ਇਸ ਸਾਲ ਦੀਵਾਲੀ ਮੌਕੇ ਰਿਲੀਜ਼ ਹੋਈ ਫਿਲਮ 'ਠੱਗਜ਼ ਆਫ ਹਿੰਦੁਸਤਾਨ' ਪਰਦੇ 'ਤੇ ਬੁਰੀ ਤਰ੍ਹਾਂ ਅਸਫਲ ਹੋਈ ਹੈ। ਲਗਪਗ 200 ਕਰੋੜ ਦੇ ਬਜਟ ਨਾਲ ਬਣੀ ਇਸ ਫਿਲਮ ਤੋਂ ਅਨੁਮਾਨ ਲਗਾਏ ਜਾ ਰਹੇ ਸਨ ਕਿ ਇਹ ਇਸ ਸਾਲ ਦੀ ਸਪੁਰਹਿੱਟ ਫਿਲਮ ਸਾਬਤ ਹੋਵੇਗੀ ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਇਹ ਫਿਲਮ ਅਜੇ ਪਰਦੇ 'ਤੇ ਸਿਰਫ਼ ਲਗਪਗ 190 ਕਰੋੜ ਰੁਪਏ ਦੇ ਕਰੀਬ ਹੀ ਕਮਾਈ ਕਰ ਸਕੀ। ਇਸ ਅਸਫਲਤਾ ਨੂੰ ਲੈ ਕੇ ਹੁਣ ਤਕ ਇਸ'ਚ ਨਜ਼ਰ ਆਏ ਕਿਸੇ ਵੀ ਕਲਾਕਾਰ ਨੇ ਕੋਈ ਬਿਆਨ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਸੀ ਜਦੋਂ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਆਮਿਰ ਖ਼ਾਨ ਕਿਸੇ ਫਿਲਮ 'ਚ ਇਕੱਠੇ ਨਜ਼ਰ ਆਏ ਸਨ। ਇਨ੍ਹਾਂ ਤੋਂ ਇਲਾਵਾ ਕੈਟਰੀਨਾ ਕੈਫ਼ ਤੇ ਫ਼ਾਤਿਮਾ ਸਨਾ ਸ਼ੇਖ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਹੁਣ ਫਿਲਮ ਦੇ ਫਲਾਪ ਹੋਣ ਨੂੰ ਲੈ ਕੇ ਆਮਿਰ ਖ਼ਾਨ ਸਾਹਮਣੇ ਆਇਆ ਹੈ। ਉਸ ਨੇ ਫਿਲਮ ਨਾ ਚੱਲਣ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈਂਦਿਆ ਕਿਹਾ ਕਿ ਟੀਮ ਤੋਂ ਕਿਤੇ ਨਾ ਕਿਤੇ ਤਾਂ ਕੋਈ ਵੱਡੀ ਗ਼ਲਤੀ ਜ਼ਰੂਰ ਹੋਈ ਹੈ। ਅਸੀਂ ਪੂਰੀ ਮਿਹਨਤ ਨਾਲ ਕੰਮ ਕੀਤਾ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਚੱਲ ਰਹੀ ਇਕ ਵੀਡੀਓ 'ਚ ਆਮਿਰ ਇਹ ਕਹਿੰਦਾ ਨਜ਼ਰ ਆਇਆ ਹੈ ਕਿ ਫਿਲਮ 'ਠੱਗਜ਼ ਆਫ ਹਿੰਦੁਸਤਾਨ' ਨਹੀਂ ਚੱਲੀ। ਮੈਨੂੰ ਲਗਦਾ ਹੈ ਕਿ ਸਾਡੇ ਕੋਲੋਂ ਕਿਤੇ ਨਾ ਕਿਤੇ ਕੁਝ ਗ਼ਲਤ ਹੋਇਆ ਪਰ ਮੈਂ ਇਸ ਦੀ ਪੂਰੀ ਜ਼ਿੰਮਵਾਰੀ ਲੈਂਦਾ ਹਾਂ। ਅਸੀਂ ਇਸ 'ਤੇ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕੀਤਾ ਸੀ ਅਤੇ ਸਾਰਿਆਂ ਨੇ ਆਪਣਾ ਬੈਸਟ ਦਿੱਤਾ ਸੀ। ਕੁਝ ਲੋਕ ਹਨ, ਜਿਨ੍ਹਾਂ ਨੂੰ ਫਿਲਮ ਪਸੰਦ ਆਈ ਅਤੇ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਤੇ ਇਹ ਵੀ ਸੱਚ ਹੈ ਕਿ ਅਜਿਹੇ ਲੋਕ ਬਹੁਤ ਘੱਟ ਹਨ।' ਆਮਿਰ ਨੇ ਉਮੀਦਾਂ 'ਤੇ ਖ਼ਰਾ ਨਾ ਉਤਰਨ ਲਈ ਵੀ ਮਾਫ਼ੀ ਮੰਗੀ ਤੇ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਹ ਫਿਲਮ ਬਿਲਕੁਲ ਪਸੰਦ ਨਹੀਂ ਆਈ ਅਤੇ ਮੈਂ ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਤੇ ਮੈਂ ਇਸ ਲਈ ਮਾਫ਼ੀ ਵੀ ਮੰਗਦਾ ਹਾਂ ਕਿ ਅਸੀਂ ਉਨ੍ਹਾਂ ਦਾ ਮਨੋਰੰਜਨ ਨਹੀਂ ਕਰ ਸਕੇ। ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ।' ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਫਿਲਮ ਦੇ ਡਿਸਟੀਬਿਊਟਰਜ਼ ਵੱਲੋਂ ਪੈਸੇ ਵਾਪਸ ਕਰਨ ਦੀ ਵੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਆਮਿਰ ਦਾ ਅਗਲਾ ਪ੍ਰਾਜੈਕਟ 'ਮਹਾਭਾਰਤ' ਆਧਾਰਿਤ ਵੈੱਬ ਸੀਰੀਜ਼ ਬਣਾਉਣਾ ਹੈ ਜਿਸ ਦੀ ਸਕ੍ਰਿਪਟ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ।