ਪੰਜਾਬ ਦੀ ਧਰਤੀ 'ਤੇ ਜਨਮੇਂ ਅਨੇਕਾਂ ਕਲਾਕਾਰਾਂ ਨੇ ਨਾ ਕੇਵਲ ਪਾਲੀਵੁੱਡ ਬਲਕਿ ਬਾਲੀਵੁੱਡ ਤੇ ਹਾਲੀਵੁੱਡ 'ਚ ਵੀ ਆਪਣੀ ਕਲਾ ਦੇ ਦਮ 'ਤੇ ਵੱਖਰੀ ਪਛਾਣ ਕਾਇਮ ਕੀਤੀ ਹੈ। ਜਿਵੇਂ ਇਕ ਦਮਦਾਰ ਫਿਲਮ ਬਣਾਉਣ ਲਈ ਚੰਗੀ ਸਕ੍ਰਿਪਟ, ਚੰਗੇ ਅਦਾਕਾਰ, ਚੰਗੇ ਡਾਇਰੈਟਰ ਤੇ ਚੰਗੀ ਤਕਨੀਸ਼ੀਅਨ ਟੀਮ ਦਾ ਹੋਣਾ ਜ਼ਰੂਰੀ ਹੁੰਦਾ ਹੈ ਉਵੇਂ ਹੀ ਦਰਸ਼ਕਾਂ ਦੇ ਚਿਹਰਿਆਂ 'ਤੇ ਕੁਝ ਪਲ ਦੀ ਮੁਸਕਰਾਹਟ ਲਿਆਉਣ ਲਈ ਇਕ ਚੰਗੇ ਕਾਮੇਡੀਅਨ ਦਾ ਹੋਣਾ ਵੀ ਫਿਲਮ 'ਚ ਜ਼ਰੂਰੀ ਹੁੰਦਾ ਹੈ। 20ਵੀਂ ਸਦੀ 'ਚ ਪੰਜਾਬੀ ਸਿਨੇਮਾ ਨੂੰ ਮੁੜ ਪੈਰਾਂ 'ਤੇ ਲੈ ਕੇ ਆਉਣ 'ਚ ਸਾਡੇ ਕੁਝ ਹਾਸਰਸ ਕਲਾਕਾਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਵੈਸੇ ਤਾਂ ਪੰਜਾਬੀ ਸਿਨੇਮਾ ਦੀ ਸ਼ੁਰੂਆਤ ਤੋਂ ਹੀ ਕਾਮੇਡੀ ਕਲਾਕਾਰ ਇਸ ਦੀ ਸ਼ਾਨ ਰਹੇ ਹਨ ਪਰ ਮੌਜੂਦਾ ਦੌਰ 'ਚ ਜ਼ਿਆਦਾਤਰ ਕਾਮੇਡੀ ਫਿਲਮਾਂ ਨੇ ਚੰਗੀ ਕਾਮਯਾਬੀ ਹਾਸਲ ਕੀਤੀ ਹੈ। ਗਾਇਕ ਤੋਂ ਅਦਾਕਾਰ ਬਣੇ ਹਰਭਜਨ ਮਾਨ ਦੀ ਫਿਲਮ 'ਜੀ ਆਇਆਂ ਨੂੰ' ਤੋਂ ਪੰਜਾਬੀ ਸਿਨੇਮਾ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਹੋਈ। ਇਸ ਫਿਲਮ ਦੇ ਸਫਲ ਹੋਣ ਤੋਂ ਬਾਅਦ ਪੰਜਾਬੀ ਸਿਨੇਮਾ ਦਿਨੋਂ-ਦਿਨ ਨਵੀਆਂ ਬੁਲੰਦੀਆਂ ਨੂੰ ਸਰ ਕਰਦਾ ਗਿਆ। ਪਾਲੀਵੁੱਡ ਦੀ ਇਸ ਤਰੱਕੀ 'ਚ ਕੁਝ ਮੌਜੂਦਾ ਦੌਰ ਦੇ ਕਾਮੇਡੀ ਕਲਾਕਾਰਾਂ ਦਾ ਵਿਸ਼ੇਸ਼ ਯੋਗਦਾਨ ਹੈ। ਅੱਜ ਅਸੀਂ ਤੁਹਾਡੇ ਨਾਲ ਅਜਿਹੇ ਹੀ 9 ਕਾਮੇਡੀਅਨ ਬਾਰੇ ਚਰਚਾ ਕਰਾਂਗੇ ਜਿਨ੍ਹਾਂ ਨੇ 20ਵੀਂ ਸਦੀ ਦੇ ਪੰਜਾਬੀ ਸਿਨੇਮਾ ਨੂੰ ਨਵੀਂ ਨੁਹਾਰ ਦੇਣ 'ਚ ਆਪਣੀ ਕਲਾ ਨਾਲ ਵਿਸ਼ੇਸ਼ ਯੋਗਦਾਨ ਪਾਇਆ ਹੈ। ਜ਼ਿਕਰਯੋਗ ਹੈ ਕਿ ਇਹ ਕਾਮੇਡੀਅਨ ਰੰਗਮੰਚ ਦੇ ਵੀ ਦਮਦਾਰ ਅਦਾਕਾਰ ਹਨ ਤੇ ਇਨ੍ਹਾਂ ਨੇ ਕੁਝ ਫਿਲਮਾਂ 'ਚ ਸੰਜੀਦਾ ਕਿਰਦਾਰ ਵੀ ਬਹੁਤ ਸ਼ਾਨਦਾਰ ਢੰਗ ਨਾਲ ਨਿਭਾਏ ਹਨ।


ਗੁਰਪ੍ਰੀਤ ਘੁੱਗੀ

ਪੰਜਾਬੀ ਸਿਨੇਮਾ ਵਿਚ ਗੁਰਪ੍ਰੀਤ ਘੁੱਗੀ ਇਕ ਕਾਮੇਡੀਅਨ ਹੀ ਨਹੀਂ ਬਲਕਿ ਬਤੌਰ ਨਾਇਕ ਸੰਜੀਦਾ ਕਿਰਦਾਰਾਂ ਨਾਲ ਖੇਡਣ ਵਾਲਾ ਸਫਲ ਕਲਾਕਾਰ ਵੀ ਹੈ। ਅਜੋਕੇ ਦੌਰ ਦੀਆਂ ਫਿਲਮਾਂ ਵਿਚ ਇਕ ਅਲੱਗ ਪਛਾਣ ਰੱਖਣ ਵਾਲੇ ਇਸ ਅਦਾਕਾਰ ਨੇ ਐਕਟਰ ਬਣਨ ਦਾ ਸੁਪਨਾ ਬਚਪਨ ਦੇ ਦਿਨਾਂ ਵਿਚ ਹੀ ਲਿਆ ਸੀ ਜਿਸ ਨੂੰ ਪੂਰਾ ਕਰਨ ਲਈ ਉਸ ਨੂੰ ਵੱਡਾ ਸੰਘਰਸ਼ ਕਰਨਾ ਪਿਆ। ਸਮੇਂ ਅਤੇ ਹਾਲਾਤ ਨਾਲ ਜੂਝਦਾ ਗੁਰਪ੍ਰੀਤ ਘੁੱਗੀ ਜਦ ਆਪਣੇ ਉਸਤਾਦ ਬਲਵਿੰਦਰ ਵਿੱਕੀ ਉਰਫ਼ 'ਚਾਚਾ ਰੌਣਕੀ ਰਾਮ' ਕੋਲ ਗਿਆ ਤਾਂ ਉਸ ਨੂੰ ਕਲਾਕਾਰੀ ਦੇ ਖੇਤਰ 'ਚ ਅੱਗੇ ਵਧਣ ਦਾ ਇਕ ਚੰਗਾ ਮੌਕਾ ਮਿਲਿਆ। ਦੂਰਦਰਸ਼ਨ ਦੇ ਲੜੀਵਾਰਾਂ 'ਰੋਣਕ ਮੇਲਾ', 'ਨੂਰਾ' ਅਤੇ 'ਪਰਛਾਵੇਂ' ਵਿਚ ਉਸ ਦੇ ਕਿਰਦਾਰ ਦਰਸ਼ਕਾਂ ਲਈ ਪ੍ਰਭਾਵਸ਼ਾਲੀ ਰਹੇ। ਓਮ ਪ੍ਰਕਾਸ਼ ਗਾਸੋ ਦੇ ਨਾਵਲ 'ਤੇ ਆਧਾਰਿਤ ਪੰਜਾਬੀ ਲੜੀਵਾਰ 'ਪਰਛਾਵੇ' ਨਾਲ ਮਿਲੀ ਪ੍ਰਸਿੱਧੀ ਨੇ ਉਸ ਦੀ ਕਲਾ ਨੂੰ ਨਵਾਂ ਮੋੜ ਦਿੱਤਾ। ਦੂਰਦਰਸ਼ਨ ਅਤੇ ਆਲ ਇੰਡੀਆ ਦੇ ਪ੍ਰੋਗਰਾਮਾਂ ਰਾਹੀਂ ਇਕ ਵੱਖਰੀ ਪਛਾਣ ਬਣਾ ਚੁੱਕੇ ਗੁਰਪ੍ਰੀਤ ਘੁੱਗੀ ਨੇ ਪੰਜਾਬੀ ਫਿਲਮ 'ਜੀ ਆਇਆਂ ਨੂੰ' ਤੋਂ ਫਿਲਮੀ ਪਰਦੇ ਵੱਲ ਪਹਿਲਾ ਕਦਮ ਵਧਾਇਆ। ਭਾਵੇਂ ਕਿ ਗੁਰਪ੍ਰੀਤ ਘੁੱਗੀ ਨੇ ਹੁਣ ਤਕ ਜ਼ਿਆਦਾਤਰ ਕਾਮੇਡੀ ਕਿਰਦਾਰ ਹੀ ਨਿਭਾਏ ਪਰ ਕੁਝ ਸਾਲ ਪਹਿਲਾਂ ਆਈ ਫਿਲਮ 'ਅਰਦਾਸ' 'ਚ ਮਾਸਟਰ ਗੁਰਮੱਖ ਸਿੰਘ ਦੇ ਕਿਰਦਾਰ ਨੇ ਦਰਸ਼ਕਾਂ ਦੇ ਦਿਲਾਂ 'ਤੇ ਨਾਇਕ ਵਾਲੀ ਗੂੜ੍ਹੀ ਮੋਹਰ ਲਾ ਦਿੱਤੀ। ਇਸ ਕਿਰਦਾਰ ਨੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਹ ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਹੀ ਹੈ। ਇਸ ਕਿਰਦਾਰ ਬਦਲੇ ਉਸ ਨੂੰ ਬੈਸਟ ਐਕਟਰ ਦਾ ਐਵਾਰਡ ਵੀ ਮਿਲਿਆ। ਇਸੇ ਤਰ੍ਹਾਂ ਇਸ ਫਿਲਮ ਦੇ ਸੀਕਵਲ 'ਅਰਦਾਸ ਕਰਾਂ' 'ਚ ਗੁਰਪ੍ਰੀਤ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਪੀੜਤ ਇਕ ਜਿੰਦਾਂ-ਦਿਲ ਇੰਨਸਾਨ ਦੇ ਕਿਰਦਾਰ ਨੂੰ ਬਾਖ਼ੂਬੀ ਪਰਦੇ 'ਤੇ ਪੇਸ਼ ਕੀਤਾ। ਇਸ ਕਰ ਕੇ ਗੁਰਪ੍ਰੀਤ ਘੁੱਗੀ ਨੂੰ ਕਾਮੇਡੀ ਦੇ ਨਾਲ-ਨਾਲ ਬਹੁ-ਪਾਤਰੀ ਕਿਰਦਾਰਾਂ ਦਾ ਕਲਾਕਾਰ ਵੀ ਕਹਿ ਸਕਦਾ ਹੈ। ਸਮਾਜਿਕ ਸਿਨੇਮਾ ਦਾ ਹਵਾਲਾ ਦਿੰੰਦੀ ਫਿਲਮ 'ਸੰਨ ਆਫ਼ ਮਨਜੀਤ ਸਿੰਘ' ਵੀ ਗੁਰਪ੍ਰੀਤ ਦੀ ਇਕ ਬਿਹਤਰੀਨ ਫਿਲਮ ਰਹੀ। ਗੁਰਪ੍ਰੀਤ ਦੀ ਕਾਮੇਡੀ ਅਦਾਕਾਰੀ ਦੀ ਗੱਲ ਕਰੀਏ ਤਾਂ ਫਿਲਮ 'ਚੱਕ ਦੇ ਫੱਟੇ' ਵਿਚ ਰਤਨ ਸਿੰਘ ਟਾਟਾ ਦੇ ਕਿਰਦਾਰ ਨੇ ਜੋ ਛਾਪ ਛੱਡੀ ਉਸ ਨੂੰ ਕਾਮੇਡੀ ਦਾ ਸਿਖ਼ਰ ਆਖ ਸਕਦੇ ਹਾਂ। ਜ਼ਿਲ੍ਹਾ ਗੁਰਦਾਸਪੁਰ ਦੇ ਇਕ ਨਿੱਕੇ ਜਿਹੇ ਪਿੰਡ ਵਿਚ ਮੱਧਵਰਗੀ ਮਿਹਨਤੀ ਪਰਿਵਾਰ 'ਚ ਜਨਮੇਂ ਗੁਰਪ੍ਰੀਤ ਘੁੱਗੀ ਨੇ ਆਪਣਾ ਬਚਪਨ ਤੰਗੀਆਂ ਤਰੁਸ਼ੀਆ ਭਰੇ ਮਾਹੌਲ ਵਿਚ ਗੁਜ਼ਾਰਿਆ। ਘਰ ਦੀ ਆਰਥਿਕ ਸਥਿਤੀ ਚੰਗੀ ਨਾ ਹੋਣ ਕਾਰਨ ਉਸ ਨੂੰ ਦਸਵੀਂ ਦੀ ਪੜ੍ਹਾਈ ਕਰਨ ਮਗਰੋਂ ਕਚਹਿਰੀਆਂ ਵਿਚ ਆਰਜ਼ੀ ਨਵੀਸ ਕੋਲ ਟਾਈਪਿਸਟ ਦੀ ਨੋਕਰੀ ਵੀ ਕਰਨੀ ਪਈ। ਆਪਣੇ ਸੁਪਨਿਆਂ ਨੂੰ ਰੁਲਦਾ ਵੇਖ ਉਹ ਜ਼ਿਆਦਾ ਦੇਰ ਇਸ ਨੌਕਰੀ 'ਤੇ ਟਿਕ ਨਾ ਸਕਿਆ ਅਤੇ ਉਸ ਨੇ ਦੁਆਬਾ ਕਾਲਜ ਜਲੰਧਰ ਦਾਖ਼ਲਾ ਲੈ ਲਿਆ ਜਿੱਥੇ ਉਸ ਨੇ ਪੜਾਈ ਦੇ ਨਾਲ ਨਾਲ ਥੀਏਟਰ 'ਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ। ਇਸ ਤਰ੍ਹਾਂ ਉਸ ਦੀ ਕਲਾ ਦਾ ਸਫ਼ਰ ਸ਼ੁਰੂ ਹੋ ਗਿਆ। ਗੁਰਪ੍ਰੀਤ ਘੁੱਗੀ ਹੁਣ ਤਕ 60 ਦੇ ਕਰੀਬ ਪੰਜਾਬੀ, ਹਿੰਦੀ ਫਿਲਮਾਂ ਸਮੇਂ ਅਨੇਕਾਂ ਟੈਲੀਫਿਲਮਾਂ ਵੀ ਕਰ ਚੁੱਕਾ ਹੈ। ਕਰੀਅਰ ਦੇ ਸ਼ੁਰੂਆਤੀ ਦੌਰ 'ਚ ਗੁਰਪ੍ਰੀਤ ਦੀਆਂ ਕਈ ਕਾਮੇਡੀ ਕੈਸਿਟਾਂ ਵੀ ਆਈਆਂ ਜਿਨ੍ਹਾਂ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਨ੍ਹਾਂ ਕੈਸਿਟਾਂ ਨੇ ਹੀ ਉਸ ਨੂੰ ਕਾਮੇਡੀ ਕਲਾਕਾਰ ਵਜੋਂ ਪਛਾਣ ਹਾਸਲ ਕਰਵਾਈ। ਦੱਸਣਯੋਗ ਹੈ ਕਿ ਗੁਰਪ੍ਰੀਤ ਘੁੱਗੀ ਇਸ ਵੇਲੇ 'ਨੌਰਥ ਜੋਨ ਫਿਲਮ' ਅਤੇ 'ਟੀਵੀ ਆਰਟਿਸਟ ਅਸੋਸੀਏਸ਼ਨ' ਦਾ ਪ੍ਰਧਾਨ ਵੀ ਹੈ।


