ਡਾਇਰੈਕਟਰ : ਆਨੰਦ ਸੁਰਾਪੁਰ

ਮੁੱਖ ਕਲਾਕਾਰ : ਫਰਹਾਨ ਅਖ਼ਤਰ, ਅਨੂੰ ਕਪੂਰ, ਕਮਲ ਸਿੱਧੂ, ਵੇਲੇਂਤੀਨਾ (ਇਤਾਲਵੀ ਅਭਿਨੇਤਰੀ)

ਸਮਾਂ : 1 ਘੰਟੇ 38 ਮਿੰਟ


ਕਰੀਬ ਇਕ ਦਹਾਕੇ ਪਹਿਲਾਂ ਬਣੀ 'ਦ ਫ਼ਕੀਰ ਆਫ ਵੇਨਿਸ' ਆਖ਼ਰ ਰਿਲੀਜ ਹੋ ਰਹੀ ਹੈ। ਇਹ ਫਿਲਮ ਸੱਚੀ ਘਟਨਾ 'ਤੇ ਆਧਾਰਿਤ ਹੈ। ਹੁਣ ਨਿਰਮਾਤਾ, ਨਿਰਦੇਸ਼ਕ ਅਤੇ ਅਭਿਨੇਤਾ ਦੇ ਤੌਰ 'ਤੇ ਆਪਣੀ ਪੁਖ਼ਤਾ ਪਛਾਣ ਬਣਾ ਚੁੱਕੇ ਫਰਹਾਨ ਅਖ਼ਤਰ ਦੀ ਬਤੌਲ ਅਭਿਨੇਤਾ ਇਹ ਡੈਬਿਊ ਫਿਲਮ ਹੋਣੀ ਸੀ, ਪਰ ਆਰਥਿਕ ਅਤੇ ਕਾਨੂੰਨੀ ਦਿੱਕਤਾਂ ਕਾਰਨ ਫਿਲਮ ਡੱਬੇ 'ਚ ਬੰਦ ਹੋ ਗਈ ਸੀ।

ਫਿਲਮ ਦੀ ਸ਼ੁਰੂਆਤ ਪ੍ਰੋਡਕਸ਼ਨ ਕੋਆਰੀਨੇਟਰ ਆਦਿ ਕੰਟਰੈਕਟਰ (ਫਰਹਾਨ ਅਖ਼ਤਰ) ਵੱਲੋਂ ਸਰਹੱਦ ਦੇ ਨੇੜੇ ਵਿਦੇਸ਼ੀ ਕਰੂ ਨੂੰ ਬਾਂਦਰ ਪਹੁੰਚਾਉਣ ਨਾਲ ਹੁੰਦੀ ਹੈ। ਉਹ ਆਪਣੀ ਹੁਸ਼ਿਆਰੀ ਨਾਲ ਇਸ ਕੰਮ ਨੂੰ ਅੰਜ਼ਾਮ ਦਿੰਦਾ ਹੈ। ਉਸ ਕੋਲ ਵੇਨਿਸ 'ਚ ਇਕ ਪ੍ਰਸਿੱਧ ਕਲਾ-ਪ੍ਰਦਰਸ਼ਨੀ ਦੇ ਪ੍ਰਬੰਧਕ ਵੱਲੋਂ ਇਕ ਫ਼ਕੀਰ ਨੂੰ ਲਿਆਉਣ ਦਾ ਪ੍ਰਸਤਾਵ ਆਉਂਦਾ ਹੈ। ਉਨ੍ਹਾਂ ਨੂੰ ਅਜਿਹੇ ਫ਼ਕੀਰ ਦੀ ਭਾਲ ਹੁੰਦੀ ਹੈ, ਜੋ ਧੀਰਜ ਦਾ ਅਨੋਖਾ ਪ੍ਰਦਰਸ਼ਨ ਕਰ ਸਕੇ। ਉਸ ਲਈ ਮਿੱਟੀ ਨਾਲ ਲਿੱਬੜੇ ਸਿਰ ਵਾਲੇ ਸਾਧੂ ਦੀ ਫੋਟੋ ਭੇਜੀ ਜਾਂਦੀ ਹੈ।

