ਡਾਇਰੈਕਟਰ : ਭੂਸ਼ਣ ਪਟੇਲ

ਮੁੱਖ ਕਲਾਕਾਰ : ਸਚਿਨ ਜੋਸ਼ੀ, ਨਰਗਿਸ ਫਾਖ਼ਰੀ, ਅਲੀ ਅਸਗਰ, ਮੋਨਾ ਸਿੰਘ, ਨਵਨੀਤ ਕੌਰ ਢਿੱਲੋਂ, ਵਿਵਾਨ ਭਤੇਨਾ

ਸਮਾਂ : 2 ਘੰਟੇ 12 ਮਿੰਟ

ਇਸ ਸਾਲ ਦੀ ਪਹਿਲੀ ਹਾਰਰ ਫਿਲਮ 'ਅਮਾਵਸ' ਦੀ ਰਿਲੀਜ਼ ਕਈ ਵਾਰ ਟਲੀ। ਇਸ ਫਿਲਮ ਦੇ ਡਾਇਰੈਕਟਰ ਭੂਸ਼ਣ ਪਟੇਲ '1920 : ਈਵਿਲ ਰਿਟਰਨਸ', 'ਰਾਗਿਨੀ ਐੱਮਐੱਮਐੱਸ2' ਅਤੇ 'ਅਲੋਨ' ਵਰਗੀਆਂ ਹਾਰਰ ਫਿਲਮਾਂ ਬਣਾ ਚੁੱਕੇ ਹਨ। 'ਅਮਾਵਸ' ਉਨ੍ਹਾਂ ਦੀ ਚੌਥੀ ਹਾਰਰ ਫਿਲਮ ਹੈ।

ਕਹਾਣੀ ਸ਼ੁਰੂ ਹੁੰਦੀ ਹੈ ਲੰਡਨ 'ਚ ਰਹਿਣ ਵਾਲੀ ਆਹਨਾ (ਨਰਗਿਸ ਫਾਖ਼ਰੀ) ਦੀ ਉਸ ਜਿਦ ਦੇ ਨਾਲ, ਜਿੱਥੇ ਉਹ ਆਪਣੀ ਦੂਜੀ ਐਨਵਰਸਰੀ ਮਨਾਉਣ ਲਈ ਪੈਰਿਸ ਨਹੀਂ, ਸਗੋਂ ਆਪਣੇ ਪ੍ਰੇਮੀ ਕਰਨ ਅਜਮੇਰਾ (ਸਚਿਨ ਜੋਸ਼ੀ) ਦੇ ਸਮਰ ਹਾਊਸ ਜਾਣਾ ਚਾਹੁੰਦੀ ਹੈ। ਅੱਠ ਸਾਲ ਪਹਿਲਾਂ ਕਰਨ ਦੇ ਉਸ ਘਰ 'ਚ ਇਕ ਹਦਾਸਾ ਵਾਪਰਿਆ ਸੀ। ਇਸ ਲਈ ਉਹ ਉੱਥੇ ਨਹੀਂ ਜਾਣਾ ਚਾਹੁੰਦਾ, ਪਰ ਦਾਦੀ ਦੇ ਸਮਝਾਉਣ 'ਤੇ ਉਹ ਆਹਨਾ ਨੂੰ ਲੈ ਕੇ ਉੱਥੇ ਚਲਾ ਜਾਂਦਾ ਹੈ।

ਸਮਰ ਹਾਊਸ ਦੇ ਕੇਅਰਟੇਕਰ ਗੋਟੀ (ਅਲੀ ਅਸਗਰ) ਨੂੰ ਘਰ 'ਚ ਇਕ ਔਰਤ ਦੀ ਆਵਾਜ਼ ਸੁਣਾਈ ਦਿੰਦੀ ਰਹਿੰਦੀ ਹੈ। ਘਰ 'ਚ ਇਕ ਕਮਰਾ ਹੈ, ਜਿਸ ਦੇ ਪਿੱਛੇ ਅੱਠ ਸਾਲ ਪੁਰਾਣਾ ਡੂੰਘਾ ਰਾਜ਼ ਲੁਕਿਆ ਹੈ। ਆਹਨਾ ਭੂਤ-ਪ੍ਰੇਤਾਂ ਦੀ ਹੋਂਦ 'ਚ ਭਰੋਸਾ ਨਹੀਂ ਕਰਦੀ, ਪਰ ਕਰਨ ਨੂੰ ਅਕਸਰ ਅਹਿਸਾ ਹੁੰਦਾ ਰਹਿਦਾ ਹੈ ਕਿ ਉਸ ਨੂੰ ਕੋਈ ਦੇਖ ਰਿਹਾ ਹੈ, ਕੋਈ ਉਸ ਦੇ ਆਸ-ਪਾਸ ਹੈ। ਮਨੋਚਿਕਿਤਸਕ ਡਾ. ਰੋਹਿਨੀ ਰਾਏ (ਮੋਨਾ ਸਿੰਘ) ਕਰਨ ਦਾ ਇਲਾਜ ਕਰ ਰਹੀ ਹੈ। ਸਮਰ ਹਾਊਸ 'ਚ ਆਉਣ ਤੋਂ ਬਾਅਦ ਪਰਤ-ਦਰ-ਪਰਤ ਹਰ ਰਾਜ਼ ਤੋਂ ਪਰਦਾ ਉਠਦਾ ਹੈ। ਫਿਲਮ 'ਚ ਭੂਤ ਕੌਣ ਹੈ, ਇਹ ਦੱਸਣਾ ਸਹੀ ਨਹੀਂ ਹੋਵੇਗਾ।