ਹਰਬੀ ਸੰਘਾ

ਹਰਬੀ ਸੰਘਾ ਪੰਜਾਬੀ ਫਿਲਮਾਂ ਦਾ ਇਕ ਅਜਿਹਾ ਸਰਗਰਮ ਕਾਮੇਡੀ ਕਲਾਕਾਰ ਹੈ ਜਿਸ ਨੇ ਲੰਬਾ ਸੰਘਰਸ਼ ਕਰਨ ਮਗਰੋਂ ਸ਼ੁਹਰਤ ਦੀਆਂ ਸਿਖ਼ਰਾਂ ਨੂੰ ਸਰ ਕੀਤਾ ਹੈ। ਉਸ ਨੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸੌ-ਸੌ ਪਾਪੜ ਵੇਲੇ ਪਰ ਕਦੇ ਹਾਰ ਨਹੀਂ ਮੰਨੀਂ। ਅੱਜ ਹਰਬੀ ਸੰਘਾ ਪੰਜਾਬੀ ਫਿਲਮਾਂ ਦਾ ਸਿਰਕੱਢ ਕਾਮੇਡੀਅਨ ਹੈ। ਵੱਡੀ ਗੱਲ ਇਹ ਹੈ ਕਿ ਉਹ ਹਰ ਤਰ੍ਹਾਂ ਦੇ ਕਿਰਦਾਰਾਂ ਵਿਚ ਫਿੱਟ ਰਹਿਣ ਵਾਲਾ ਕਲਾਕਾਰ ਹੈ। ਇਹੋ ਕਾਰਨ ਹੈ ਕਿ ਉਹ ਹਰ ਦੂਜੀ ਪੰਜਾਬੀ ਫਿਲਮ 'ਚ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹੁੰਦਾ ਹੈ। ਬਹੁਤੇ ਕਿਰਦਾਰਾਂ ਵਿਚ ਉਸ ਦੇ ਸੰਵਾਦਾਂ ਨਾਲੋਂ ਉਸ ਦੀ ਸਰੀਰਕ ਬਣਤਰ ਦੇ ਹਾਵ-ਭਾਵ ਹੀ ਅਦਾਕਾਰੀ ਦਾ ਹਿੱਸਾ ਹੁੰਦੇ ਹਨ। ਨਕੋਦਰ ਨੇੜਲੇ ਪਿੰਡ ਸੰਘਾ ਜ਼ਗੀਰੇ ਦਾ ਜੰਮਪਲ ਹਰਬਿਲਾਸ ਸੰਘਾ ਨੂੰ ਕਲਾਕਾਰੀ ਦਾ ਸ਼ੌਕ ਬਚਪਨ ਤੋਂ ਹੀ ਸੀ। ਸਕੂਲ ਸਮੇਂ ਉਹ ਵਧੀਆ ਅਦਾਕਾਰ ਤੇ ਗਾਇਕ ਵਜੋਂ ਉੱਭਰ ਕੇ ਸਾਹਮਣੇ ਆਇਆ ਪਰ ਘਰ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਾ ਹੋਣ ਕਰ ਕੇ ਉਸ ਨੂੰ ਜ਼ਿੰਦਗੀ ਨਾਲ ਕਈ ਵੱਡੇ ਸਮਝੋਤੇ ਕਰਨੇ ਪਏ। ਸ਼ੁਰੂਆਤੀ ਦੌਰ 'ਚ ਉਹ ਆਰਕੈਸਟਰਾਂ ਦੇ ਗਰੁੱਪਾਂ ਨਾਲ ਵੀ ਬਤੌਰ ਕਾਮੇਡੀਅਨ ਜਾਂਦਾ ਰਿਹਾ। ਹਰਬੀ ਆਪਣੇ ਔਖੇ ਦਿਨਾਂ ਦੀ ਕਹਾਣੀ ਨੂੰ ਕਦੇ ਨਹੀਂ ਭੁੱਲਦਾ ਜਿਸ ਨੇ ਉਸ ਨੂੰ ਮਿਹਨਤ ਦਾ ਪੱਲਾਂ ਫੜਾ ਕੇ ਸਫਲਤਾ ਦੇ ਰਾਹ ਤੋਰਿਆ। ਲੰਬੇ ਸੰਘਰਸ਼ ਤੋਂ ਬਾਅਦ ਜਦ ਉਸ ਦਾ ਮੇਲ ਗੁਰਪ੍ਰੀਤ ਘੁੱਗੀ ਨਾਲ ਹੋਇਆ ਤਾਂ ਉਸ ਦੀ ਕਲਾ ਜ਼ਿੰਦਗੀ 'ਚ ਇਕ ਨਵਾਂ ਮੋੜ ਆਇਆ। ਇਸ ਤਰ੍ਹਾਂ ਉਸ ਦੇ ਦਿਨ ਬਦਲਣ ਲੱਗੇ। ਘੁੱਗੀ ਨਾਲ ਉਸ ਨੇ ਦੂਰਦਰਸ਼ਨ ਦੇ ਕਈ ਲੜੀਵਾਰਾਂ ਵਿਚ ਕੰਮ ਕੀਤਾ। ਗੁਰਪ੍ਰੀਤ ਘੁੱਗੀ ਦੀ ਹੱਲਾਸ਼ੇਰੀ ਸਦਕਾ ਹੀ ਉਹ ਫਿਲਮਾਂ ਵਾਲੇ ਪਾਸੇ ਆਇਆ। ਉਸ ਦੀ ਫਿਲਮੀ ਪਾਰੀ ਦਾ ਆਗਾਜ਼ ਫਿਲਮ 'ਅਸਾਂ ਨੂੰ ਮਾਣ ਵਤਨਾਂ ਦਾ' (2004) ਰਾਹੀਂ ਹੋਇਆ। ਸੰਘਰਸ਼ ਦੇ ਪੈਂਡੇ ਤੈਅ ਕਰਦਿਆਂ ਸਹਿਜੇ-ਸਹਿਜੇ ਉਸ ਦੀ ਕਾਬਲੀਅਤ ਨੂੰ ਬੂਰ ਪੈਣ ਲੱਗਾ ਤੇ ਉਸ ਨੂੰ 'ਦਿਲਦਾਰੀਆਂ', 'ਛੇਵਾਂ ਦਰਿਆ', 'ਪ੍ਰੋਪਰ ਪਟੋਲਾ', 'ਨੌਟੀ ਜੱਟਸ', 'ਕੈਰੀ ਆਨ ਜੱਟਾ', 'ਬੰਬੂਕਾਟ', 'ਲਵ ਪੰਜਾਬ', 'ਅਰਦਾਸ', 'ਨਿੱਕਾ ਜੈਲਦਾਰ', 'ਕਿਸਮਤ', 'ਪਾਹੁਣਾ', 'ਕੁੜਮਾਈਆ', 'ਲਾਵਾਂ-ਫੇਰੇ' ਸਮੇਤ ਅਣਗਿਣਤ ਫਿਲਮਾਂ ਵਿਚ ਅਹਿਮ ਕਿਰਦਾਰ ਨਿਭਾਉਣ ਲਈ ਮਿਲੇ। ਫਿਲਮਾਂ 'ਚ ਹਰਬੀ ਸੰਘਾ ਨੇ ਲੰਬਾਈ ਪੱਖੋ ਛੋਟੇ ਕਿਰਦਾਰ ਵੀ ਇੰਨੀ ਰੀਝ ਤੇ ਲਗਨ ਨਾਲ ਨਿਭਾਏ ਕਿ ਦਰਸ਼ਕ ਉਸ ਦੇ ਅੰਦਰ ਬੈਠੇ ਵੱਡੇ ਕਲਾਕਾਰ ਤੋਂ ਜਾਣੂ ਹੋ ਗਏ। ਫਿਲਮ 'ਨਿੱਕਾ ਜੈਲਦਾਰ 2', 'ਰੱਬ ਦਾ ਰੇਡਿਓ', 'ਮੰਜੇ ਬਿਸਤਰੇ' ਵਿਚ ਉਸ ਵੱਲੋ ਪੇਸ਼ ਵਿਅੰਗਮਈ ਕਿਰਦਾਰਾਂ ਨੇ ਉਸ ਦੀ ਫਿਲਮੀ ਜੜ੍ਹ ਹੋਰ ਡੂੰਘੀ ਕਰ ਦਿੱਤੀ। ਫਿਲਮ 'ਲਾਂਵਾਂ ਫੇਰੇ' ਵਿਚ ਲੀਡਰ ਜੀਜੇ ਦਾ ਰੋਲ ਉਸ ਦੀ ਅਦਾਕਾਰੀ ਉੱਪਰ ਸਫਲਤਾ ਦੀ ਵੱਡੀ ਮੋਹਰ ਲਾ ਗਿਆ। ਕੁਝ ਸਮਾਂ ਪਹਿਲਾਂ ਆਈਆਂ ਫਿਲਮਾਂ 'ਮੰਜੇ ਬਿਸਤਰੇ 2' ਤੇ 'ਵਧਾਈਆਂ ਜੀ ਵਧਾਈਆਂ' 'ਚ ਵੀ ਉਸ ਨੇ ਹਾਸਿਆਂ ਦੇ ਵਧੀਆ ਰੰਗ ਬਿਖੇਰੇ। ਕਾਮੇਡੀਅਨ ਦੇ ਨਾਲ ਨਾਲ ਹਰਬੀ ਸੰਘਾ ਸਮਾਜ ਨਾਲ ਜੁੜਿਆ ਹੋਇਆ ਇਕ ਵਧੀਆ ਗਾਇਕ ਵੀ ਹੈ। ਉਸ ਦੇ ਗਾਏ ਗੀਤ ਅਕਸਰ ਹੀ ਚਰਚਾ ਵਿਚ ਰਹੇ ਹਨ।


