਾਲ ਕਰਨ ਦੀ। ਸਟੇਜਾਂ ਤੋਂ ਖੜ੍ਹ ਕੇ ਬੇਹਯਾਈ ਵਾਲੀਆਂ ਗੱਲਾਂ ਕਰਦੇ ਇਹ ਫ਼ਨਕਾਰ ਓਨਾਂ ਚਿਰ ਨਹੀਂ ਰੁਕਣੇ ਜਿੰਨਾ ਚਿਰ ਇਨ੍ਹਾਂ ਨੂੰ ਸਖ਼ਤੀ ਨਾਲ ਨਹੀਂ ਵਰਜਿਆ ਜਾਂਦਾ ਅਤੇ ਮਾੜੇ ਗੀਤ ਗਾਉਣ 'ਤੇ ਇਨ੍ਹਾਂ ਨੂੰ ਸਟੇਜ ਤੋਂ ਉਤਾਰ ਕੇ ਸਵਾਲ-ਜਵਾਬ ਨਹੀਂ ਕੀਤੇ ਜਾਂਦੇ।

ਅਖ਼ੀਰ 'ਚ ਤੱਤ-ਸਾਰ ਇਹੀ ਨਿਕਲਦਾ ਹੈ ਕਿ ਪੰਜਾਬੀ ਗਾਇਕੀ ਦਾ ਵੱਡਾ ਹਿੱਸਾ, ਜੋ ਕਿਸੇ ਵੇਲੇ ਪੰਜਾਬੀ ਵਿਰਸੇ ਦੇ ਸੂਹੇ ਸਾਲੂ 'ਚ ਲਪੇਟੇ ਹੋਣ ਦੀਆਂ ਡੀਂਗਾਂ ਮਾਰਦਾ ਸੀ, ਅੱਜ ਪੈਸੇ ਅਤੇ ਸ਼ੋਹਰਤ ਨੂੰ ਲੈ ਕੇ ਗੀਤਾਂ ਵਿਚ ਗਾਲ੍ਹਾਂ ਕੱਢਣ ਤਕ ਉਤਰ ਆਇਆ ਹੈ। ਸ਼ਾਇਦ ਇਸ ਸਮੇਂ ਨੂੰ ਪੰਜਾਬੀ ਗਾਇਕੀ ਦੇ ਇਤਿਹਾਸ ਵਿਚ ਸਭ ਤੋਂ ਮੰਦਭਾਗਾ ਦੌਰ ਗਿਣਿਆ ਜਾਵੇਗਾ।

Posted By: Harjinder Sodhi