ਜੇਐੱਨਐੱਨ, ਨਵੀਂ ਦਿੱਲੀ : ਅਕਸ਼ੈ ਕੁਮਾਰ ਦੀ ਫਿਲਮ ਮਿਸ਼ਨ ਮੰਗਲ ਨੇ ਨਵੀਂ ਇਬਾਰਤ ਲਿਖਦਿਆਂ 200 ਕਰੋੜ ਦਾ ਸ਼ਾਨਦਾਰ ਪੜਾਅ ਪਾਰ ਕਰ ਲਿਆ ਹੈ। ਅਕਸ਼ੈ ਦੀ ਇਹ ਪਹਿਲੀ ਫਿਲਮ ਹੈ ਜਿਹੜੀ 200 ਕਰੋੜ ਕਲੱਬ 'ਚ ਪਹੁੰਚੀ ਹੋਵੇ। ਮਿਸ਼ਨ ਮੰਗਲ ਨੂੰ 200 ਕਰੋੜ ਤਕ ਪਹੁੰਚਣ 'ਚ 4 ਹਫ਼ਤਿਆਂ ਦਾ ਸਮਾਂ ਲੱਗਾ ਹੈ।

ਵੀਰਵਾਰ ਨੂੰ ਮਿਸ਼ਨ ਮੰਗਲ ਨੇ 63 ਲੱਖ ਰੁਪਏ ਜਮ੍ਹਾਂ ਕੀਤੇ ਜਿਸ ਨਾਲ ਫਿਲਮ ਦਾ ਨੈੱਟ ਕੁਲੈਕਸ਼ਨ 200.16 ਕਰੋੜ ਰੁਪਏ ਹੋ ਗਿਆ ਹੈ। ਫਿਲਮ ਨੇ ਚੌਥੇ ਹਫ਼ਤੇ ਮਿਸ਼ਨ 'ਚ 7.02 ਕਰੋੜ ਦੀ ਕੁਲੈਕਸ਼ਨ ਕੀਤੀ। ਚੌਥੇ ਸ਼ੁੱਕਰਵਾਰ ਫਿਲਮ ਨੇ 73 ਲੱਖ ਰੁਪਏ, ਸ਼ਨਿਚਰਵਾਰ ਨੂੰ 1.40 ਕਰੋੜ ਰੁਪਏ, ਐਤਵਾਰ ਨੂੰ 2.10 ਕਰੋੜ ਰੁਪਏ, ਸੋਮਵਾਰ ਨੂੰ 61 ਲੱਖ ਰੁਪਏ, ਮੰਗਲਵਾਰਪ 1.01 ਕਰੋੜ ਰੁਪਏ ਅਤੇ ਬੁੱਧਵਾਰ ਨੂੰ 54 ਲੱਖ ਰੁਪਏ ਜਮ੍ਹਾਂ ਕੀਤੇ ਸਨ। ਇਸ ਦੇ ਨਾਲ ਹੀ ਅਕਸ਼ੈ ਨੇ ਇਕ ਹੋਰ ਰਿਕਾਰਡ ਬਣਾਇਆ ਹੈ।

ਅਸਲ ਵਿਚ ਮਿਸ਼ਨ ਮੰਗਲ ਆਜ਼ਾਦੀ ਦਿਹਾੜੇ ਮੌਕੇ ਰਿਲੀਜ਼ ਹੋਣ ਵਾਲੀਆਂ ਫਿਲਮਾਂ 'ਚੋਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਹੈ। ਹੁਣ ਤਕ ਇਹ ਰਿਕਾਰਡ 2012 'ਚ 15 ਅਗਸਤ 'ਤੇ ਰਿਲੀਜ਼ ਹੋਈ ਸਲਮਾਨ ਖ਼ਾਨ ਦੀ 'ਏਕ ਥਾ ਟਾਈਗਰ' ਦੇ ਨਾਂ ਸੀ ਜਿਸ ਨੇ 198 ਕਰੋੜ ਦੀ ਕੁਲੈਕਸ਼ਨ ਕੀਤੀ ਸੀ।

ਮਿਸ਼ਨ ਮੰਗਲ ਅਕਸ਼ੈ ਕੁਮਾਰ ਦੀਆਂ ਬਿਹਤਰੀਨ ਫਿਲਮਾਂ 'ਚ ਸ਼ਾਮਲ ਹੈ ਜਿਸ ਨੂੰ ਕ੍ਰਿਟਿਕਸ ਨੇ ਵੀ ਸਰਾਹਿਆ ਤੇ ਦਰਸ਼ਕਾਂ ਨੇ ਵੀ ਖ਼ੂਬ ਪਿਆਰ ਦਿੱਤਾ।

Posted By: Seema Anand