-ਪਰਾਗ ਛਾਪੇਕਰ

ਫਿਲਮ- ਦਿ ਤਾਸ਼ਕੰਦ ਫਾਈਲਜ਼ (The Tashkent Files)

ਸਟਾਰਕਾਸਟ : ਨਸੀਰੂਦੀਨ ਸ਼ਾਹ, ਮਿਥੁਨ ਚਕਰਬਰਤੀ, ਸ਼ਵੇਤਾ ਬਸੁ, ਪੱਲਵੀ ਜੋਸ਼ੀ, ਮੰਦਿਰਾ ਬੇਦੀ, ਪੰਕਜ ਤ੍ਰਿਪਾਠੀ ਆਦਿ।

ਨਿਰਮਾਤਾ/ਨਿਰਦੇਸ਼ਕ/ਪਟਕਥਾ : ਵਿਵੇਕ ਅਗਨੀਹੋਤਰੀ

ਸਾਡੀ ਫਿਲਮ ਇੰਡਸਟਰੀ ਸਿਆਸੀ ਮੁੱਦਿਆਂ 'ਤੇ ਫਿਲਮਾਂ ਬਣਾਉਣ ਤੋਂ ਹਮੇਸ਼ਾ ਕਤਰਾਉਂਦੀ ਰਹੀ ਹੈ। ਆਜ਼ਾਦੀ ਤੋਂ ਬਾਅਦ ਕੁਝ ਗਿਣੀਆਂ-ਚੁਣੀਆਂ ਫਿਲਮਾਂ ਹੀ ਹਨ ਜੋ ਸਿਆਸੀ ਮੁੱਦਿਆਂ 'ਤੇ ਬਣੀਆਂ ਹਨ! ਜੋ ਬਣਾਈਆਂ ਗਈਆਂ ਹਨ ਉਸ ਵਿਚ ਏਜੰਡਾ ਫਿਲਮਾਂ ਜ਼ਿਆਦਾ ਰਹੀਆਂ ਅਤੇ ਨਿਰਪੱਖ ਸਿਆਸੀ ਫਿਲਮਾਂ ਦੀ ਘਾਟ ਰਹੀ ਹੈ! ਹੁਣ ਇਸ ਪ੍ਰੰਪਰਾ ਨੂੰ ਬਦਲਣ ਦੀ ਕੋਸ਼ਿਸ਼ ਵਿਚ ਜੁਟੀ ਹੈ ਡਾਇਰੈਕਟਰ ਵਿਵੇਕ ਅਗਨੀਹੋਤਰੀ ਦੀ ਫਿਲਮ- ਦਿ ਤਾਸ਼ਕੰਦ ਫਾਈਲਜ਼।

ਇਹ ਕਹਾਣੀ ਹੈ ਅਖ਼ਬਾਰ ਦੀ ਰਿਪੋਰਟਰ ਰਾਗਿਨੀ ਦੀ, ਜਿਸ ਦਾ ਬੌਸ ਉਸ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਦਿੰਦਾ ਹੈ ਅਤੇ ਇਸ ਦੌਰਾਨ ਰਾਗਿਨੀ ਨੂੰ ਇਕ ਸਨਸਨੀਖੇਜ਼ ਰਿਪੋਰਟ ਦੇਣੀ ਹੈ! ਰਾਗਿਨੀ ਨੂੰ ਇਕ ਕਾਲ ਆਉਂਦੀ ਹੈ ਅਤੇ ਕੁਝ ਪਹੇਲੀਆਂ ਬੁਝਾਉਣ ਤੋਂ ਬਾਅਦ ਉਹ ਇਕ ਹਿੰਟ ਦਿੰਦਾ ਹੈ ਜੋ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ Lal Bahadur Shastri ਦੀ ਰਹੱਸਮਈ ਮੌਤ ਨਾਲ ਜੁੜਿਆ ਹੈ!

ਕਾਬਿਲੇਗ਼ੌਰ ਹੈ ਕਿ ਲਾਲ ਬਹਾਦੁਰ ਸ਼ਾਸਤਰੀ ਇਕ ਸਮਝੌਤਾ ਸਾਈਨ ਕਰਨ ਪੂਰਵ ਸੋਵੀਅਤ ਯੂਨੀਅਨ ਦੀ ਰਾਜਧਾਨੀ ਤਾਸ਼ਕੰਦ ਗਏ ਸਨ ਅਤੇ ਸਮਝੌਤਾ ਸਾਈਨ ਕਰਨ ਤੋਂ ਬਾਅਦ ਉੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ! ਉਦੋਂ ਤੋਂ ਲੈ ਕੇ ਅੱਜ ਤਕ ਸ਼ਾਸਤਰੀ ਜੀ ਦੀ ਮੌਤ ਸਬੰਧੀ ਇਹ ਕਿਆਸ ਹਮੇਸ਼ਾ ਤੋਂ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਜਾਂ ਜ਼ਹਿਰ ਦੇ ਕੇ ਹੋਈ? ਇਸ ਸਟੋਰੀ 'ਤੇ ਰਾਗਿਨੀ ਦਿਲੋਂ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਅੱਗੇ ਇਸ ਦੌਰਾਨ ਉਸ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕੁਝ ਇਸੇ ਤਾਣੇ-ਬਾਣੇ 'ਤੇ ਆਧਾਰਿਤ ਹੈ ਫਿਲਮ ਤਾਸ਼ਕੰਦ ਫਾਈਲਜ਼।

ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਇਸ ਪੇਚੀਦਾ ਵਿਸ਼ੇ 'ਤੇ ਫਿਲਮ ਬਣਾਉਣ ਲਈ ਕਮੇਟੀ ਨੂੰ ਡਿਵਾਈਸ ਬਣਾ ਕੇ ਆਮ ਆਦਮੀ ਦੇ ਸਮਝਣ ਲਈ ਬਿਹਤਰੀਨ ਕੰਮ ਕੀਤਾ ਹੈ। ਰਾਗਿਨੀ ਦੇ ਪੁਆਇੰਟ ਆਫ ਵਿਊ ਤੋਂ ਵਿਵੇਕ ਦਾ ਮੰਨਣਾ ਹੈ ਕਿ ਸ਼ਾਸਤਰੀ ਜੀ ਦੀ ਮੌਤ ਜ਼ਹਿਰ ਦੇ ਕੇ ਹੀ ਕੀਤੀ ਗਈ ਸੀ ਅਤੇ ਇਸ ਲਈ ਉਨ੍ਹਾਂ ਅਲੱਗ-ਅਲੱਗ ਸਬੂਤ ਪੇਸ਼ ਕੀਤੇ ਜੋ ਦੁਨੀਆ ਭਰ ਦੀਆਂ ਕਿਤਾਬਾਂ ਵਿਚ ਦਰਜ ਹਨ। ਇਤਿਹਾਸਕ ਕਿਤਾਬਾਂ ਦੇ ਵੱਖ-ਵੱਖ ਐਂਗਲ ਲੈ ਕੇ ਵਿਵੇਕ ਸਾਬਿਤ ਜ਼ਰੂਰ ਕਰਦੇ ਹਨ ਕਿ ਸ਼ਾਸਤਰੀ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪੋਸਟਮਾਰਟਮ ਨਾ ਕੀਤਾ ਜਾਣਾ ਅਤੇ ਉਨ੍ਹਾਂ ਦੇ ਸਰੀਰ ਦਾ ਕਾਲਾ ਪੈ ਜਾਣਾ, ਕਿਤੇ-ਨਾ-ਕਿਤੇ ਇਕ ਰਹੱਸ ਜ਼ਰੂਰ ਪੈਦਾ ਕਰਦਾ ਹੈ ਅਤੇ ਜਿਸ ਦੇ ਪਿੱਛੇ ਸਟੇਟ ਦੀ ਸਪਾਂਸਰਸ਼ਿਪ ਰਹੀ, ਇਹ ਖਦਸ਼ਾ ਵੀ ਉਹ ਜ਼ਾਹਿਰ ਕਰਦੇ ਹਨ! ਨਾਲ ਹੀ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਡਿਸਕਲੇਮਰ ਦੇ ਕੇ ਬਚ ਜਾਂਦੇ ਹਨ ਕਿ ਇਹ ਸਿਰਫ਼ ਰਚਨਾਤਮਕ ਕਾਰਜ ਹੈ। ਅਜਿਹੇ ਵਿਚ ਇਸ ਰਚਨਾਤਮਕ ਕਾਰਜ 'ਤੇ ਕਿੰਨਾ ਭਰੋਸਾ ਕੀਤਾ ਜਾਵੇ, ਇਹ ਕਹਿਣਾ ਮੁਸ਼ਕਲ ਹੈ?

ਅਦਾਕਾਰੀ ਦੀ ਜੇਕਰ ਗੱਲ ਕਰੀਏ ਤਾਂ ਸ਼ਵੇਤਾ ਬਸੂ ਪ੍ਰਸਾਦ ਆਪਣੀ ਸਸ਼ਕਤ ਮੌਜੂਦਗੀ ਦਰਜ ਕਰਵਾਉਂਦੀ ਹੈ। ਇਸ ਤੋਂ ਇਲਾਵਾ ਪੱਲਵੀ ਜੋਸ਼ੀ, ਨਸੀਰੂਦੀਨ ਸ਼ਾਹ, ਪੰਕਜ ਤ੍ਰਿਪਾਠੀ, ਵੀਐੱਮ ਬੜੌਦਾ, ਮੰਦਿਰਾ ਬੇਦੀ ਅਤੇ ਰਾਜੇਸ਼ ਸ਼ਰਮਾ ਵਰਗੇ ਕਲਾਕਾਰ ਫਿਲਮ ਦਾ ਸਸ਼ਕਤ ਆਧਾਰ ਰਹੇ। ਤ੍ਰਿਪਾਠੀ ਦੇ ਕਿਰਦਾਰ ਵਿਚ ਮਿਥੁਨ ਚਕਰਵਰਤੀ ਪੂਰੀ ਤਰ੍ਹਾਂ ਛਾਏ ਰਹੇ। ਕੁੱਲ ਮਿਲਾ ਕੇ ਜੇਕਰ ਤੁਹਾਨੂੰ ਸਿਆਸੀ ਫਿਲਮਾਂ ਵਿਚ ਦਿਲਚਸਪੀ ਹੈ ਅਤੇ ਜੇਕਰ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਸ਼ਾਸਤਰੀ ਜੀ ਦੀ ਮੌਤ ਨਾਲ ਜੁੜੀਆਂ ਤਮਾਮ ਸਾਰੀਆਂ ਥਿਓਰੀਜ਼ ਨਾਲ ਤੁਸੀਂ ਵਾਕਿਫ਼ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਫਿਲਮ ਦੇਖਣ ਜਾ ਸਕਦੇ ਹੋ।

ਜਾਗਰਣ ਡਾਟ ਕਾਮ ਰੇਟਿੰਗ : ਪੰਜ (5) 'ਚੋਂ ਢਾਈ (2.5) ਸਟਾਰ

ਮਿਆਦ : 144 ਮਿੰਟ

Posted By: Seema Anand