ਬਾਲੀਵੁੱਡ ਫਿਲਮ ਇੰਡਸਟਰੀ 'ਚ ਹਰ ਸਾਲ ਸੈਂਕੜੇ ਫਿਲਮਾਂ ਰਿਲੀਜ਼ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਫਿਲਮਾਂ ਵੱਡੇ ਬਜਟ ਨਾਲ ਬਣੀਆਂ ਹੁੰਦੀਆਂ ਹਨ। ਵੱਡੇ ਬਜਟ ਨਾਲ ਬਣੀਆਂ ਫਿਲਮਾਂ ਦੇ ਸਫਲ ਰਹਿਣ ਦੇ ਜ਼ਿਆਦਾ ਆਸਾਰ ਹੁੰਦੇ ਹਨ। ਇਹੀ ਕਾਰਨ ਹੈ ਕਿ ਸਿਤਾਰੇ ਵੱਡੀਆਂ ਫਿਲਮਾਂ ਕਰਨ ਨੂੰ ਹਮੇਸ਼ਾ ਪਹਿਲ ਦਿੰਦੇ ਹਨ। ਇਸ ਤੋਂ ਉਲਟ ਕਈ ਵਾਰ ਅਜਿਹਾ ਵੇਖਿਆ ਗਿਆ ਹੈ ਕਿ ਘੱਟ ਬਜਟ ਨਾਲ ਤਿਆਰ ਹੋਈਆਂ ਫਿਲਮਾਂ ਨੇ ਪਰਦੇ 'ਤੇ ਰਿਕਾਰਡ ਤੋੜ ਕਮਾਈ ਕੀਤੀ। ਹੁਣ ਤਕ ਕਈ ਫਿਲਮਾਂ ਅਜਿਹੀਆਂ ਆ ਚੁੱਕੀਆਂ ਹਨ, ਜਿਨ੍ਹਾਂ ਦਾ ਬਜਟ ਬਹੁਤ ਛੋਟਾ ਸੀ ਪਰ ਕਮਾਈ ਪੱਖੋਂ ਉਨ੍ਹਾਂ ਨੇ ਕਈ ਰਿਕਾਰਡ ਕਾਇਮ ਕੀਤੇ। ਹਾਲ ਹੀ 'ਚ ਜਿੱਥੇ ਆਮਿਰ ਖ਼ਾਨ ਦੀ ਵੱਡੇ ਬਜਟ ਨਾਲ ਬਣੀ ਫਿਲਮ 'ਠੱਗਜ਼ ਆਫ਼ ਹਿੰਦੁਸਤਾਨ' ਪਰਦੇ 'ਤੇ ਬੁਰੀ ਤਰ੍ਹਾਂ ਅਸਫਲ ਹੋਈ ਹੈ, ਉੱਥੇ ਅਦਾਕਾਰ ਆਯੁਸ਼ਾਮਨ ਖੁਰਾਣਾ ਦੀ ਘੱਟ ਬਜਟ ਨਾਲ ਬਣੀ ਫਿਲਮ 'ਬਧਾਈ ਹੋ' ਨੇ ਕਮਾਈ ਕਰਨ 'ਚ ਕਈਆਂ ਨੂੰ ਪਿੱਛੇ ਛੱਡ ਦਿੱਤਾ। ਅੱਜ ਅਸੀਂ ਅਜਿਹੀਆਂ ਹੀ ਫਿਲਮਾਂ ਦਾ ਜ਼ਿਕਰ ਕਰਾਂਗੇ, ਜਿਨ੍ਹਾਂ ਨੇ ਘੱਟ ਬਜਟ ਦੇ ਬਾਵਜੂਦ ਚੰਗਾ ਪੈਸਾ ਕਮਾਇਆ।

*ਪਾਨ ਸਿੰਘ ਤੋਮਰ

ਸੱਚੀ ਘਟਨਾ 'ਤੇ ਆਧਾਰਿਤ ਫਿਲਮ 'ਪਾਨ ਸਿੰਘ ਤੋਮਰ' (2012) 'ਚ ਸੰਜੀਦਾ ਅਦਾਕਾਰੀ ਲਈ ਜਾਣੇ ਜਾਂਦੇ ਇਰਫ਼ਾਨ ਖ਼ਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਅਸਲ 'ਚ ਪਾਨ ਸਿੰਘ ਤੋਮਰ ਭਾਰਤੀ ਫ਼ੌਜ 'ਚ ਇਕ ਮੁਲਾਜ਼ਮ ਸੀ ਅਤੇ ਉਸ ਨੇ ਇਕ ਵਾਰ ਰਾਸ਼ਟਰੀ ਖੇਡਾਂ 'ਚ ਭਾਰਤ ਲਈ ਗੋਲਡ ਮੈਡਲ ਵੀ ਜਿੱਤਿਆ