ਬੀਐੱਨ ਸ਼ਰਮਾ

ਕੋਈ ਨਹੀਂ ਸੀ ਚਾਹੁੰਦਾ ਕਿ ਹਿੰਦੂ ਪਰਿਵਾਰ 'ਚ ਜੰਮਿਆ ਮੁੰਡਾ ਭੋਲੇ ਨਾਥ ਸ਼ਰਮਾ (ਬੀਐੱਨ ਸ਼ਰਮਾ) ਕਲਾਕਾਰੀ ਖੇਤਰ ਵਿਚ ਜਾਵੇ। ਉਸ ਦੇ ਪੂਰੇ ਪਰਿਵਾਰ ਸਮੇਤ ਰਿਸ਼ਤੇਦਾਰ ਵੀ ਇਸ ਦੇ ਸਖ਼ਤ ਖ਼ਿਲਾਫ਼ ਸਨ। ਆਪਣੇ ਇਸ ਸ਼ੌਕ ਨੂੰ ਪੂਰਾ ਕਰਦਿਆਂ ਬਚਪਨ 'ਚ ਕਈ ਵਾਰ ਘਰਦਿਆਂ ਤੋਂ ਝਿੜਕਾਂ ਵੀ ਖਾਣੀਆਂ ਪਈਆਂ ਪਰ ਬੀਐੱਨ ਸ਼ਰਮਾ 'ਤੇ ਅਦਾਕਾਰੀ ਦਾ ਭੂਤ ਸਵਾਰ ਸੀ ਜਿਸ ਕਰਕੇ ਉਹ ਘਰਦਿਆਂ ਤੋਂ ਬਾਗ਼ੀ ਹੋ ਦਿੱਲੀ ਤੋਂ ਚੰਡੀਗੜ੍ਹ ਪਹੁੰਚ ਗਿਆ। ਫਿਰ ਚੰਡੀਗੜ੍ਹ ਰਹਿੰਦੇ ਬੀਐੱਨ ਸ਼ਰਮਾ ਦੇ ਮਾਮੇ ਨੇ ਉਸ ਨੂੰ ਪੰਜਾਬ ਪੁਲਿਸ 'ਚ ਭਰਤੀ ਕਰਵਾ ਦਿੱਤਾ। ਨੌਕਰੀ ਕਰਦਿਆਂ ਵੀ ਉਹ ਰੰਗਮੰਚ ਨਾਲ ਜੁੜਿਆ ਰਿਹਾ। ਜ਼ਿਕਰਯੋਗ ਹੈ ਕਿ ਦਿੱਲੀ ਰਹਿੰਦਿਆਂ ਵੀ ਉਸ ਨੇ ਰੰਗਮੰਚ ਨਾਲ ਜੁੜੇ ਹੋਣ ਕਾਰਨ ਕਈ ਨਾਟਕਾਂ 'ਚ ਕੰਮੀ ਕੀਤਾ। ਸ਼ੁਰੂਆਤੀ ਦੌਰ 'ਚ ਬੀਐੱਨ ਸ਼ਰਮ ਨੇ ਕੁਝ ਟੀਵੀ ਸੀਰੀਅਲਜ਼ ਵੀ ਕੀਤੇ। ਉਸ ਨੇ ਪਹਿਲੀ ਵਾਰ ਦੂਰਦਰਸ਼ਨ ਦੇ ਪੰਜਾਬੀ ਨਾਟਕ 'ਜੇਬ ਕਤਰੇ' ਵਿਚ ਨੈਗੇਟਿਵ ਕਿਰਦਾਰ ਨਿਭਾਇਆ। 1987 'ਚ ਆਈ ਪੰਜਾਬੀ ਫਿਲਮ 'ਵਿਸਾਖੀ' ਵਿਚ ਉਸਨੇ ਪਹਿਲੀ ਵਾਰ ਵੱਡੇ ਪਰਦੇ ਲਈ ਕੰਮ ਕੀਤਾ। ਇਸੇ ਦੌਰਾਨ ਜਸਪਾਲ ਭੱਟੀ ਦੇ ਚਰਚਿਤ ਕਾਮੇਡੀ ਸ਼ੋਅ 'ਫਲਾਪ ਸ਼ੋਅ' 'ਉਲਟਾ ਪੁਲਟਾ', 'ਪ੍ਰੋਫੈਸਰ ਮਨੀ ਪਲਾਟ' ਨੇ ਬੀਐੱਨ ਸ਼ਰਮਾ ਨੂੰ ਇਕ ਨਵੀਂ ਪਛਾਣ ਦਿੱਤੀ। ਪੰਜਾਬ ਦੇ ਰੋਪੜ ਸ਼ਹਿਰ ਨੇੜਲੇ ਆਪਣੇ ਨਾਨਕੇ ਪਿੰਡ ਭਰਤਗੜ੍ਹ ਵਿਚ ਜਨਮੇਂ ਬੀਐੱਨ ਸ਼ਰਮਾ ਨੇ ਆਪਣੀ ਮਿਹਨਤ ਸਦਕਾ ਅੱਜ ਪਾਲੀਵੁੱਡ 'ਚ ਵੱਖਰੀ ਪਛਾਣ ਕਾਇਮ ਕੀਤੀ ਹੈ। ਪੰਜਾਬੀ ਫਿਲਮ ' ਮਾਹੌਲ ਠੀਕ ਹੈ' ਵਿਚ ਉਸ ਨੇ ਬਿੱਲੂ ਬੱਕਰੇ ਦਾ ਜਬਰਦਸਤ ਕਿਰਦਾਰ ਨਿਭਾਇਆ ਜੋ ਦਰਸ਼ਕਾਂ ਦੇ ਦਿਲਾਂ ਵਿਚ ਵਸ ਗਿਆ। ਇਸ ਤੋਂ ਬਾਅਦ ਉਸ ਲਈ ਪੰਜਾਬੀ ਸਿਨੇਮਾ ਦੇ ਸਾਰੇ ਬੰਦ ਦਰਵਾਜ਼ੇ ਖੁੱਲ੍ਹ ਗਏ। ਚੰਡੀਗੜ੍ਹ ਰਹਿੰਦਿਆਂ ਬੀਐੱਨ ਸ਼ਰਮਾ ਨੇ 20 ਦੇ ਕਰੀਬ ਨਾਟਕਾਂ ਵਿਚ ਯਾਦਗਰੀ ਕਿਰਦਾਰ ਨਿਭਾਉਦਿਆਂ ਕਈ ਇਨਾਮ ਵੀ ਜਿੱਤੇ। ਬੀਐੱਨ ਸ਼ਰਮਾ ਹੁਣ ਤਕ 100 ਤੋਂ ਵੱਧ ਪੰਜਾਬੀ ਅਤੇ ਹਿੰਦੀ ਫਿਲਮਾਂ ਵਿਚ ਦਮਦਾਰ ਕਿਰਦਾਰ ਨਿਭਾ ਚੁੱਕਾ ਹੈ। ਉਹ ਇਕ ਕਾਮੇਡੀਅਨ ਵੀ ਹੈ ਤੇ ਨੈਗੇਟਿਵ ਕਿਰਦਾਰਾਂ ਨੂੰ ਨਿਭਾਉਣ ਵਾਲਾ ਦਮਦਾਰ ਖਲਨਾਇਕ ਵੀ। ਉਹ ਆਪਣੇ ਨਿਭਾਏ ਹਰ ਕਿਰਦਾਰ ਨਾਲ ਧੁਰ ਅੰਦਰ ਤੀਕ ਜੁੜਿਆ ਪ੍ਰਤੀਤ ਹੁੰਦਾ ਹੈ। ਮੌਜੂਦਾ ਦੌਰ ਦੇ ਪੰਜਾਬੀ ਸਿਨੇਮਾ ਵਿਚ ਬੀਐੱਨ ਸ਼ਰਮਾ ਇਕ ਕਾਮੇਡੀਅਨ ਦੇ ਰੂਪ 'ਚ ਜ਼ਿਆਦਾ ਜਾਣਿਆ ਜਾਣ ਲੱਗਾ ਹੈ। ਉਸ ਨੇ ਕਾਮੇਡੀ ਦੇ ਨਾਲ-ਨਾਲ ਆਮ ਕਿਰਦਾਰਾਂ ਨੂੰ ਵੀ ਬੜੀ ਸ਼ਿੱਦਤ ਨਾਲ ਨਿਭਾਇਆ ਹੈ। ਕੁਝ ਸਮਾਂ ਪਹਿਲਾਂ ਆਈਆਂ ਫਿਲਮਾਂ 'ਮੈਰਿਜ ਪੈਲਸ ' ਅਤੇ 'ਅੜਬ ਮੁਟਿਆਰਾਂ', 'ਲਾਵਾਂ ਫੇਰੇ' ਵਿਚ ਉਸ ਦਾ ਕਿਰਦਾਰ ਆਮ ਕਿਰਦਾਰਾਂ ਤੋਂ ਹਟ ਕੇ ਨਜ਼ਰ ਆਇਆ। ਬੀਐੱਨ ਸ਼ਰਮਾ ਦੀ ਇਹ ਦਿਲੀ ਤਮੰਨਾ ਹੈ ਕਿ ਉਹ ਕੋਈ ਅਜਿਹਾ ਕਿਰਦਾਰ ਨਿਭਾਏ ਜਿਸ ਨਾਲ ਉਸ ਦੀ ਪਛਾਣ ਲੰਬਾ ਸਮਾਂ ਜਿਊਂਦੀ ਰਹੇ। ਇਸੇ ਆਸ ਨਾਲ ਉਹ ਅੱਜ ਵੀ ਕਲਾ ਖੇਤਰ ਵਿਚ ਸਰਗਰਮ ਹੈ।


