ਮੁੰਬਈ : ਕਾਰਤਿਕ ਆਰੀਅਨ ਅਤੇ ਕ੍ਰਿਤੀ ਸੇਨਨ ਦੀ ਰੋਮਾਂਟਿਕ ਕਾਮੇਡੀ ਫਿਲਮ ਲੁਕਾ-ਛੁਪੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਨੇ ਸੋਮਵਾਰ ਦਾ ਟੈਸਟ ਵੀ ਚੰਗੇ ਨੰਬਰਾਂ ਨਾਲ ਪਾਸ ਕਰ ਲਿਆ ਹੈ ਜਿਸ ਨਾਲ ਪਹਿਲੇ ਹਫ਼ਤੇ ਵਿਚ 50 ਕਰੋੜ ਦਾ ਪੜਾਵ ਪਾਰ ਹੋਣਾ ਪੱਕਾ ਹੋ ਗਿਆ ਹੈ।

ਸੋਮਵਾਰ ਨੂੰ ਆਮ ਤੌਰ 'ਤੇ ਕਲੈਕਸ਼ਨ ਡਿੱਗਦੇ ਹਨ ਪਰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਹਾਸ਼ਿਵਰਾਤਰੀ ਦੀ ਛੁੱਟੀ ਹੋਣ ਕਾਰਨ ਲੁਕਾ-ਛੁਪੀ ਨੂੰ ਕਲੈਕਸ਼ਨ ਮਜ਼ਬੂਤ ਕਰਨ ਲਈ ਓਪਨਿੰਗ ਵੀਕੈਂਡ ਤੋਂ ਬਾਅਦ ਇਕ ਦਿਨ ਹੋਰ ਮਿਲ ਗਿਆ। ਪਹਿਲੇ ਸੋਮਵਾਰ ਨੂੰ ਲੁਕਾ-ਛੁਪੀ ਨੇ 7.90 ਕਰੋੜ ਦੀ ਕਮਾਈ ਕਰ ਲਈ ਹੈ। ਹੁਣ ਫਿਲਮ ਦੀ 4 ਦਿਨਾਂ ਦੀ ਕਲੈਕਸ਼ਨ 40.03 ਕਰੋੜ ਹੋ ਚੁੱਕੀ ਹੈ। ਲੁਕਾ-ਛੁਪੀ ਦੇਸ਼ ਵਿਚ 2100 ਅਤੇ ਓਵਰਸੀਜ਼ ਵਿਚ 407 ਸਕ੍ਰੀਨਜ਼ 'ਤੇ ਇਕ ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ 8.01 ਕਰੋੜ ਰੁਪਏ ਦੀ ਕਮਾਈ ਪਹਿਲੇ ਦਿਨ ਕੀਤੀ।

ਰਿਲੀਜ਼ ਤੋਂ ਪਹਿਲਾਂ ਜਾਣਕਾਰ ਮੰਨ ਰਹੇ ਸਨ ਕਿ ਇਸ ਮੱਧਮ ਬਜਟ ਦੀ ਫਿਲਮ ਨੂੰ 5-6 ਕਰੋੜ ਦਾ ਕਲੈਕਸ਼ਨ ਪਹਿਲੇ ਦਿਨ ਮਿਲ ਸਕਦਾ ਹੈ ਪਰ ਕਾਰਿਤਕ ਦੇ ਨਵੇਂ-ਨਵੇਂ ਸਟਾਰਡਮ ਨੇ ਸਾਰੇ ਅਨੁਮਾਨਾਂ ਨੂੰ ਗ਼ਲਤ ਸਾਬਿਤ ਕਰ ਦਿੱਤਾ। ਜੇਕਰ ਕਾਰਿਤਕ ਦੇ ਹੁਣ ਤਕ ਦੇ ਕਰੀਅਰ ਨੂੰ ਦੇਖੀਏ ਤਾਂ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਓਪਨਿੰਗ ਹੈ।

Posted By: Seema Anand