ਪਰ ਬਾਅਦ 'ਚ ਉਹ ਡਾਕੂ ਬਣ ਗਿਆ ਸੀ। ਸਿਨੇਮਾ ਪ੍ਰੇਮੀਆਂ ਤੇ ਆਲੋਚਕਾਂ ਵੱਲੋਂ ਫਿਲਮ 'ਚ ਇਰਫ਼ਾਨ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ ਅਤੇ ਫਿਲਮ ਨੇ ਨੈਸ਼ਨਲ ਐਵਾਰਡ ਵੀ ਆਪਣੇ ਨਾਂ ਕੀਤਾ। ਫਿਲਮ 8 ਕਰੋੜ ਰੁਪਏ ਦੇ ਬਜਟ 'ਚ ਤਿਆਰ ਕੀਤੀ ਗਈ ਸੀ। ਇਸ ਨੇ ਪਰਦੇ 'ਤੇ ਲਗਪਗ 40 ਕਰੋੜ ਰੁਪਏ ਦੇ ਲਗਪਗ ਕਮਾਈ ਕੀਤੀ।

*ਕਹਾਣੀ

ਬਾਲੀਵੁੱਡ ਫਿਲਮ 'ਕਹਾਣੀ' (2012) ਨੇ ਸਿਨੇਮਾ ਪ੍ਰੇਮੀਆਂ ਦਾ ਖ਼ੂਬ ਦਿਲ ਜਿੱਤੇ। ਇਸ ਫਿਲਮ ਨੂੰ ਅਭਿਨੇਤਰੀ ਵਿੱਦਿਆ ਬਾਲਨ ਦੇ ਕਰੀਅਰ ਦੀ ਵੱਡੀ ਸਫਲਤਾ ਵੀ ਮੰਨਿਆ ਜਾਂਦਾ ਹੈ। 8 ਕਰੋੜ ਨਾਲ ਬਣੀ ਇਸ ਫਿਲਮ ਨੇ ਪਰਦੇ 'ਤੇ 80 ਕਰੋੜ ਦੇ ਲਗਪਗ ਕਮਾਈ ਕੀਤੀ।

*ਬਧਾਈ ਹੋ

ਇ ਸ ਸਾਲ 19 ਅਕਤੂਬਰ ਨੂੰ ਰਿਲੀਜ਼ ਹੋਈ ਆਯੁਸ਼ਮਾਨ ਖੁਰਾਣਾ ਦੀ ਫਿਲਮ 'ਬਧਾਈ ਹੋ' ਨੇ ਪਰਦੇ 'ਤੇ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ। ਇਸ ਫਿਲਮ ਨੇ ਪਰਦੇ 'ਤੇ ਆਪਣਾ 5 ਹਫ਼ਤੇ ਦਾ ਸਫ਼ਰ ਪੂਰਾ ਕਰਨ ਤਕ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਹ ਫਿਲਮ 29 ਕਰੋੜ ਰੁਪਏ ਦੇ ਬਜਟ ਨਾਲ ਬਣਾਈ ਗਈ ਹੈ। ਫਿਲਮ 'ਚ ਆਯੁਸ਼ਮਾਨ ਖੁਰਾਨਾ ਅਤੇ ਉਸ ਦੀ ਮਾਂ ਦੀ ਭੂਮਿਕਾ ਨਿਭਾ ਰਹੀ ਅਦਾਕਾਰਾ ਨੀਨਾ ਗੁਪਤਾ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ ਹੈ। ਫਿਲਮ 'ਚ 'ਦੰਗਲ' ਫਿਲਮ ਤੋਂ ਮਸ਼ਹੂਰ ਹੋਈ ਅਭਿਨੇਤਰੀ ਸਾਨਿਆ ਮਲਹੋਤਰਾ ਵੀ ਨਜ਼ਰ ਆਈ ਹੈ।

*ਲੰਚ-ਬਾਕਸ

ਘੱਟ ਬਜਟ ਵਾਲੀਆਂ ਫਿਲਮਾਂ ਨੂੰ ਸਫਲ ਬਣਾਉਣ ਲਈ ਜਾਣੇ ਜਾਂਦੇ ਇਰਫ਼ਾਨ ਖ਼ਾਨ ਨੇ ਫਿਲਮ 'ਲੰਚ-ਬਾਕਸ' (2013) ਨੂੰ ਵੀ ਆਪਣੀ ਸੰਜੀਦਾ ਅਦਾਕਾਰੀ ਨਾਲ ਸਫਲ ਬਣਾ ਦਿੱਤਾ ਸੀ। ਕੁਲ 10 ਕਰੋੜ ਨਾਲ ਬਣੀ ਇਸ ਫਿਲਮ ਨੇ ਪਰਦੇ 'ਤੇ 100 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਫਿਲਮ ਨੂੰ