ਬੀਨੂੰ ਢਿੱਲੋਂ

ਰੇਲਾਂ ਦੇ ਜੰਕਸ਼ਨ ਵਜੋਂ ਜਾਣੇ ਜਾਂਦੇ ਧੂਰੀ ਸ਼ਹਿਰ ਨੂੰ ਜੇ ਕਲਾਕਾਰਾਂ ਦਾ ਜੰਕਸ਼ਨ ਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ ਕਿਉਂਕਿ ਧੂਰੀ ਸ਼ਹਿਰ ਨੇ ਪੰਜਾਬੀ ਗਾਇਕੀ, ਪੰਜਾਬੀ ਸਿਨੇਮਾ, ਪੰਜਾਬੀ ਰੰਗਮੰਚ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਰਾਣਾ ਰਣਬੀਰ, ਦਿਲਵਰ ਸਿੱਧੂ, ਜੱਗੀ ਧੂਰੀ ਤੋਂ ਬਾਅਦ ਪੰਜਾਬੀ ਸਿਨੇਮਾ ਦੀ ਸ਼ਾਨ ਅਦਾਕਾਰ ਬੀਨੂ ਢਿੱਲੋਂ ਦਾ ਬਚਪਨ ਵੀ ਇਸੇ ਸ਼ਹਿਰ ਦੀਆਂ ਗਲੀਆ ਵਿਚ ਗੁਜ਼ਰਿਆ ਹੈ। ਭਾਵੇਂਕਿ ਬੀਨੂੰ ਦੇ ਕਰੀਅਰ ਦੀ ਸ਼ੁਰੂਆਤ ਇਕ ਭੰਗੜਾ ਕਲਾਕਾਰ ਵਜੋਂ ਹੋਈ ਪਰ ਉਸ ਨੇ ਅਦਾਕਾਰੀ ਦੇ ਖੇਤਰ ਵਿਚ ਆ ਕੇ ਆਪਣੇ ਪੈਰ ਜਮਾਏ। ਦੂਰਦਰਸ਼ਨ ਦੇ ਅਨੇਕਾਂ ਰਵਾਇਤੀ ਪ੍ਰੋਗਰਾਮਾਂ ਵਿਚ ਵੀ ਉਹ ਵਿਸ਼ੇਸ ਤੌਰ 'ਤੇ ਭੰਗੜਾ ਪਾ ਚੁੱਕਾ ਹੈ। ਅਦਾਕਰੀ ਦਾ ਆਗ਼ਾਜ਼ ਕਰਦਿਆਂ ਉਸ ਨੇ ਲੇਖਕ ਤੇ ਨਿਰਦੇਸ਼ਕ ਗੁਰਬੀਰ ਗਰੇਵਾਲ ਦੇ ਨਾਟਕ 'ਪੱਟੂ' 'ਚ ਪਹਿਲੀ ਵਾਰ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ 'ਸਰਹੱਦ', 'ਗਾਉਂਦੀ ਧਰਤੀ', 'ਸਿਰਨਾਵੇਂ','ਲੋਰੀ', 'ਮਨ ਜੀਤੇ ਜਗ ਜੀਤ', 'ਚੰਨੋ ਚੰਨ ਵਰਗੀ', 'ਜੁਗਨੂੰ ਹਾਜ਼ਰ ਹੈ', 'ਜੁਗਨੂੰ ਮਸਤ ਮਸਤ', 'ਕੰਕਾਲ' ਆਦਿ ਸੀਰੀਅਲਜ਼ ਵਿਚ ਅਹਿਮ ਕਿਰਦਾਰ ਨਿਭਾਏ। ਟੈਲੀ ਫਿਲਮ 'ਖ਼ਾਰਾ ਦੁੱਧ' ਅਤੇ 'ਖਿੱਚ ਘੁੱਗੀ ਖਿੱਚ' ਨਾਲ ਉਸ ਦੀ ਇਕ ਵੱਖਰੀ ਪਛਾਣ ਬਣੀ। ਉਸ ਨੇ ਆਪਣੀ ਨਿਰਦੇਸ਼ਨਾਂ ਹੇਠ ਨਾਟਕ 'ਨੌਟੀ ਬਾਬਾ ਇੰਨ ਟਾਊਨ' ਦਾ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ 'ਚ ਸਫਲ ਮੰਚਨ ਕੀਤਾ ਹੈ। ਫਿਲਮ 'ਸ਼ਹੀਦ-ਏ-ਆਜ਼ਮ' ਨਾਲ ਉਸ ਨੇ ਫਿਲਮੀ ਪਰਦੇ ਵੱਲ ਕਦਮ ਵਧਾਇਆ ਤੇ ਲਗਾਤਾਰ ਫਿਲਮਾਂ ਕਰਦਾ ਗਿਆ। ਪੰਜਾਬੀ ਸਿਨੇਮਾ ਵਿਚ ਉਸ ਦੀ ਮੁੱਢਲੀ ਪਛਾਣ ਭਾਵੇਂ ਬਤੌਰ ਕਾਮੇਡੀਅਨ ਬਣੀ ਪਰ ਫਿਰ ਉਸ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਨੂੰ ਤਰਜੀਹ ਦਿੱਤੀ। ਉਸ ਨੇ ਫਿਲਮ 'ਬੰਬੂਕਾਟ' ਵਿਚ ਰੇਸ਼ਮ ਸਿੰਘ ਵਰਗੇ ਸਰਕਾਰੀ ਅਫ਼ਸਰ ਦੀ ਹੈਂਕੜ ਭਰੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਤੋਂ ਇਲਾਵਾ 'ਮਿਸਟਰ ਐਂਡ ਮਿਸਜ਼ 420' ਵਿਚ ਨੀਰੂ ਛੜਾ ਦੇ ਨਾਂ ਤੋਂ ਔਰਤ ਪਾਤਰ ਦੀ ਜਬਰਦਸ਼ਤ ਭੂਮਿਕਾ ਨਿਭਾਈ। ਜਸਵਿੰਦਰ ਭੱਲਾ ਨਾਲ ਅਦਾਕਾਰੀ ਵਿਖਾਉਣ ਦੇ ਮਾਮਲੇ 'ਚ ਉਸ ਦੀ ਜੋੜੀ ਖ਼ੂਬ ਹਿੱਟ ਰਹੀ। ਬੀਨੂੰ 'ਵੇਖ ਬਰਾਤਾਂ ਚੱਲੀਆਂ', 'ਵਧਾਈਆਂ ਜੀ ਵਧਾਈਆਂ', 'ਬਾਈਲਾਰਸ', 'ਕਾਲਾ ਸ਼ਾਹ ਕਾਲਾ', 'ਨੌਕਰ ਵਹੁਟੀ ਦਾ', 'ਝੱਲੇ' ਆਦਿ ਫਿਲਮਾਂ 'ਚ ਬਤੌਰ ਨਾਇਕ ਪਰਦੇ 'ਤੇ ਨਜ਼ਰ ਆਇਆ। ਇਸ ਸਮੇਂ ਬਤੌਰ ਨਿਰਮਾਤਾ ਵੀ ਉਹ ਪੰਜਾਬੀ ਸਿਨੇਮਾ 'ਚ ਯੋਗਦਾਨ ਪਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਦਰਸ਼ਕ ਬੀਨੂੰ ਢਿੱਲੋਂ ਦੀ ਅਦਾਕਾਰੀ ਦੇ ਅਨੇਕਾ ਰੰਗ ਵੇਖਣਗੇ।


