'ਸਾਹੋ' ਫਿਲਮ ਨੂੰ ਸਮੀਖਿਅਕਾਂ ਵੱਲੋਂ ਹਰੀ ਝੰਡੀ ਬੇਸ਼ੱਕ ਹੀ ਨਾ ਮਿਲੀ ਹੋਵੇ, ਪਰ ਫਿਲਮ ਨੂੰ ਦਰਸ਼ਕ ਜ਼ਰੂਰ ਮਿਲ ਰਹੇ ਹਨ। ਖ਼ਰਾਬ ਰੀਵਿਊ ਤੋਂ ਬਾਅਦ ਵੀ 'ਸਾਹੋ' ਦੇ ਹਿੰਦੀ ਵਰਜ਼ਨ ਨੇ ਸੱਤ ਦਿਨਾਂ 'ਚ ਭਾਰਤੀ ਬਾਕਸ ਆਫਿਸ 'ਤੇ 116.03 ਕਰੋੜ ਦੀ ਕਮਾਈ ਕਰ ਲਈ ਹੈ। ਜਦਕਿ ਫਿਲਮ ਦਾ ਕੌਮਾਂਤਰੀ ਕੁਲੈਕਸ਼ਨ 350 ਕਰੋੜ ਪਹੁੰਚ ਗਿਆ ਹੈ। ਫਿਲਮ ਦੀ ਕੁੱਲ ਲਾਗਤ 350 ਕਰੋੜ ਸੀ। ਅਜਿਹੇ 'ਚ ਪਹਿਲੇ ਹਫ਼ਤੇ 'ਚ ਹੀ ਫਿਲਮ ਨੇ ਆਪਣੀ ਲਾਗਤ ਵਸੂਲ ਕਰ ਲਈ ਹੈ। ਇਸ ਤੋਂ ਬਾਅਦ ਹੋਣ ਵਾਲੀ ਕਮਾਈ ਫਿਲਮ ਦੀ ਪ੍ਰਾਫਿਟ ਹੋਵੇਗੀ। 'ਸਾਹੋ' ਦੀ ਇਸ ਕਮਾਈ ਪਿੱਛੇ ਬਾਹੂਬਲੀ ਫੇਮ ਪ੍ਰਭਾਸ ਤੇ ਫਿਲਮ ਦੇ ਜ਼ਬਰਦਸਤ ਐਕਸ਼ਨ ਦੇ ਨਾਲ ਗਣੇਸ਼ ਉਤਸਵ ਦੀਆਂ ਛੁੱਟੀਆਂ ਫਾਇਦੇਮੰਦ ਸਾਬਿਤ ਹੋਈਆਂ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਕਮਾਈ ਦੇ ਮਾਮਲੇ 'ਚ 'ਸਾਹੋ' ਨੇ ਜੌਨ ਅਬ੍ਰਾਹਿਮ ਦੀ ਫਿਲਮ 'ਬਾਟਲਾ ਹਾਊਸ' ਨੂੰ ਵੀ ਪਿੱਛੇ ਛੱਡ ਦਿੱਤਾ, ਜੋ 15 ਦਿਨ ਪਹਿਲਾਂ ਰਿਲੀਜ਼ ਹੋਈ ਸੀ। ਬਾਟਲਾ ਹਾਊਸ ਹੁਣ ਤਕ 94.92 ਕਰੋੜ ਦੀ ਹੀ ਕਮਾਈ ਕਰ ਸਕੀ ਹੈ।