2013 ਦੇ ਕਾਨ ਫਿਲਮ ਸਮਾਰੋਹ 'ਚ ਵੀ ਵਿਖਾਇਆ ਜਾ ਚੁੱਕਾ ਹੈ।

*ਵਿੱਕੀ ਡੋਨਰ

ਸਾਲ 2012 'ਚ ਰਿਲੀਜ਼ ਹੋਈ ਫਿਲਮ 'ਵਿੱਕੀ ਡੋਨਰ' ਨਾਲ ਅਦਾਕਾਰ ਆਯੁਸ਼ਮਾਨ ਖੁਰਾਣਾ ਤੇ ਅਭਿਨੇਤਰੀ ਯਾਮੀ ਗੌਤਮ ਨੇ ਬਾਲੀਵੁੱਡ ਇੰਡਸਟਰੀ 'ਚ

ਡੈਬੀਊ ਕੀਤਾ। ਇਸ ਫਿਲਮ 'ਚ ਆਯੁਸ਼ਮਾਨ ਖੁਰਾਣਾ ਦਾ ਗਾਇਆ ਗੀਤ 'ਪਾਣੀ ਦਾ ਰੰਗ' ਵੀ ਹਿੱਟ ਹੋਇਆ ਸੀ। ਸਾਰੇ 5 ਕਰੋੜ ਰੁਪਏ ਨਾਲ ਬਣੀ ਇਸ ਫਿਲਮ ਨੇ ਪਰਦੇ 'ਤੇ 65 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਿਲਮ 'ਚ ਅਨੂ ਕਪੂਰ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।

*ਹਿਚਕੀ

ਇਸ ਸਾਲ ਮਾਰਚ ਮਹੀਨੇ ਰਿਲੀਜ਼ ਹੋਈ ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' 12 ਕਰੋੜ ਰੁਪਏ ਦੇ ਬਜਟ ਨਾਲ ਬਣਾਈ ਗਈ ਹੈ। ਇਸ ਫਿਲਮ ਨੇ ਵਿਸ਼ਵ ਪੱਧਰ 'ਤੇ 233 ਕਰੋੜ ਦੇ ਕਰੀਬ ਕਮਾਈ ਕੀਤੀ ਹੈ। ਪਿਛਲੇ ਮਹੀਨੇ 12 ਅਕਤੂਬਰ ਨੂੰ ਇਹ ਫਿਲਮ ਚੀਨ 'ਚ ਵੀ ਰਿਲੀਜ਼ ਕੀਤੀ ਗਈ, ਜਿੱਥੇ ਇਸ ਨੇ ਰਿਕਾਰਡ ਤੋੜ 121 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਕੀਤੀ। ਫਿਲਮ 'ਚ ਰਾਣੀ ਮੁਖਰਜੀ ਨੇ ਇਕ ਅਜਿਹੀ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਬੋਲਣ 'ਚ ਮੁਸ਼ਕਲ ਆਉਂਦੀ ਹੈ ਤੇ ਉਹ ਰੁਕ-ਰੁਕ ਕੇ ਬੋਲਦੀ ਹੈ। ਇਸ ਦੇ ਬਾਵਜੂਦ ਉਹ ਇਕ ਸਫਲ ਟੀਚਰ ਬਣ ਕੇ ਵਿਖਾਉਂਦੀ ਹੈ। ਰਾਣੀ ਦੀ ਇਸ ਫਿਲਮ ਨੇ ਚੀਨ 'ਚ ਆਮਿਰ ਦੀ 'ਪੀਕੇ' ਦਾ ਕਮਾਈ ਕਰਨ ਦਾ ਰਿਕਾਰਡ ਤੋੜ ਦਿੱਤਾ ਹੈ।

*ਪਿਪਲੀ ਲਾਈਵ

2010 ਵਿਚ ਰਿਲੀਜ਼ ਹੋਈ ਫਿਲਮ 'ਪਿਪਲੀ ਲਾਈਵ' ਘੱਟ ਬਜਟ 'ਚ ਬਣੀ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ 'ਚ ਸ਼ਾਮਲ ਹੈ। ਇਸ ਫਿਲਮ ਦਾ ਨਿਰਮਾਣ ਬਾਲੀਵੁੱਡ ਦੇ ਸਟਾਰ ਆਮਿਰ ਖ਼ਾਨ ਨੇ ਕੀਤਾ ਸੀ। ਫਿਲਮ ਦੇ ਲੇਖਕ ਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਅਨੁਸ਼ਾ ਰਿਜ਼ਵੀ ਨੇ ਨਿਭਾਈ ਸੀ। ਅਨੁਸ਼ਾ ਦੁਆਰਾ ਨਿਰਦੇਸ਼ਤ ਇਹ ਪਹਿਲੀ ਫਿਲਮ ਹੈ। ਫਿਲਮ 'ਚ ਓਂਕਾਰ ਦਾਸ ਮਣੀਕਪੁਰੀ ਨਾਂ ਦੀ ਰੰਗਮੰਚ ਕੰਪਨੀ ਦੇ ਕਲਾਕਾਰਾਂ ਤੋਂ ਇਲਾਵਾ ਰਘੁਵੀਰ ਯਾਦਵ

