ਜਾਗਰਣ ਸੰਵਾਦਦਾਤਾ, ਹਿਸਾਰ : ਸੋਨਾਲੀ ਫੋਗਾਟ ਮਰਡਰ ਕੇਸ ’ਚ ਗੋਆ ਪੁਲਿਸ ਦੀ ਜਾਂਚ ਤੀਜੇ ਦਿਨ ਵੀ ਹਿਸਾਰ ’ਚ ਹੀ ਕੇਂਦਰਿਤ ਰਹੀ। ਸ਼ੁੱਕਰਵਾਰ ਨੂੰ ਗੋਆ ਪੁਲਿਸ ਦੇ ਜਾਂਚ ਅਧਿਕਾਰੀ ਡੈਰਨ ਡਿਕੋਸਟਾ ਨੇ ਦੁਪਹਿਰ ਕਰੀਬ ਸਾਢੇ 12 ਵਜੇ ਸੰਤ ਨਗਰ ਸਥਿਤ ਸੋਨਾਲੀ ਫੋਗਾਟ ਦਾ ਨਿਵਾਸ ਖੰਘਾਲਿਆ। ਟੀਮ ਤਿੰਨ ਘੰਟਿਆਂ ਤਕ ਸੋਨਾਲੀ ਦਾ ਪਰਸਨਲ ਰੂਮ ਖੰਘਾਲਦੀ ਰਹੀ। ਗੋਆ ਪੁਲਿਸ ਦੇ ਅਫਸਰਾਂ ਨੂੰ ਵੀਡੀਓ ਕਾਲ ਕਰ ਕੇ ਦਸਤਾਵੇਜ਼ ਦਿਖਾ ਕੇ ਸਕੈਨ ਕਰਦੀ ਰਹੀ। ਇਸ ਦੌਰਾਨ ਗੋਆ ਪੁਲਿਸ ਨੂੰ ਇਕ ਲਾਕਰ ਨਜ਼ਰ ਆਇਆ ਜਿਹਡ਼ਾ ਬੰਦ ਸੀ। ਇਸ ਲਾਕਰ ਨੂੰ ਖੋਲ੍ਹਣ ਲਈ ਜਾਂਚ ਟੀਮ ਨੇ ਗੋਆ ਪੁਲਿਸ ਨੂੰ ਵੀਡੀਓ ਕਾਲ ਕਰ ਕੇ ਸੁਧੀਰ ਸਾਂਗਵਾਨ ਨਾਲ ਗੱਲ ਕਰਵਾਉਣ ਲਈ ਕਿਹਾ। ਗੋਆ ਪੁਲਿਸ ਨੇ ਸੁਧੀਰ ਸਾਂਗਵਾਨ ਦੀ ਵੀਡੀਓ ਕਾਲ ਜ਼ਰੀਏ ਗੱਲ ਕਰਾਈ।

ਜਾਂਚ ਅਧਿਕਾਰੀ ਡੈਰਨ ਡਿਕੋਸਟਾ ਨੇ ਸੁਧੀਰ ਨੂੰ ਸੋਨਾਲੀ ਦੇ ਕਮਰੇ ’ਚ ਰੱਖਿਆ ਲਾਕਰ ਦਿਖਾਉਂਦੇ ਹੋਏ ਪਾਸਵਰਡ ਪੁੱਛਿਆ। ਦੋਵੇਂ ਵਾਰੀ ਸੁਧੀਰ ਨੇ ਗਲਤ ਪਾਸਵਰਡ ਦੱਸਿਆ। ਪਹਿਲੀ ਵਾਰੀ ਸੁਧੀਰ ਨੇ ਤਿੰਨ ਨੰਬਰਾਂ ਦਾ ਤੇ ਦੂਜੀ ਵਾਰੀ ਛੇ ਨੰਬਰਾਂ ਦਾ ਪਾਸਵਰਡ ਦੱਸਿਆ। ਜਾਂਚ ਅਧਿਕਾਰੀ ਨੂੰ ਤਿੰਨ ਡਾਇਰੀਆਂ ਵੀ ਮਿਲੀਆਂ ਜਿਸ ’ਤੇ ਮੋਬਾਈਲ ਨੰਬਰ ਲਿਖੇ ਹੋਏ ਸਨ। ਪੁਲਿਸ ਨੇ ਇਨ੍ਹਾਂ ਡਾਇਰੀਆਂ ਨੂੰ ਵੀ ਸੀਲ ਕਰ ਦਿੱਤਾ। ਪੁਲਿਸ ਨੇ ਇਹ ਕਾਰਵਾਈ ਪਰਿਵਾਰਕ ਮੈਂਬਰਾਂ ਤੇ ਇਕ ਗੁਆਂਢੀ ਦੀ ਹਾਜ਼ਰੀ ’ਚ ਕੀਤੀ।

Posted By: Tejinder Thind