ਆਦਿ ਸਾਧੂ ਦੀ ਖੋਜ 'ਚ ਬਨਾਰਸ ਜਾਂਦਾ ਹੈ।

ਉੱਥੇ ਉਸ ਨੂੰ ਵੱਖ-ਵੱਖ ਤਰ੍ਹਾਂ ਦੇ ਸਾਧੂ ਮਿਲਦੇ ਹਨ, ਪਰ ਜ਼ਰੂਰਤ ਦੇ ਮੁਤਾਬਿਕ ਨਹੀਂ। ਮੁੰਬਈ 'ਚ ਉਸ ਦੀ ਭਾਲ ਪੂਰੀ ਹੁੰਦੀ ਹੈ। ਉਸ ਦੀ ਮੁਲਾਕਾਤ ਗ਼ਰੀਬ ਮਜ਼ਦੂਰ ਸਤਾਰ (ਅਨੂੰ ਕਪੂਰ) ਨਾਲ ਹੁੰਦੀ ਹੈ। ਉਹ ਮਿੱਟੀ 'ਚ ਦਫ਼ਨ ਹੋਣ ਦੀ ਪ੍ਰਕਿਰਿਆ ਦਾ ਅਭਿਆਸੀ ਹੁੰਦਾ ਹੈ। ਦਫ਼ਨ ਦੀ ਪ੍ਰਕਿਰਿਆ 'ਚ ਉਸ ਦੇ ਪੂਰੇ ਸਰੀਰ ਨੂੰ ਮਿੱਟੀ ਨਾਲ ਢਕ ਦਿੱਤਾ ਜਾਂਦਾ ਹੈ। ਸਿਰਫ਼ ਹੱਥ ਹੀ ਬਾਰ ਵੱਲ ਪ੍ਰਣਾਮ ਕਰਦੇ ਦਿਸਦੇ ਹਨ। ਆਦਿ ਨਿਊਯਾਰਕ ਦੇ ਫਿਲਮ ਸਕੂਲ 'ਚ ਦਾਖ਼ਲੇ ਲਈ ਜਲਦ ਪੈਸਾ ਕਮਾਉਣਾ ਚਾਹੁੰਦਾ ਹੈ। ਉਹ ਸਤਾਰ ਨੂੰ ਵੇਨਿਸ ਚੱਲਣ ਲਈ ਮਨਾ ਲੈਂਦਾ ਹੈ। ਦੋਵੇਂ ਵੇਨਿਸ ਪਹੁੰਚਦੇ ਹਨ। ਸਤਾਰ ਅੰਗਰੇਜ਼ੀ ਜਾਂ ਇਤਾਲਵੀ ਬੋਲਣ 'ਚ ਅਸਮਰੱਥ ਹੁੰਦਾ ਹੈ।

ਲਿਹਾਜ਼ਾ ਥੋੜ੍ਹਾ ਅਲੱਗ-ਥਲੱਗ ਪੈ ਜਾਂਦਾ ਹੈ। ਉੱਥੇ, ਆਦਿ ਲਈ ਪੈਸੇ ਕਮਾਉਣ ਦੇ ਰਾਹ ਖੁੱਲ੍ਹਦੇ ਹਨ। ਹਾਲਾਂਕਿ ਸਤਾਰ ਦੀ ਸ਼ਰਾਬ ਪੀਣ ਦੀ ਆਦਤ ਕੰਮ 'ਚ ਰੁਕਾਵਟ ਬਣਦੀ ਹੈ। ਆਦਿ ਨੂੰ ਯਕੀਨ ਹੈ ਕਿ ਉਹ ਆਪਣੇ ਮਕਸਦ 'ਚ ਕਾਮਯਾਬ ਰਹੇਗਾ। ਕੀ ਉਸ ਦਾ ਛਲ ਫੜਿਆ ਜਾਵੇਗਾ? ਇਸੇ ਦੇ ਆਲੇ-ਦੁਆਲੇ ਫਿਲਮ ਦੀ ਕਹਾਣੀ ਹੈ।