ਗੁਰਚੇਤ ਚਿੱਤਰਕਾਰ

ਚਿੱਤਰਕਾਰੀ ਤੋਂ ਅਦਾਕਾਰੀ ਵੱਲ ਆਏ ਗੁਰਚੇਤ ਨੂੰ ਫੈਮਲੀ ਵਾਲਾ ਕਲਾਕਾਰ ਵੀ ਕਿਹਾ ਜਾਂਦਾ ਹੈ। ਅਸਲ 'ਚ ਉਸ ਨੇ ਸੀਡੀ ਕਲਚਰ ਦੌਰਾਨ ਆਪਣੀਆਂ ਟੈਲੀ ਫਿਲਮਾਂ ' ਫ਼ੌਜੀ ਦੀ ਫੈਮਲੀ, ਫੈਮਲੀ 420 ਲੜੀ ਆਦਿ ਨਾਲ ਸਫਲਤਾਂ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਉਸ ਦੀਆਂ ਇਨ੍ਹਾਂ ਫਿਲਮਾਂ ਦੀ ਪ੍ਰਸਿੱਧੀ ਨੇ ਉਸ ਨੂੰ ਪੰਜਾਬ ਦੇ ਪਿੰਡ-ਪਿੰਡ ਅਤੇ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਤਕ ਪਹੁੰਚਾਹਿਆ। ਰੰਗਾਂ ਦੀ ਦੁਨੀਆ ਵਿਚ ਖੇਡਣ ਵਾਲਾ ਗੁਰੇਚਤ ਚਿੱਤਰਕਾਰ ਜਿੱਥੇ ਇਕ ਵਧੀਆ ਚਿੱਤਰਕਾਰ ਹੈ ਉਥੇ ਹੀ ਮੱਝਿਆ ਹੋਇਆ ਕਾਮੇਡੀਅਨ ਤੇ ਸਮਾਜ ਨਾਲ ਜੁੜਿਆ ਹੋਇਆ ਲੇਖਕ ਅਤੇ ਤਕਨੀਕੀ ਸੂਝ ਰੱਖਣ ਵਾਲਾ ਨਿਰਦੇਸ਼ਕ ਵੀ ਹੈ। ਸੰਗਰੂਰ ਦੇ ਨਿੱਕੇ ਜਿਹੇ ਪਿੰਡ ਈਲਵਾਲ ਵਿਚ ਜਨਮੇਂ ਗੁਰਚੇਤ ਨੇ ਚਿੱਤਰਕਾਰੀ ਤੋਂ ਬਾਅਦ ਲਘੂ ਫਿਲਮਾਂ ਦੇ ਖੇਤਰ ਵਿਚ ਕਦਮ ਧਰਿਆ ਤੇ ਵੱਖਰੀ ਪਛਾਣ ਬਣਾਈ। ' ਸੰਦੂਕ 'ਚ ਬੰਦੂਕ' 'ਫੌਜ਼ੀ ਦੀ ਫੈਮਲੀ' ਵਰਗੀਆਂ ਸਮਾਜਿਕ ਕਾਮੇਡੀ ਫਿਲਮਾਂ ਰਾਹੀਂ ਉਸ ਨੇ ਮਨੋਰੰਜਨ ਦਾ ਇਕ ਨਵਾਂ ਦੌਰ ਸ਼ੁਰੂ ਕੀਤਾ। ਚਿੱਤਰਕਾਰੀ ਵਿਚ 'ਗੋਲਡ ਮੈਡਲ' ਜਿੱਤਣ ਵਾਲਾ ਗੁਰਚੇਤ ਰੰਗਮੰਚ ਦਾ ਪੁਰਾਣਾ ਕਲਾਕਾਰ ਹੈ ਜਿਸ ਨੇ ਰੰਗਮੰਚ ਦੇ ਬਾਬਾ ਬੋਹੜ ਭਾਈ ਮੰਨਾ ਸਿੰਘ (ਗੁਰਸ਼ਰਨ ਭਾਅ ਜੀ ) ਦੀ ਟੀਮ ਦਾ ਹਿੱਸਾ ਬਣ ਕਲਾ ਦੀਆਂ ਬਾਰੀਕੀਆਂ ਨੂੰ ਸਿੱਖਿਆ। ਦੂਰਦਰਸ਼ਨ ਦੇ ਅਨੇਕਾਂ ਲੜੀਵਾਰਾਂ ਵਿਚ ਕੰਮ ਕਰਨ ਤੋਂ ਬਾਅਦ ਉਸ ਨੇ ਟੈਲੀਫਿਲਮਾਂ ਦੇ ਦੌਰ ਵਿਚ ਰੰਗਮੰਚ ਕਲਾਕਾਰਾਂ ਦੀ ਟੀਮ ਬਣਾ ਕੇ ਲਘੂ ਫਿਲਮਾਂ ਦਾ ਨਿਰਮਾਣ ਕਰਕੇ ਮਨੋਰੰਜਨ ਦੀ ਇਕ ਨਵੀਂ ਪਿਰਤ ਪਾਈ। ਉਸ ਦੀ ਇਸੇ ਪ੍ਰਸਿੱਧੀ ਨੇ ਪੰਜਾਬੀ ਫਿਲਮਾ ਵਾਲਿਆਂ ਦਾ ਧਿਆਨ ਖਿੱਚਿਆ ਅਤੇ ਉਸ ਨੂੰ ਪੰਜਾਬੀ ਫਿਲਮਾਂ ਵਿਚ ਕੰਮ ਕਰਨ ਦੇ ਮੌਕੇ ਮਿਲਣ ਲੱਗੇ। ਸਭ ਤੋਂ ਪਹਿਲਾਂ ਨਾਮੀਂ ਨਿਰਦੇਸ਼ਕ ਰਵਿੰਦਰ ਰਵੀ ਦੀ ਫਿਲਮ 'ਮਜ਼ਾਜਣ' ਵਿਚ ਉਸ ਨੇ ਅਦਾਕਾਰੀ ਵਿਖਾਈ। ਉਸ ਤੋਂ ਬਾਅਦ 'ਚੱਕ ਦੇ ਫੱਟੇ', 'ਪਾਵਰ ਕੱਟ', 'ਹੀਰ ਰਾਂਝਾ', 'ਟੌਹਰ ਮਿੱਤਰਾਂ ਦੀ', 'ਆਸ਼ਕੀ ਨਾਟ ਅਲਾਊਡ', 'ਨਾਡੂ ਖ਼ਾਂ' ਆਦਿ ਫਿਲਮਾਂ 'ਚ ਦਿਲਚਸਪ ਕਿਰਦਾਰ ਨਿਭਾਏ। ਗੁਰਚੇਤ ਨੇ ' ਫੈਮਲੀ 420 ਵੰਨਸ ਅਗੇਨ' ਨਾਂ ਤੋਂ ਵੱਡੇ ਪਰਦੇ ਲਈ ਵੀ ਫਿਲਮ ਬਣਾਈ। ਇਹ ਪਹਿਲਾਂ ਸਮਾਂ ਸੀ ਜਦ ਰੰਗਮੰਚ ਦੇ ਕਲਾਕਾਰਾਂ ਦੀ ਲੋਕਾਂ ਵਿਚ ਪਛਾਣ ਬਣਨੀ ਸ਼ੁਰੂ ਹੋਈ। ਅੱਜ ਇਸ ਟੀਮ ਦੇ ਅਨੇਕਾਂ ਕਲਾਕਾਰ ਪੰਜਾਬੀ ਅਤੇ ਹਿੰਦੀ ਸਿਨੇਮਾ ਵਿਚ ਆਪਣੀ ਵੱਖਰੀ ਪਛਾਣ ਰੱਖਦੇ ਹਨ। ਗੁਰਚੇਤ ਦੀ ਪਛਾਣ ਭਾਵੇਂ ਕਾਮੇਡੀ ਫੈਮਲੀ ਫਿਲਮਾਂ ਵਾਲੇ ਵਜੋਂ ਬਣੀ ਹੋਈ ਹੈ ਪਰ ਉਸ ਦੀਆਂ ਫਿਲਮਾਂ ਵਿਚ ਸਮਾਜ ਨੂੰ ਸੇਧ ਦੇਣ ਵਾਲਾ ਇਕ ਵੱਡਾ ਸੰਦੇਸ਼ ਹੁੰਦਾ ਹੈ। 'ਨਾਨਕ ਨਾਮ ਚੜ੍ਹਦੀ ਕਲਾ' ਫਿਲਮ ਰਾਹੀਂ ਉਸ ਨੇ ਨਸ਼ਿਆਂ ਦੇ ਮਾੜੇ ਨਤੀਜਿਆਂ ਕਾਰਨ ਟੁੱਟਦੇ ਪਰਿਵਾਰਾਂ ਦੀ ਕਹਾਣੀ ਨੂੰ ਬਹੁਤ ਹੀ ਭਾਵੁਕਤਾ ਨਾਲ ਵਿਖਾਇਆ। ਅਜਿਹੀਆਂ ਫਿਲਮਾਂ ਵਿਚ ਗੁਰਚੇਤ ਕਾਮੇਡੀ ਨਹੀਂ ਬਲਕਿ ਇਕ ਸੰਜੀਦਾ ਕਲਾਕਾਰ ਵਜੋਂ ਪਰਦੇ 'ਤੇ ਨਜ਼ਰ ਆਇਆ। ਜਲਦ ਹੀ ਗੁਰਚੇਤ 'ਜੁਗਨੀ, ਬੱਲੀ ਬਲੈਕੀਆ, ਬੂਅ ਮੈਂ ਡਰਗੀ, ਲਾਣੇਦਾਰ, ਅੱਖੀਆਂ, ਜੱਟੀ ਪੰਦਰਾਂ ਮੁਰੱਬਿਆਂ ਵਾਲੀ, ਆਦਿ ਫਿਲਮਾਂ ਵਿਚ ਨਜ਼ਰ ਆਵੇਗਾ।


