ਹਿੰਦੀ ਸਿਨੇਮਾ 'ਚ ਹੀਰੋਇਨਾਂ ਨੂੰ ਵੀ ਐਕਸ਼ਨ ਕਰਨ ਦੇ ਮੌਕੇ ਕਦੀ ਕਦੀ ਮਿਲਦੇ ਰਹਿੰਦੇ ਹਨ। ਫਿਲਮ 'ਸਿੰਘ ਇਜ਼ ਕਿੰਗ' ਵਿਚ ਐਮੀ ਜੈਕਸਨ ਦੇ ਐਕਸ਼ਨ ਸੀਨ ਕਾਫ਼ੀ ਰੋਮਾਂਚਕ ਸਨ। ਹੁਣ ਦੀ ਗੱਲ ਕਰੀਏ ਤਾਂ ਫਿਲਮ 'ਬਾਗ਼ੀ' ਵਿਚ ਟਾਈਗਰ ਸ਼ਰਾਫ ਨਾਲ ਸ਼ਰਧਾ ਕਪੂਰ ਨੂੰ ਵੀ ਥੋੜ੍ਹਾ ਬਹੁਤ ਐਕਸ਼ਨ ਵਿਖਾਉਣ ਦਾ ਮੌਕਾ ਮਿਲਿਆ ਸੀ। ਹੁਣ 'ਸਾਹੋ' ਵਿਚ ਇਕ ਵਾਰ ਮੁੜ ਸ਼ਰਧਾ ਕਪੂਰ ਐਕਸ਼ਨ ਕਰਦੀ ਨਜ਼ਰ ਆਵੇਗੀ। ਟ੍ਰੇਲਰ 'ਚ ਉਸ ਦੀ ਝਲਕ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਫਿਲਮ 'ਚ ਉਹ ਪੁਲਿਸ ਅਧਿਕਾਰੀ ਦੀ ਭੂਮਿਕਾ 'ਚ ਹੈ। ਆਪਣੇ ਐਕਸ਼ਨ ਸੀਨ ਨੂੰ ਲੈ ਕੇ ਸ਼ਰਧਾ ਦਾ ਕਹਿਣਾ ਹੈ ਕਿ ਉਹ ਐਕਸ਼ਨ ਦਿ੍ਸ਼ਾਂ ਨੂੰ ਕਰਨ ਲਈ ਬਹੁਤ ਉਤਸ਼ਾਹਿਤ ਸੀ। ਹਾਲਾਂਕਿ ਇਹ ਐਕਸ਼ਨ ਸੀਕੁਐਂਸ ਕਾਫ਼ੀ ਮੁਸ਼ਕਲ ਸੀ। ਕਿਰਦਾਰ ਕਾਰਨ ਉਸ ਨੇ ਪਹਿਲੀ ਵਾਰ ਅਸਲੀ ਬੰਦੂਕ ਚਲਾਈ ਹੈ। ਸ਼ਰਧਾ ਮੁਤਾਬਕ ਬੰਦੂਕ ਦਾ ਆਕਾਰ ਬੇਸ਼ੱਕ ਛੋਟਾ ਹੈ, ਪਰ ਵਜ਼ਨ ਜ਼ਿਆਦਾ ਹੈ। ਸ਼ੁਰੂਆਤ 'ਚ ਜਦੋਂ ਬੰਦੂਕ ਫੜਦੀ ਸੀ ਤਾਂ ਉਸ ਦੇ ਹੱਥ ਕੰਬਨ ਲਗਦੇ ਸਨ। ਇਸਦੇ ਲਈ ਬਹੁਤ ਅਭਿਆਸ ਕਰਨਾ ਪਿਆ ਤੇ ਫਿਰ ਉਸ ਨੂੰ ਬੰਦੂਕ ਦੀ ਆਦਤ ਪੈ ਗਈ।