ਫਰਹਾਨ ਅਖ਼ਤਰ ਦੀ ਇਹ ਪਹਿਲੀ ਫਿਲਮ ਸੀ, ਪਰ ਅਭਿਨੈ 'ਚ ਉਸ ਨੇ ਰੰਗ ਜਮਾਇਆ ਹੈ। ਅਨੂੰ ਕਪੂਰ ਮੰਝੇ ਹੋਏ ਅਭਿਨੇਤਾ ਹਨ। ਉਨ੍ਹਾਂ ਨੇ ਸਤਾਰ ਨੂੰ ਬਾਖੂਬੀ ਆਤਮਸਾਤ ਕੀਤਾ ਹੈ। ਉਸ ਦੀਆਂ ਮੁਸ਼ਕਿਲਾਂ, ਸਾਦਗੀ ਅਤੇ ਦਰਦ ਦੇ ਹਾਵ-ਭਾਵ ਨੂੰ ਪ੍ਰਗਟ ਕਰਨ 'ਚ ਕਾਮਯਾਬ ਰਹੇ।

ਹੋਟਲ 'ਚ ਸ਼ਰਾਬ ਨਾ ਮਿਲਣ 'ਤੇ ਸਤਾਰ ਦਾ ਬੇਕਾਬੂ ਹੋਣਾ, ਹਿੰਦੀ 'ਚ ਆਪਣੀ ਇੱਛਾ ਜ਼ਾਹਿਰ ਕਰਨਾ ਅਤੇ ਸ਼ਰਾਬ ਪੀਣ ਤੋਂ ਬਾਅਦ ਅੰਗਰੇਜ਼ੀ ਬੋਲਣਾ ਵਰਗੇ ਦ੍ਰਿਸ਼ ਚੰਗੇ ਬਣ ਪਏ ਹਨ। ਫਿਲਮ ਬਨਾਰਸ ਤੋਂ ਮੁੰਬਈ ਹੁੰਦੇ ਹੋਏ ਜਦੋਂ ਵੇਨਿਸ ਪਹੁੰਚਦੀ ਹੈ ਤਾਂ ਉੱਥੋਂ ਦੀ ਕੁਦਰਤੀ ਖ਼ੂਬਸੂਰਤੀ ਨੂੰ ਦੀਪਿਤ ਗੁਪਤਾ ਨੇ ਕੈਮਰੇ 'ਚ ਬਾਖੂਬੀ ਕੈਦ ਕੀਤਾ ਹੈ। ਫਿਲਮ 'ਚ ਕਾਮੇਡੀ ਸੀਨ ਵੀ ਪਾਏ ਗਏ ਹਨ। ਫਿਲਮ 'ਚ ਕਈ ਦ੍ਰਿਸ਼ਾਂ ਦਾ ਦੁਹਰਾਅ ਹੈ, ਜੋ ਉਕਾਊ ਲੱਗਦਾ ਹੈ।