ਜਸਵਿੰਦਰ ਭੱਲਾ

ਕਿਸੇ ਵੇਲੇ 'ਛਣਕਾਟੇ ਵਾਲੇ ਭੱਲਾ' ਵਜੋਂ ਮਸ਼ਹੂਰ ਹੋਇਆ ਪ੍ਰੋ. ਜਸਵਿੰਦਰ ਸਿੰਘ ਭੱਲਾ ਅੱਜ ਪੰਜਾਬੀ ਫਿਲਮਾਂ ਦਾ ਸਫਲ ਕਾਮੇਡੀਅਨ ਹੈ। ਜਸਪਾਲ ਭੱਟੀ ਦੀ ਫਿਲਮ 'ਮਾਹੌਲ ਠੀਕ ਹੈ' ਨਾਲ ਪੰਜਾਬੀ ਪਰਦੇ ਵੱਲ ਵਧਿਆ ਜਸਵਿੰਦਰ ਭੱਲਾ ਕਦਮ-ਦਰ-ਕਦਮ ਫਿਲਮੀ ਮਾਰਗ 'ਤੇ ਪੈੜਾਂ ਪਾਉਂਦਾ ਸ਼ੁਹਰਤ ਦੀਆਂ ਮੰਜ਼ਲਾਂ ਵੱਲ ਵਧਦਾ ਗਿਆ। ਸਵਰਗੀ ਪੰਜਾਬੀ ਹੀਰੋ ਵਰਿੰਦਰ ਦੇ ਦੌਰ ਦੀਆਂ ਪੰਜਾਬੀ ਫਿਲਮਾਂ ਵਿਚ ਕਾਮੇਡੀਅਨ ਮੇਹਰ ਮਿੱਤਲ ਦੀ ਬੇਹੱਦ ਅਹਿਮੀਅਤ ਹੁੰਦੀ ਸੀ। ਮੇਹਰ ਮਿੱਤਲ ਇਕ ਅਜਿਹਾ ਕਲਾਕਾਰ ਸੀ ਜਿਸ ਦੇ ਬਿਨਾਂ ਬਣੀ ਫਿਲਮ ਨੂੰ ਕੋਈ ਵਾਰ ਫਿਲਮ ਡਿਸਟਰੀਬਿਊਟਰ ਵੀ ਹੱਥ ਨਹੀਂ ਸੀ ਪਾਉਂਦਾ। ਹਰੇਕ ਪੰਜਾਬੀ ਫਿਲਮ 'ਚ ਉਸ ਦੀ ਹਾਜ਼ਰੀ ਅਹਿਮ ਹੁੰਦੀ ਸੀ। ਠੀਕ ਉਸੇ ਤਰ੍ਹਾਂ ਮੌਜੂਦਾ ਪੰਜਾਬੀ ਸਿਨੇਮਾ ਵਿਚ ਜਸਵਿੰਦਰ ਭੱਲਾ ਦੀ ਹਾਜ਼ਰੀ ਲਾਜ਼ਮੀ ਹੁੰਦੀ ਜਾ ਰਹੀ ਹੈ। ਭੱਲਾ ਦੀ ਗੱਲ ਕਹਿਣ ਦਾ ਅੰਦਾਜ਼ ਅਤੇ ਦਿੱਖ ਦਰਸ਼ਕਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਉਸ ਨੇ ਸਮਾਜ ਨਾਲ ਜੁੜੇ ਲੁਕੇ ਹੋਏ ਸੱਚ ਨੂੰ ਵਿਅੰਗਮਈ ਤਰੀਕੇ ਨਾਲ ਬਹੁਤ ਖ਼ੂਬਸੂਰਤੀ ਨਾਲ ਪਰਦੇ 'ਤੇ ਲਿਆਂਦਾ ਹੈ। ਸਾਡੇ ਸਮਾਜ ਵਿਚ ਅਜਿਹੇ ਪਾਤਰ ਅੱਜ ਵੀ ਜਿਊਂਦੇ ਹਨ ਜਿਨ੍ਹਾਂ ਨੂੰ ਜਸਵਿੰਦਰ ਭੱਲਾ ਨੇ ਆਪਣੇ ਕਿਰਦਾਰਾਂ ਰਾਹੀਂ ਪਰਦੇ 'ਤੇ ਉਤਾਰਣ ਦਾ ਜ਼ੇਰਾ ਕੀਤਾ ਹੈ। ਉਸ ਦੀ ਅਦਾਕਾਰੀ ਵਿਚ ਇਕ ਖ਼ਾਸ ਖਿੱਚ ਹੁੰਦੀ ਹੈ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਦੀ ਹੈ। ਵੱਡੀ ਗੱਲ ਕਿ ਫਿਲਮ ਦੀ ਸਕਰਿਪਟ ਲਿਖਣ ਵੇਲੇ ਫਿਲਮ ਲੇਖਕ ਜਸਵਿੰਦਰ ਭੱਲਾ ਦੇ ਕਿਰਦਾਰ ਦੀ ਚੋਣ ਦਾ ਖ਼ਾਸ ਧਿਆਨ ਰੱਖਦਾ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਕਬਾ ਦੇ ਜੰਮਪਲ ਪ੍ਰੋ. ਜਸਵਿੰਦਰ ਭੱਲਾ ਲੰਬਾ ਸਮਾਂ 'ਪੰਜਾਬ ਖੇਤੀਬਾੜੀ ਯੂਨੀਵਰਸਿਟੀ' 'ਚ ਨੌਕਰੀ ਕਰਨ ਉਪਰੰਤ ਕੁਝ ਦਿਨ ਪਹਿਲਾਂ ਹੀ 'ਖੇਤੀਬਾੜੀ ਪ੍ਰਸਾਰ ਵਿਭਾਗ' ਤੋਂ 'ਹੈੱਡ ਆਫ ਦੀ ਡਿਪਾਰਟਮੈਂਟ' ਸੇਵਾਮੁਕਤ ਹੋਏ ਹਨ। ਦੱਸਣਯੋਗ ਹੈ ਕਿ ਜਸਵਿੰਦਰ ਭਲਾ ਨੇ ਕਰੀਅਰ ਦੀ ਸ਼ੁਰੂਆਤ ਤਾਂ ਗਾਇਕੀ ਤੋਂ ਕੀਤੀ ਸੀ ਪਰ ਉਨ੍ਹਾਂ ਨੂੰ ਸਫਲਤਾ ਕਾਮੇਡੀ ਕਲਾਕਾਰ ਵਜੋਂ ਜ਼ਿਆਦਾ ਮਿਲੀ। ਕੈਸਿਟ ਕਲਚਰ ਦੌਰਾਨ ਉਨ੍ਹਾਂ ਨੇ 1988 ਤੋਂ ਸ਼ੁਰੂ ਹੋ ਕੇ 'ਛਣਕਾਟਾ' ਲੜੀ ਤਹਿਤ 27 ਕਾਮੇਡੀ ਭਰਪੂਰ ਕੈਸਿਟਾਂ ਸਰੋਤਿਆਂ ਦੀ ਝੋਲੀ ਪਾਈਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਕੈਸਿਟਾਂ 'ਚ ਬਾਲ ਮੁਕੰਦ ਸ਼ਰਮਾ ਤੇ ਮੈਡਮ ਨੀਲੂ ਨੇ ਵੀ ਜਸਵਿੰਦਰ ਭੱਲਾ ਦਾ ਬਾਖ਼ੂਬੀ ਸਾਥ ਦਿੱਤਾ। ਕੁਝ ਛਣਕਾਟਿਆਂ ਦੀ ਤਾਂ ਵੀਡੀਓ ਸੀਡੀ ਵੀ ਰਿਲੀਜ਼ ਕੀਤੀ ਗਈ। ਛਣਕਾਟਾ ਲੜੀ 'ਚ ਜਸਵਿੰਦਰ ਭੱਲਾ ਵੱਲੋਂ ਚਾਚਾ ਚਤਰ ਸਿੰਘ ਤੇ ਐੱਨਆਰਆਈ ਭਾਨਾ ਦੇ ਨਿਭਾਏ ਕਿਰਦਾਰ ਵੀ ਬੇਹੱਦ ਮਸ਼ਹੂਰ ਹੋਏ। ਫਿਰ ਜਦੋਂ ਜਸਵਿੰਦਰ ਭੱਲਾ ਨੇ ਫਿਲਮਾਂ ਦਾ ਰੁਖ਼ ਕੀਤਾ ਤਾਂ ਉਸ ਦੀ ਪਛਾਣ ਹੋਰ ਵੀ ਗੂੜ੍ਹੀ ਹੋ ਗਈ। ਛਣਕਾਟਾ ਐਲਬਮਜ਼ ਵਾਂਗ ਹੀ ਉਨ੍ਹਾਂ ਦੇ ਤਕੀਏ ਕਲਾਮ ਪੰਜਾਬੀ ਫਿਲਮਾਂ ਵਿਚ ਵੀ ਬੇਹੱਦ ਮਕਬੂਲ ਹੋਏ ਹਨ। 'ਕੈਰੀ ਆਨ ਜੱਟਾ', 'ਡੈਡੀ ਕੂਲ ਮੁੰਡੇ ਫੂਲ', 'ਲੱਕੀ ਦੀ ਅਣਲੱਕੀ ਸਟੋਰੀ', 'ਮਿਸਟਰ ਐਂਡ ਮਿਸਜ਼ 420', 'ਵੇਖ ਬਰਾਤਾਂ ਚੱਲੀਆਂ' ਵਰਗੀਆਂ ਫਿਲਮਾਂ ਵਿਚਲੇ ਕਿਰਦਾਰਾਂ ਨੇ ਜਸਵਿੰਦਰ ਭਲਾ ਦੀ ਫਿਲਮੀ ਪਰਦੇ 'ਤੇ ਬੱਲੇ-ਬੱਲੇ ਕਰਵਾ ਦਿੱਤੀ। ਜਸਵਿੰਦਰ ਭੱਲਾ ਦੀ ਅਦਾਕਾਰੀ ਦਾ ਸਫ਼ਰ ਅੱਜ ਵੀ ਜਾਰੀ ਹੈ। ਬਲਕਿ ਉਨ੍ਹਾਂ ਦਾ ਬੇਟਾ ਪੁਖਰਾਜ ਭੱਲਾ ਵੀ ਇਸ ਸਮੇਂ ਪੰਜਾਬੀ ਸਿਨੇਮਾ 'ਚ ਖ਼ੂਬ ਨਾਂ ਚਮਕਾ ਰਿਹਾ ਹੈ। ਆਉਣ ਵਾਲੇ ਸਮੇਂ 'ਚ ਜਸਵਿੰਦਰ ਭੱਲਾ ਕਈ ਪੰਜਾਬੀ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ।ਕਰਮਜੀਤ ਅਨਮੋਲ

ਗਾਇਕੀ ਤੋਂ ਫਿਲਮਾਂ ਵੱਲ ਆਇਆ ਕਰਮਜੀਤ ਅਨਮੋਲ ਅੱਜ ਪੰਜਾਬੀ ਫਿਲਮਾਂ ਦਾਂ ਨੰਬਰ 1 ਕਾਮੇਡੀਅਨ ਹੈ। ਦਰਸ਼ਕ ਉਸ ਦੀ ਅਦਾਕਾਰੀ ਦਾ ਹਰੇਕ ਰੰਗ ਮਾਣ ਚੁੱਕੇ ਹਨ, ਫਿਰ ਭਾਵੇਂ ਉਹ ਕਿਰਦਾਰ ਫਿਲਮ 'ਮੰਜੇ ਬਿਸਤਰੇ' ਵਾਲੇ ਸਾਧੂ ਹਲਵਾਈ ਦਾ ਹੋਵੇ, 'ਅਰਦਾਸ' ਵਾਲੇ ਲਾਲਾ ਸੰਭੂ ਨਾਥ ਦਾ ਹੋਵੇ ਜਾਂ ਫਿਰ 'ਮਿਸਟਰ ਐਂਡ ਮਿਸ਼ਜ 420 ਰਿਟਰਨਜ਼' ਵਾਲੀ ਔਰਤ ਪਾਤਰ 'ਗੰਗਾ' ਦਾ ਹੋਵੇ। ਉਸ ਨੇ ਹਰੇਕ ਕਿਰਦਾਰ ਨੂੰ ਰੂਹ ਨਾਲ ਖੇਡਿਆ ਹੈ ਤੇ ਦਰਸ਼ਕਾਂ ਨੇ ਵੀ ਉਸ ਦੇ ਇਨ੍ਹਾਂ ਕਿਰਦਾਰਾਂ ਨੂੰ ਦਿਲੋਂ ਪਿਆਰ ਦਿੱਤਾ ਹੈ। ਕਰਮਜੀਤ ਦਾ ਕਹਿਣਾ ਹੈ ਕਿ ਉਹ ਸਮਾਜ ਦੇ ਹਰੇਕ ਪਾਤਰ ਨੂੰ ਫਿਲਮੀ ਪਰਦੇ 'ਤੇ ਨਿਭਾਉਣ ਦੀ ਇੱਛਾ ਰੱਖਦਾ ਹੈ। ਇਹ ਪਾਤਰ ਉਸ ਦੇ ਆਲੇ-ਦੁਆਲੇ ਦੇ ਹੀ ਹਨ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਹ ਉਨ੍ਹਾਂ ਨੂੰ ਕਲਾ ਦੀ ਰੰਗਤ ਦਿੰਦਾ ਹੈ। ਕਰਮਜੀਤ ਅਨਮੋਲ ਗਾਇਕੀ ਅਤੇ ਫਿਲਮੀ ਪਰਦੇ ਦਾ ਇਕ ਸਰਗਰਮ ਕਲਾਕਾਰ ਹੈ। ਭਾਵੇਂ ਗਾਇਕੀ ਉਸ ਦਾ ਪਹਿਲਾ ਸ਼ੌਕ ਹੈ ਪਰ ਫਿਲਮੀ ਪਰਦੇ 'ਤੇ ਬਤੌਰ ਕਾਮੇਡੀਅਨ ਤੇ ਅਦਾਕਾਰ ਉਸ ਦੀ ਪਛਾਣ ਵਧੇਰੇ ਬਣੀ ਹੈ। ਕਰਮਜੀਤ ਅਨਮੋਲ ਹੁਣ ਤਕ 'ਕੈਰੀ ਆਨ ਜੱਟਾ', 'ਜੱਟ ਐਂਡ ਜੂਲੀਅਟ', 'ਜੀਂਹਨੇ ਮੇਰਾ ਦਿਲ ਲੁੱਟਿਆ', 'ਡੈਲੀ ਕੂਲ ਮੁੰਡੇ ਫੂਲ', 'ਗੋਰਿਆਂ ਨੂੰ ਦਫ਼ਾ ਕਰੋ', 'ਅਰਦਾਸ', 'ਅੰਬਰਸਰੀਆ', 'ਪ੍ਰਾਹੁਣਾ', 'ਲਾਟੂ' ਆਦਿ ਸਮੇਤ 70 ਤੋਂ ਵੱਧ ਪੰਜਾਬੀ ਫਿਲਮਾਂ ਵਿਚ ਅਦਾਕਾਰੀ ਦੇ ਜੌਹਰ ਵਿਖਾ ਚੁੱਕਾ ਹੈ। ਜ਼ਿਲ੍ਹਾ ਸੰਗਰੂਰ 'ਚ ਪੈਂਦੇ ਪਿੰਡ ਗੰਢੂਆਂ ਦਾ ਜੰਮਪਲ ਕਰਮਜੀਤ ਨਿੱਕਾ ਹੁੰਦਾ ਹੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀਆਂ ਲੋਕ ਗਥਾਵਾਂ ਸੁਣਨ ਦਾ ਸ਼ੌਕੀਨ ਸੀ। ਪਿਤਾ ਸਾਧੂ ਸਿੰਘ ਤੇ ਮਾਤਾ ਮੂਰਤੀ ਕੌਰ ਦੇ ਇਸ ਲਾਡਲੇ ਪੁੱਤਰ ਦੀ ਕਾਲਜ ਪੜ੍ਹਦਿਆਂ ਹੀ ਗਾਇਕੀ ਖੇਤਰ 'ਚ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਫਿਰ ਭਗਵੰਤ ਮਾਨ ਅਤੇ ਜਰਨੈਲ ਘੁਮਾਣ ਦੇ ਸਹਿਯੋਗ ਨਾਲ ਉਹ ਬਤੌਰ ਗਾਇਕ ਆਪਣੀ ਪਲੇਠੀ ਕੈਸਿਟ 'ਆਸ਼ਿਕ ਭਾਅ ਜੀ' ਲੇ ਕੇ ਹਾਜ਼ਰ ਹੋਇਆ। ਗਾਇਕੀ ਦੇ ਸੰਘਰਸ਼ ਦੌਰਾਨ ਹੀ ਉਸ ਨੇ ਭਗਵੰਤ ਮਾਨ ਨਾਲ ਕਾਮੇਡੀ ਸ਼ੋਅ ਵੀ ਕਰਨੇ ਸ਼ੁਰੂ ਕਰ ਦਿੱਤੇ। ਐੱਮਐੱਚਵੰਨ ਚੈਨਲ ਦੇ ਚਰਚਿਤ ਕਾਮੇਡੀ ਸ਼ੋਅ 'ਜੁਗਨੂੰ ਹਾਜ਼ਿਰ ਹੈ' 'ਚ ਕਰਮਜੀਤ ਨੇ ਅਨੇਕਾਂ ਕਾਮੇਡੀ ਕਿਰਦਾਰ ਨਿਭਾਏ। ਜ਼ਿਕਰਯੋਗ ਹੈ ਕਿ ਕਰਮਜੀਤ ਨੇ ਆਮ ਗੀਤਾਂ ਤੋਂ ਹਟ ਕੇ 'ਪਿੰਡ ਵਿਕਾਊ ਹੈ' ਅਤੇ 'ਕੁਰਸੀ' ਵਰਗੇ ਸੰਜੀਦਾ ਵਿਸ਼ਿਆਂ ਨਾਲ ਸਬੰਧਤ ਗੀਤ ਵੀ ਗਾਏ ਹਨ। ਪੰਜਾਬੀ ਫਿਲਮ 'ਜੱਟ ਬੁਆਏਜ਼ ਪੁੱਤ ਜੱਟਾ ਦੇ' 'ਚ ਉਸ ਵੱਲੋਂ ਗਾਇਆ ਗੀਤ 'ਯਾਰਾ ਓਏ' ਤਾਂ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਕਰਮਜੀਤ ਅਨਮੋਲ ਬਤੌਰ ਨਿਰਮਾਤਾ ਹੁਣ ਤਕ 'ਲਾਵਾਂ ਫੇਰੇ' ਅਤੇ 'ਮਿੰਦੋ ਤਹਿਸੀਲਦਾਰਨੀ' ਵਰਗੀਆਂ ਫਿਲਮਾਂ ਵੀ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕਾ ਹੈ।