ਤੇ ਨਵਾਜ਼ੂਦੀਨ ਸਿਦੀਕੀ ਵਰਗੇ ਸਿਤਾਰਿਆਂ ਨੇ ਕੰਮ ਕੀਤਾ ਸੀ। 10 ਕਰੋੜ ਰੁਪਏ ਦੇ ਬਜਟ ਨਾਲ ਬਣੀ ਇਸ ਫਿਲਮ ਨੇ 45 ਕਰੋੜ ਦੀ ਕਮਾਈ ਕੀਤੀ।

*ਪਿਆਰ ਕਾ ਪੰਚਨਾਮਾ

ਤਿੰਨ ਕੁਆਰੇ ਮੁੰਡਿਆਂ ਦੀ ਅਜੀਬੋ-ਗ਼ਰੀਬ ਲਵ ਸਟੋਰੀ 'ਤੇ ਬਣੀ ਫਿਲਮ 'ਪਿਆਰ ਕਾ ਪੰਚਨਾਮਾ' (2011) ਨੂੰ ਪਰਦੇ 'ਤੇ ਵੱਡੀ ਸਫਲਤਾ ਮਿਲੀ ਸੀ। ਇਸ ਫਿਲਮ ਨੂੰ ਵੇਖਣ ਲਈ ਨੌਜਵਾਨ ਪੀੜ੍ਹੀ 'ਚ ਕਾਫ਼ੀ ਉਤਸ਼ਾਹ ਵੇਖਿਆ ਗਿਆ ਸੀ। ਫਿਲਮ ਨੇ 17 ਕਰੋੜ ਦੀ ਕਮਾਈ ਪਰਦੇ 'ਤੇ ਕੀਤੀ ਤੇ ਇਸ ਨੂੰ ਸਿਰਫ਼ 7 ਕਰੋੜ ਰੁਪਏ ਨਾਲ ਤਿਆਰ ਕੀਤਾ ਗਿਆ ਸੀ। ਸਾਲ 2015 'ਚ ਇਸ ਫਿਲਮ ਦੀ ਸੀਕਵਲ 'ਪਿਆਰ ਕਾ ਪੰਚਨਾਮਾ-2' ਵੀ ਬਣਾਈ ਗਈ ਸੀ, ਉਹ ਵੀ ਕਾਫ਼ੀ ਹਿੱਟ ਰਹੀ।

*ਜੌਲੀ ਐੱਲਐੱਲਬੀ

ਅਦਾਕਾਰ ਅਰਸ਼ਦ ਵਾਰਸੀ ਦੀ ਫਿਲਮ 'ਜੌਲੀ ਐੱਲਐੱਲਬੀ' (2013) ਥੋੜ੍ਹੇ ਜਿਹੇ ਬਜਟ 'ਚ ਬਣੀ ਸੁਪਰਹਿੱਟ ਫਿਲਮ ਰਹੀ। ਸਿਰਫ਼ 10 ਕਰੋੜ ਰੁਪਏ ਦੇ ਖ਼ਰਚੇ ਨਾਲ ਬਣੀ ਇਸ ਫਿਲਮ ਨੇ ਪਰਦੇ 'ਤੇ ਲਗਪਗ 37 ਕਰੋੜ ਰੁਪਏ ਕਮਾਈ ਕੀਤੀ। ਇਸ ਫਿਲਮ ਦੀ ਸਫ਼ਲਤਾ ਨੂੰ ਵੇਖਦੇ ਹੋਏ ਸਾਲ 2017 ਵਿਚ ਇਸ ਦਾ ਦੂਜਾ ਭਾਗ 'ਜੌਲੀਐੱਲਐੱਲਬੀ-2' ਵੀ ਰਿਲੀਜ਼ ਕੀਤਾ ਗਿਆ, ਜਿਸ 'ਚ ਅਕਸ਼ੈ ਕੁਮਾਰ ਨੇ ਮੁੱਖ ਭੂਮਿਕਾ ਨਿਭਾਈ ਸੀ।