ਰਵਾਇਤੀ ਹਾਰਰ ਫਿਲਮ ਵਾਂਗ ਇਸ 'ਚ ਵੀ ਸਾਲਾਂ ਤੋਂ ਬੰਦ ਪਿਆ ਇਕ ਪੁਸ਼ਤੈਣੀ ਘਰ, ਇਕ ਜੋੜਾ ਅਤੇ ਬੰਗਲੇ ਦੇ ਕੇਅਰਟੇਕਰ ਵਿਚਕਾਰ ਸਾਲਾਂ ਪੁਰਾਣਾ ਰਾਜ਼ ਹੈ, ਜੋ ਫਿਲਮ 'ਚ ਨਵਾਂਪਣ ਨਹੀਂ ਲਿਆ ਸਕਦਾ। ਇਹੀ ਕਾਰਨ ਹੈ ਕਿ ਭੂਸ਼ਣ ਪਟੇਲ ਦਾ ਨਿਰਦੇਸ਼ਨ ਵੀ ਪੁਰਾਣੀਆਂ ਫਿਲਮਾਂ ਵਾਂਗ ਲੱਗਦਾ ਹੈ।

ਫਿਲਮ ਬੇਹੱਦੀ ਮੱਠੀ ਹੈ। ਕਹਾਣੀ 'ਚ ਸਸਪੈਂਸ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਮਜ਼ੋਰ ਸਕਰੀਨ ਪਲੇਅ ਦੇ ਚਲਦੇ ਉਸ ਸਸਪੈਂਸ ਨੂੰ ਬਰਕਰਾਰ ਰੱਖਣ ਲਈ ਕੁਝ ਅਜਿਹੇ ਵੀ ਦ੍ਰਿਸ਼ ਫਿਲਮਾਏ ਗਏ ਹਨ, ਜੋ ਸਸਪੈਂਸ ਖੁੱਲਣ ਤੋਂ ਬਾਅਦ ਬੇਮਾਇਨੇ ਹੋ ਜਾਂਦੇ ਹਨ।

ਹਾਰਰ ਫਿਲਮਾਂ 'ਚ ਸਭ ਤੋਂ ਅਹਿਮ ਕੰਮ ਬੈਕਗਰਾਊਂਡ ਮਿਊਜ਼ਿਕ ਦਾ ਹੁੰਦਾ ਹੈ। ਡਰਾਉਣ ਵਾਲੀਆਂ ਥਾਵਾਂ 'ਤੇ ਉਸ ਦਾ ਇਸਤੇਮਾਲ ਕੀਤਾ ਗਿਆ ਹੈ। ਅਭਿਨੇਤਾ ਸਚਿਨ ਜੋਸ਼ੀ ਦਾ ਅਭਿਨੈ ਉਸ ਦੇ ਕਿਰਤਾਰ ਦੀ ਜ਼ਰੂਰਤ ਮੁਤਾਬਕ ਠੀਕ ਹੈ। ਨਰਗਿਸ ਫਾਖ਼ਰੀ ਪਰਦੇ 'ਤੇ ਸੁੰਦਰ ਲੱਗੀ ਹੈ। ਅਲੀ ਅਸਗਰ ਦੀ ਹਲਕੀ-ਫੁਲਕੀ ਕਾਮੇਡੀ ਹਸਾਏਗੀ। ਮੋਨਾ ਸਿੰਘ ਆਪਣੇ ਕੰਮ 'ਚ ਜਚੀ ਹੈ।

ਲੰਡਨ ਅਤੇ ਵੇਨਿਸ 'ਚ ਫਿਲਮਾਏ ਗਏ ਦ੍ਰਿਸ਼ ਪਰਦੇ 'ਤੇ ਸੁੰਦਰ ਲੱਗਦੇ ਹਨ। ਇਸ ਦਾ ਸਿਹਰਾ ਸਿਨੇਮੈਟੋਗ੍ਰਾਫਰ ਅਮਰਜੀਤ ਸਿੰਘ ਨੂੰ ਜਾਂਦਾ ਹੈ। ਅਰਮਾਨ ਮਲਿਕ ਅਤੇ ਪਲਕ ਮੁੱਛਲ ਦਾ ਗਾਣਾ ' ਜਬ ਸੇ ਮੇਰਾ ਦਿਲ...' ਫਿਲਮ 'ਚ ਥੋੜ੍ਹੀ ਜਿਹੀ ਜਾਨ ਲੈ ਆਉਂਦਾ ਹੈ।

-ਪ੍ਰਿਯੰਕਾ ਸਿੰਘ

Posted By: Arundeep