ਉਪਾਸਨਾ ਸਿੰਘ

ਉਪਾਸਨਾ ਸਿੰਘ ਛੋਟੇ ਅਤੇ ਵੱਡੇ ਪਰਦੇ ਦੀ ਚਰਚਿਤ ਅਦਾਕਾਰਾ ਹੈ ਜਿਸ ਨੇ ਕਾਮੇਡੀ ਆਧਾਰਿਤ ਕਿਰਦਾਰਾਂ ਨਾਲ ਇਕ ਖ਼ਾਸ ਪਛਾਣ ਬਣਾਈ। ਉਪਾਸਨਾ ਨੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਕਈ ਪੰਜਾਬੀ ਫਿਲਮਾਂ 'ਚ ਬਤੌਰ ਨਾਇਕ ਦਮਦਾਰ ਕਿਰਦਾਰ ਨਿਭਾਏ। ਪੰਜਾਬੀ ਤੋਂ ਇਲਾਵਾ ਉਸ ਨੇ ਹਿੰਦੀ,ਰਾਜਸਥਾਨੀ ਅਤੇ ਗੁਜਰਾਤੀ ਫਿਲਮਾਂ ਵਿਚ ਵੀ ਆਪਣੀ ਪਛਾਣ ਕਾਇਮ ਕੀਤੀ ਹੈ। ਪਿਛਲੇ ਕੁਝ ਸਾਲਾਂ ਤੋਂ ਉਪਾਸਨਾ ਸਿੰਘ ਪਾਲੀਵੁੱਡ 'ਚ ਬਤੌਰ ਕਾਮੇਡੀਅਨ ਆਪਣੀ ਚੰਗੀ ਪਛਾਣ ਸਥਾਪਤ ਕਰ ਚੁੱਕੀ ਹੈ। ਪਿਛਲੇ ਸਮਿਆਂ ਦੌਰਾਨ ਆਈਆਂ ਪੰਜਾਬੀ ਫਿਲਮਾਂ ਨੇ ਉਸ ਦੇ ਨਾਂ ਨੂੰ ਖ਼ੂਬ ਚਮਕਾਇਆ ਹੈ। 'ਕੈਰੀ ਆਨ ਜੱਟਾ', 'ਜੱਟ ਐਂਡ ਜੂਲੀਅਟ' ਤੇ 'ਕੈਰੀ ਆਨ ਜੱਟਾ 2' ਸਮੇਤ ਕਈ ਫਿਲਮ ਵਿਚ ਜਸਵਿੰਦਰ ਭੱਲਾ ਨਾਲ ਉਸ ਦੀ ਜੋੜੀ ਕਾਫ਼ੀ ਚਰਚਾ ਵਿਚ ਰਹੀ। ਜ਼ਿਕਰਯੋਗ ਹੈ ਕਿ ਉਪਾਸਨਾ ਸਿੰਘ ਨੇ 1990 ਦੇ ਦਹਾਕੇ ਦੀ ਸੁਪਰਹਿੱਟ ਪੰਜਾਬੀ ਫਿਲਮ 'ਬਦਲਾ ਜੱਟੀ ਦਾ' ਤੋਂ ਗੁੱਗੂ ਗਿੱਲ ਨਾਲ ਬਤੌਰ ਨਾਇਕਾ ਪੰਜਾਬੀ ਸਿਨੇਮਾ ਵੱਲ ਕਦਮ ਵਧਾਇਆ। ਉਸ ਦੌਰ ਵਿਚ ਉਸ ਨੇ 'ਧੀ ਜੱਟ ਦੀ', 'ਸੂਬੇਦਾਰ', 'ਨਦੀਓਂ ਵਿਛੜੇ ਨੀਰ', 'ਮੇਰੀ ਵਹੁਟੀ ਦਾ ਵਿਆਹ', 'ਟਰੱਕ ਡਰਾਈਵਰ' ਆਦਿ ਫਿਲਮਾਂ ਵਿਚ ਕੰਮ ਕੀਤਾ। ਉਪਾਸਨਾ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਦੀ ਜੰਮਪਲ ਹੈ। ਅਦਾਕਾਰੀ ਦਾ ਸ਼ੌਕ ਉਸ ਨੂੰ ਸਕੂਲ ਸਮੇਂ ਤੋਂ ਹੀ ਰਿਹਾ। 7 ਸਾਲ ਦੀ ਉਮਰ ਵਿਚ ਉਸ ਨੇ ਦੂਰਦਰਸ਼ਨ ਜਲੰਧਰ ਦੇ ਬਾਲ ਪ੍ਰੋਗਰਾਮ ਵਿਚ ਹਿੱਸਾ ਲਿਆ। ਉਹ ਸ਼ੁਰੂ ਤੋਂ ਹੀ ਅਦਾਕਾਰੀ ਦੇ ਖੇਤਰ 'ਚ ਜਾਣਾ ਚਾਹੁੰਦੀ ਸੀ ਜਿਸ ਦਾ ਪਰਿਵਾਰ ਵਲੋਂ ਵਿਰੋਧ ਵੀ ਕੀਤਾ ਜਾਂਦਾ ਰਿਹਾ ਸੀ। ਸਿਰਫ਼ ਉਸ ਦੀ ਮਾਂ ਹੀ ਸੀ ਜਿਸ ਨੇ ਉਸ ਨੂੰ ਅੱਗੇ ਵਧਣ ਲਈ ਕਦਮ-ਕਦਮ 'ਤੇ ਸਾਥ ਦਿੱਤਾ। ਉਪਾਸਨਾ ਨੇ 'ਥੀਏਟਰ ਐਂਡ ਟੈਲੀਵਿਜਨ' ਦਾ ਡਿਪਲੋਮਾ ਵੀ ਕੀਤਾ। ਉਸ ਦੀ ਪਹਿਲੀ ਹੀ ਪੰਜਾਬੀ ਫਿਲਮ 'ਬਦਲਾ ਜੱਟੀ ਦਾ' ਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ। ਇਸ ਨਾਲ ਹੀ ਰਾਜਸਥਾਨੀ ਫਿਲਮ 'ਬਾਈ ਚਾਲੀ ਸਾਸਰੀਆ' ਵੀ ਕੀਤੀ ਜੋ ਸੁਪਰਹਿੱਟ ਰਹੀ। ਜਦਕਿ ਉਪਾਸਨਾ ਦੀ ਸੋਚ ਤਾਂ ਖੇਤਰੀ ਸਿਨੇਮਾ ਤੋਂ ਉਪਰ ਉੱਠ ਕੇ ਬਾਲੀਵੁੱਡ ਤਕ ਜਾਣ ਦੀ ਸੀ ਜਿਸ ਕਰ ਕੇ ਉਹ ਮੁੰਬਈ ਚਲੀ ਗਈ। ਪੰਜਾਬੀ ਸਿਨੇਮਾ ਸਦਕਾ ਮਿਲੀ ਪਛਾਣ ਨੇ ਉਪਾਸਨਾ ਸਿੰਘ ਨੂੰ ਵੱਡੇ ਪਰਦੇ ਨੇ ਵੀ ਛੇਤੀ ਪ੍ਰਵਾਨ ਕਰ ਲਿਆ ਤੇ ਉਸ ਕੋਲ ਕਈ ਵੱਡੇ ਬੈਨਰ ਦੀਆਂ ਫਿਲਮਾਂ ਆ ਗਈਆ। ਇਸ ਦੇ ਨਾਲ ਹੀ ਉਹ ਛੋਟੇ ਪਰਦੇ ਲਈ ਕਈ ਟੀਵੀ ਸੀਰੀਅਲਜ਼ ਵੀ ਕੀਤੇ। ਉਸ ਦੀ ਅਦਾਕਾਰੀ ਦੇ ਅਨੇਕਾਂ ਰੰਗਾਂ ਨੂੰ ਦਰਸ਼ਕਾਂ ਨੇ ਮਾਣਿਆ। ਹਿੰਦੀ ਫਿਲਮ 'ਜੁੜਵਾ' ਦੇ ਡਾਇਲਾਗ ਵੀ ਉਸ ਦੀ ਪਛਾਣ ਬਣੇ। ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਤੋਂ ਵੀ ਉਸ ਨੂੰ ਚੰਗੀ ਪ੍ਰਸਿੱਧੀ ਮਿਲੀ ਹੈ। ਉਪਾਸਨਾ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਉਹ ਛੋਟੇ ਪਰਦੇ ਦੀ ਬਜਾਏ ਪੰਜਾਬੀ ਸਿਨੇਮਾ ਨੂੰ ਵਧੇਰੇ ਤਰਜੀਹ ਦੇ ਰਹੀ ਹੈ। ਉਹ ਕਿਰਦਾਰਾਂ ਦੀ ਚੋਣ ਸਮਾਜਿਕ ਦਾਇਰੇ 'ਚ ਰਹਿ ਕੇ ਕਰਦੀ ਹੈ। ਆਪਣੀ ਸਫਲਤਾ 'ਚ ਉਹ ਆਪਣੀ ਮਾਂ ਅਤੇ ਭੈਣ ਦਾ ਬਹੁਤ ਵੱਡਾ ਯੋਗਦਾਨ ਮੰਨਦੀ ਹੈ।