ਲੇਖਕ ਰਾਜੇਸ਼ ਦੇਵਰਾਜ ਜੇਕਰ ਸਤਾਰ ਦੇ ਕਿਰਤਾਰ ਦੀ ਡੂੰਘਾਈ, ਪੱਛਮੀ ਸੋਚ ਅਤੇ ਉਸ ਦੀ ਮਨੋ-ਵਿੱਥਿਆ ਦੀ ਡੂੰਘਾਈ ਨਾਲ ਪੜਤਾਲ ਕਰਦੇ ਤਾਂ ਫਿਲਮ ਚੰਗੀ ਬਣ ਸਕਦੀ ਸੀ। ਜਦੋਂ ਦੋ ਲੋਕ ਇਕ-ਦੂਜੇ ਦੀ ਭਾਸ਼ਾ ਤੋਂ ਅਣਜਾਨ ਹੋਣ ਦੇ ਬਾਵਜ਼ੂਦ ਭਾਵਨਾਵਾਂ ਨੂੰ ਸਮਝਦੇ ਹਨ ਤਾਂ ਉਸ ਦਾ ਅਹਿਸਾਸ ਵੱਖਰਾ ਹੁੰਦਾ ਹੈ। ਸਤਾਰ ਦੇ ਇਤਾਲਵੀ ਅਤੇ ਅੰਗਰੇਜ਼ੀ ਨਾ ਬੋਲ ਸਕਣ ਦੇ ਬਾਵਜੂਦ ਉੱਥੋਂ ਦੀ ਲੜਕੀ ਨਾਲ ਦੋਸਤੀ ਹੋਣ ਤੋਂ ਬਾਅਦ ਆਪਸੀ ਗੱਲਬਾਤ ਦੇ ਸੀਨ ਭਾਵਪੂਰਨ ਨਹੀਂ ਬਣ ਸਕੇ।

ਫਿਲਮ ਦੇ ਇਕ ਸੀਨ 'ਚ ਪ੍ਰਦਰਸ਼ਨੀ ਦਾ ਪ੍ਰਬੰਧਕ ਆਦਿ ਨੂੰ ਕਹਿੰਦਾ ਹੈ ਕਿ ਉਹ ਜਾਣਦਾ ਹੈ ਕਿ ਇਹ ਫ਼ਕੀਰ ਨਹੀਂ ਹੈ। ਉਹ ਸੀਨ ਹੈਰਾਨ ਨਹੀਂ ਕਰਦਾ। ਇਸੇ ਤਰ੍ਹਾਂ ਇਕ ਸੀਨ 'ਚ ਜਦੋਂ ਆਦਿ ਕਹਿੰਦਾ ਹੈ ਕਿ ਉਹ ਭਾਰਤ ਛੱਡਣਾ ਚਾਹੁੰਦਾ ਹੈ, ਜਦੋਂਕਿ ਉਸ ਦੀ ਦੋਸਤ ਭਾਰਤ ਦੇਖਣ ਦੀ ਲਾਲਸਾ ਰੱਖਦੀ ਹੈ।

ਇਸ ਤਰ੍ਹਾਂ ਦੇ ਦ੍ਰਿਸ਼ਾਂ 'ਚ ਭਾਰਤੀ ਅਤੇ ਪੱਛਮੀ ਸੱਭਿਅਤਾ ਦੀ ਸੋਚ 'ਚ ਅੰਤਰ ਅਤੇ ਟਕਰਾਅ ਦੇ ਦਵੰਦ ਨੂੰ ਰੌਚਕ ਬਣਾਉਣ ਦੀ ਭਰਪੂਰ ਸੰਭਾਵਨਾ ਸੀ। ਉਸ 'ਚ ਲੇਖਕ ਥੋੜ੍ਹਾ ਉੱਕ ਗਏ ਹਨ। ਫਿਲਹਾਲ, ਅਰਸੇ ਬਾਅਦ ਰਿਲੀਜ ਹੋਣ ਤੋਂ ਬਾਅਦ ਫਿਲਮ ਥੋੜ੍ਹੀ ਪੁਰਾਣੀ ਲੱਗੇਗੀ, ਕਿਉਂਕਿ ਹੁਣ ਆਧੁਨਿਕ ਤਕਨੀਕ ਸਿਨੇਮਾ 'ਚ ਕਾਫ਼ੀ ਬਦਲਾਅ ਲੈ ਆਈ ਹੈ।

-ਸਮਿਤਾ ਸ੍ਰੀਵਾਤਸਵ

Posted By: Arundeep