ਕ੍ਰਿਕਟ ਤੇ ਸਿਨੇਮਾ ਦਾ ਬਹੁਤ ਡੂੰਘਾ ਨਾਤਾ ਰਿਹਾ ਹੈ। ਕ੍ਰਿਕਟ ਦੀ ਦੀਵਾਨਗੀ ਦਾ ਫ਼ਾਇਦਾ ਉਠਾਉਣ 'ਚ ਹਿੰਦੀ ਸਿਨੇਮਾ ਕਦੇ ਨਹੀਂ ਪਿੱਛੇ ਰਹਿੰਦਾ, ਦੂਜੇ ਪਾਸੇ ਕ੍ਰਿਕਟ ਦੇ ਮੈਦਾਨ 'ਤੇ ਵੀ ਸਿਨੇਮਾ ਦਾ ਕਾਫੀ ਗਲੈਮਰ ਨਜ਼ਰ ਆਉਂਦਾ ਹੈ। ਮਹਿੰਦਰ ਸਿੰਘ ਧੋਨੀ ਤੇ ਮੁਹੰਮਦ ਅਜ਼ਹਰ-ਊ-ਦੀਨ ਦੀ ਬਾਇਓਪਿਕ ਬਣ ਚੁੱਕੀ ਹੈ। ਤਾਪਸੀ ਪਨੂੰ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਬਾਇਓਪਿਕ 'ਸ਼ਾਬਾਸ਼ ਮਿੱਠੂ' ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ '83' 'ਚ ਰਣਵੀਰ ਸਿੰਘ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ। 'ਜਰਸੀ' ਫਿਲਮ 'ਚ ਸ਼ਾਹਿਦ ਕਪੂਰ ਕ੍ਰਿਕਟ ਦੀ ਭੂਮਿਕਾ 'ਚ ਹੋਣਗੇ। ਹੁਣ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੀ ਬਾਇਓਪਿਕ ਬਣਨ ਦੀ ਚਰਚਾ ਹੋ ਰਹੀ ਹੈ। ਖ਼ਬਰਾਂ ਹਨ ਕਿ ਕਰਨ ਜੌਹਰ ਸੌਰਭ ਗਾਂਗੁਲੀ ਦੀ ਬਾਇਓਪਿਕ ਦਾ ਨਿਰਮਾਣ ਕਰ ਸਕਦੇ ਹਨ। ਸੁਣਨ 'ਚ ਆਇਆ ਹੈ ਕਿ ਇਸ ਲਈ ਕਰਨ ਤੇ ਸੌਰਭ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ। ਆਪਣੀ ਇਸ ਬਾਇਓਪਿਕ ਲਈ ਸੌਰਭ ਦੀ ਪਹਿਲੀ ਪਸੰਦ ਰਿਤਿਕ ਰੋਸ਼ਨ ਹਨ। ਉਨ੍ਹਾਂ ਇਕ ਇੰਟਰਵਿਊ ਦੌਰਾਨ ਆਪਣੀ ਬਾਇਓਪਿਕ 'ਚ ਰਿਤਿਕ ਰੋਸ਼ਨ ਵੱਲੋਂ ਆਪਣਾ ਕਿਰਦਾਰ ਨਿਭਾਏ ਜਾਣ ਦੀ ਇੱਛਾ ਪ੍ਰਗਟਾਈ ਸੀ।