ਰਾਣਾ ਰਣਬੀਰ

ਰਾਣਾ ਰਣਬੀਰ ਪੰਜਾਬੀ ਸਿਨੇਮਾ ਅਤੇ ਰੰਗਮੰਚ ਦਾ ਇਕ ਜਾਣਿਆ-ਪਛਾਣਿਆ ਨਾਂ ਹੈ ਜਿਸ ਨੇ ਅਨੇਕਾਂ ਪੰਜਾਬੀ ਫਿਲਮਾਂ ਵਿਚ ਆਪਣੀ ਅਰਥ ਭਰਪੂਰ ਕਾਮੇਡੀ ਨਾਲ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ ਹੈ। ਰਾਣਾ ਰਣਬੀਰ ਜਿੱਥੇ ਇਕ ਵਧੀਆ ਐਕਟਰ ਹੈ ਉੱਥੇ ਇਕ ਸੰਜੀਦਾ ਲੇਖਕ ਅਤੇ ਬੇਹੱਦ ਮਿਲਣਸਾਰ ਇੰਨਸਾਨ ਵੀ ਹੈ। ਪੰਜਾਬੀ ਫਿਲਮਾਂ ਤੋਂ ਇਲਾਵਾ ਪੰਜਾਬੀ ਰੰਗਮੰਚ ਨੂੰ ਵੀ ਰਾਣੇ ਦੀ ਵੱਡੀ ਦੇਣ ਹੈ। ਉਸ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਰੰਗਮੰਚ ਲਈ ਬਤੀਤ ਕੀਤਾ ਹੈ। ਦੇਸ਼ਾਂ-ਵਿਦੇਸ਼ਾਂ ਵਿਚ ਉਸ ਦੇ ਲਿਖੇ ਅਤੇ ਡਾਇਰੈਕਟ ਕੀਤੇ ਨਾਟਕ ਹਮੇਸ਼ਾਂ ਹੀ ਚਰਚਾ ਦਾ ਵਿਸ਼ੇ ਰਹੇ ਹਨ। ਇਹ ਪਹਿਲਾ ਕਲਾਕਾਰ ਹੈ ਜੋ ਸਮਾਜ ਨਾਲ ਜੁੜੇ ਮੁੱਦਿਆਂ, ਲੋਕਾਂ ਅਤੇ ਵਿਚਾਰਧਾਰ ਨੂੰ ਆਪਣੇ ਨਾਟਕਾਂ ਰਾਹੀਂ ਪੇਸ਼ ਕਰਦਾ ਆ ਰਿਹਾ ਹੈ। ਸੰਗਰੂਰ ਜ਼ਿਲ੍ਹਾ ਦੇ ਧੂਰੀ ਸ਼ਹਿਰ ਦੇ ਜੰਮਪਲ ਰਾਣਾ ਰਣਬੀਰ ਨੇ ਆਪਣੀ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਥੀਏਟਰ ਅਤੇ ਟੀਵੀ ਵਿਭਾਗ ਵਿਚ ਦਾਖ਼ਲਾ ਲਿਆ ਜਿੱਥੇ ਰੰਗਮੰਚ ਨਾਲ ਇਕ-ਮਿਕ ਹੁੰਦਿਆਂ ਉਸ ਨੇ ਆਪਣੀ ਕਲਾ ਨੂੰ ਇਕ ਨਵੀਂ ਪਰਵਾਜ਼ ਦਿੱਤੀ। ਰਾਣਾ ਰਣਬੀਰ ਸਾਹਿਤ ਦਾ ਅਧਿਐਨ ਕਰਨ ਵਾਲਾ ਇਕ ਗੰਭੀਰ ਪਾਠਕ, ਲੇਖਕ ਅਤੇ ਚਿੰਤਕ ਹੈ। ਉਸ ਨੇ ਪੰਜਾਬੀ ਸਾਹਿਤ ਦੀ ਝੋਲੀ ਕਈ ਬਹੁਮੁੱਲੀਆਂ ਕਿਤਾਬਾਂ ਪਾਈਆਂ। ਨਾਟਕਾਂ ਤੋਂ ਅੱਗੇ ਵਧਦਿਆਂ ਉਸ ਨੇ ਦੂਰਦਰਸ਼ਨ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨੀ ਸ਼ੁਰੂ ਕੀਤੀ। ਕਾਮੇਡੀਅਨ ਭਗਵੰਤ ਮਾਨ ਨਾਲ ਉਹ 'ਜੁਗਨੂੰ ਹਾਜ਼ਰ ਹੈ', 'ਜੁਗਨੂੰ ਮਸਤ ਮਸਤ' ਵਰਗੇ ਅਨੇਕਾਂ ਚਰਚਿਤ ਪ੍ਰੋਗਰਾਮਾਂ ਦਾ ਹਿੱਸਾ ਬਣਿਆ। ਇਹ ਉਹ ਸਮਾਂ ਸੀ ਜਦ ਰਾਣਾ ਰਣਬੀਰ ਦੀ ਅਦਾਕਾਰੀ ਨੂੰ ਪੰਜਾਬ ਦਾ ਬੱਚਾ-ਬੱਚਾ ਜਾਣਨ ਲੱਗਿਆ। ਫਿਲਮਾਂ ਦੀ ਗੱਲ ਕਰੀਏ ਤਾਂ ਰਾਣਾ ਆਪਣੇ ਕਾਮੇਡੀ ਕਿਰਦਾਰਾਂ ਨਾਲ ਵੱਡੇ ਪਰਦ ੇ'ਤੇ ਨਜ਼ਰ ਆਉਣ ਲੱਗਿਆ। ਪੰਜਾਬੀ ਸਿਨੇਮਾ ਦਾ ਉਹ ਦੌਰ ਜਦ ਮਨਮੋਹਨ ਸਿੰਘ ਵਰਗੇ ਸੁਲਝੇ ਹੋਏ ਨਿਰਦੇਸ਼ਕ ਨੇ ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਰਾਣਾ ਰਣਬੀਰ ਵਰਗੇ ਅਸਲ ਕਲਾਕਾਰਾਂ ਨੂੰ ਅੱਗੇ ਆਉਣ ਦਾ ਚੰਗਾ ਮੌਕਾ ਮਿਲਿਆ। ਉਸ ਨੇ ਹਰਭਜਨ ਮਾਨ ਦੀਆਂ ਨਾਇਕ ਵਜੋਂ ਆਈਆ ਫਿਲਮਾਂ 'ਅਸਾ ਨੂੰ ਮਾਣ ਵਤਨਾਂ ਦਾ', 'ਜੀ ਆਇਆਂ ਨੂੰ', 'ਦਿਲ ਆਪਣਾ ਪੰਜਾਬੀ', 'ਮਿੱਟੀ 'ਵਾਜਾਂ ਮਾਰਦੀ', 'ਮੇਰਾ ਪਿੰਡ' ਸਮੇਤ 'ਮੁੰਡੇ ਯੂਕੇ ਦੇ', 'ਲਗਦਾ ਇਸ਼ਕ ਹੋ ਗਿਆ', 'ਕਬੱਡੀ ਇਕ ਮੁਹੱਬਤ', 'ਚੱਕ ਜਵਾਨਾਂ','ਚੰਨਾ ਸੱਚੀ ਮੁੱਚੀ', 'ਜੱਟ ਐਂਡ ਜੂਲੀਅਟ', 'ਅਰਦਾਸ', 'ਨਿੱਕਾ ਜ਼ੈਲਦਾਰ' ਆਦਿ ਨਾਲ ਵੱਡੇ ਪਰਦੇ 'ਤੇ ਹਾਜ਼ਰੀ ਲਵਾਈ। ਰਾਣਾ ਰਣਬੀਰ ਨੇ ਆਪਣੇ ਕਿਰਦਾਰ ਰਾਹੀਂ ਕਲਾ ਦੀ ਹਰੇਕ ਵੰਨਗੀ ਨੂੰ ਬੜੀ ਗੰਭੀਰਤਾ ਨਾਲ ਕਾਮੇਡੀ ਨਜ਼ਰੀਏ ਤੋਂ ਪੇਸ਼ ਕੀਤਾ। ਰਾਣਾ ਨੇ ਅਦਾਕਾਰੀ ਦੇ ਨਾਲ-ਨਾਲ ਅਨੇਕਾਂ ਪੰਜਾਬੀ ਫਿਲਮਾਂ ਲਈ ਕਹਾਣੀਆਂ, ਸਕ੍ਰੀਨ ਪਲੇਅ ਅਤੇ ਡਾਇਲਾਗ ਲਿਖਣ ਦਾ ਕੰਮ ਵੀ ਕੀਤਾ। ਫਿਲਮ 'ਅਰਦਾਸ' ਵਿਚ ਕਾਮੇਡੀ ਤੋਂ ਉਪਰ ਉਠ ਕੇ 'ਲਾਟਰੀ ਪਾਤਰ' ਦੇ ਕਿਰਦਾਰ ਨੂੰ ਨਿਭਾਉਂਦਿਆਂ ਉਸ ਨੂੰ ਦਿਲੋਂ ਸਕੂਲ ਮਿਲਿਆ। ਬਤੌਰ ਲੇਖਕ ਨਿਰਦਸ਼ਕ ਅਤੇ ਅਦਾਕਾਰ ਉਸ ਨੇ ਆਪਣੀ ਫਿਲਮ 'ਆਸੀਸ' ਨਾਲ ਪੰਜਾਬੀ ਸਿਨੇਮਾ ਨੂੰ ਇਕ ਨਵਾਂ ਮੋੜ ਦੇਣ ਦਾ ਸਾਰਥਕ ਯਤਨ ਕੀਤਾ ਜਿਸ ਨੂੰ ਦਰਸ਼ਕਾ ਨੇ ਵੀ ਜੀ ਆਇਆਂ ਆਖਿਆ। ਰਾਣਾ ਰਣਬੀਰ ਅੱਜ ਭਾਵੇਂ ਬਹੁਤੇ ਦਰਸ਼ਕਾਂ ਲਈ ਇਕ ਕਾਮੇਡੀ ਕਲਾਕਾਰ ਹੀ ਹੋਵੇਗਾ ਪਰ ਉਸ ਨੂੰ ਨੇੜਿਓਂ ਸਮਝਣ ਵਾਲੇ ਜਾਣਦੇ ਹਨ ਕਿ ਉਹ ਕਲਾ ਦਾ ਵੱਡਾ ਭੰਡਾਰ ਅਤੇ ਸਵੱਲੀ ਸੋਚ ਵਾਲਾ ਹਰਫ਼ਨਮੌਲਾ ਕਲਾਕਾਰ ਹੈ।

ਇਨ੍ਹਾਂ ਨੌ ਕਾਮੇਡੀ ਕਲਾਕਾਰਾਂ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਕਲਾਕਾਰ ਹੋਏ ਹਨ ਜਿਨ੍ਹਾਂ ਨੇ ਕਲਾ ਦੇ ਦਮ 'ਤੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ। ਮਰਹੂਮ ਜਸਪਾਲ ਭੱਟੀ ਤੇ ਮੇਹਰ ਮਿੱਤਲ ਅਜਿਹੇ ਹਾਸਰਸ ਕਲਾਕਾਰ 'ਚੋਂ ਹਨ ਜਿਨ੍ਹਾਂ ਨੂੰ ਅੱਜ ਵੀ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ। ਸਿਆਸਦਾਨ ਭਗਵੰਤ ਮਾਨ ਨੇ ਵੀ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਕਾਮੇਡੀ ਨਾਲ ਦਰਸ਼ਕਾਂ ਨੂੰ ਖ਼ੂਬ ਹਸਾਇਆ। ਇਨ੍ਹਾਂ ਤੋਂ ਇਲਾਵਾ ਹੋਰ ਕਈ ਪੰਜਾਬੀ ਹਾਸਰਸ ਕਲਾਕਾਰ ਹਨ ਜੋ ਛੋਟੀਆਂ ਵੱਡੀਆਂ ਫਿਲਮਾਂ ਜ਼ਰੀਏ ਇਸ ਵਕਤ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਰਹੇ ਹਨ।

ਸੁਰਜੀਤ ਜੱਸਲ

98146-07737

Posted By: Harjinder Sodhi