ਐਂਟਰਟੇਨਮੈਂਟ ਬਿਊਰੋ, ਮੁੰਬਈ : 'ਜੀਆ ਬੇਕਰਾਰ ਹੈ ਆਈ ਬਹਾਰ ਹੈ', 'ਬਰਸਾਤ ਮੇਂ ਤੁਮਸੇ ਮਿਲੇ ਹਮ ਸਜਨ', 'ਦਿਲ ਕਾ ਦੀਆ ਜਲਾ ਕੇ ਗਯਾ'...ਵਰਗੇ ਦਿਲ ਨੂੰ ਛੂਹਣ ਵਾਲੇ ਗੀਤਾਂ ਨੂੰ ਪਰਦੇ 'ਤੇ ਜ਼ਿੰਦਾ ਕਰਨ ਵਾਲੀ ਅਭਿਨੇਤਰੀ ਨਿੰਮੀ ਨੇ ਬਾਲੀਵੁੱਡ 'ਚ ਫਿਲਮੀ ਸਟਾਈਲ 'ਚ ਕਦਮ ਰੱਖਿਆ ਸੀ। ਰਾਜਕਪੂਰ ਨਿਰਦੇਸ਼ਿਤ 'ਬਰਸਾਤ' ਤੋਂ ਉਨ੍ਹਾਂ ਦੀ ਫਿਲਮੀ ਕਰੀਅਰ ਸ਼ੁਰੂ ਹੋਇਆ ਸੀ। 1950 ਤੋਂ 1960 ਦੌਰਾਨ ਉਨ੍ਹਾਂ ਦਾ ਸਟਾਰਡਮ ਸੀ। ਉਨ੍ਹਾਂ ਨੇ ਆਪਣੇ ਕਰੀਅਰ ਵਿਚ 'ਬਰਸਾਤ', 'ਆਨ', 'ਸਜਾ', 'ਉਡਨ ਖਟੋਲਾ', 'ਦਾਗ', 'ਭਾਈ-ਭਾਈ', 'ਮੇਰੇ ਮਹਿਬੂਬ', 'ਕੁੰਦਨ' ਵਰਗੀਆਂ ਯਾਦਗਾਰ ਫਿਲਮਾਂ 'ਚ ਕੰਮ ਕੀਤਾ। ਬੀਤੇ ਜ਼ਮਾਨੇ ਦੀ ਇਸ ਅਭਿਨੇਤਰੀ ਦਾ ਬੁੱਧਵਾਰ ਰਾਤ ਮੁੰਬਈ 'ਚ ਦੇਹਾਂਤ ਹੋ ਗਿਆ।

ਆਗਰਾ 'ਚ ਜੰਮੀ ਨਿੰਮੀ ਦਾ ਅਸਲੀ ਨਾਂ ਨਵਾਬ ਬਾਨੋ ਸੀ। ਜਦੋਂ ਉਹ 10 ਸਾਲ ਦੀ ਸੀ ਤਦ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਫਿਲਮਾਂ 'ਚ ਆਉਣ ਦਾ ਕੋਈ ਸੁਪਨਾ ਨਹੀਂ ਦੇਖਿਆ ਸੀ। 1948 'ਚ ਉਨ੍ਹਾਂ ਦੇ ਨਾਨਾ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮਾਸੀ ਜਯੋਤੀ ਕੋਲ ਮੁੰਬਈ ਭੇਜਿਆ ਸੀ। ਉਨ੍ਹਾਂ ਦੀ ਮਾਸੀ ਕਲਾਕਾਰ ਸੀ। ਨਿੰਮੀ ਦੀ ਮਾਂ ਵੀ ਮਹਿਬੂਬ ਦੀਆਂ ਫਿਲਮਾਂ ਵਿਚ ਕਈ ਛੋਟੇ-ਮੋਟੇ ਕਿਰਦਾਰ ਨਿਭਾ ਚੁੱਕੀ ਸੀ। ਲਿਹਾਜ਼ਾ ਮਹਿਬੂਬ ਖ਼ਾਨ ਉਨ੍ਹਾਂ ਦੇ ਮੂੰਹ ਬੋਲੇ ਚਾਚਾ ਸਨ।

ਫਿਲਮਾਂ 'ਚ ਉਨ੍ਹਾਂ ਦਾ ਦਾਖ਼ਲਾ ਫਿਲਮੀ ਸਟਾਈਲ 'ਚ ਹੀ ਹੋਇਆ ਸੀ। ਮਹਿਬੂਬ ਖ਼ਾਨ ਦੀ ਫਿਲਮ 'ਅੰਦਾਜ਼' ਦੀ ਸ਼ੂਟਿੰਗ ਚੱਲ ਰਹੀ ਸੀ। ਨਿੰਮੀ ਆਪਣੀ ਮਾਸੀ ਨਾਲ ਸ਼ੂਟਿੰਗ ਦੇਖਣ ਪੁੱਜੀ ਸੀ। ਦਿਲੀਪ ਕੁਮਾਰ ਅਤੇ ਰਾਜਕਪੂਰ ਦਾ ਸੀਨ ਚੱਲ ਰਿਹਾ ਸੀ। ਉਹ ਖ਼ਾਮੋਸ਼ੀ ਨਾਲ ਦੇਖ ਰਹੀ ਸੀ। ਨਰਗਿਸ ਦੀ ਮਾਂ ਜਦਨਬਾਈ ਉਨ੍ਹਾਂ ਕੋਲ ਬੈਠੀ ਸੀ। ਰਾਜਕਪੂਰ ਨਰਗਿਸ ਦੀ ਮਾਂ ਦਾ ਬਹੁਤ ਸਨਮਾਨ ਕਰਦੇ ਸਨ। ਉਹ ਉਨ੍ਹਾਂ ਦੇ ਪੈਰ ਛੂਹਣ ਆਏ ਤਾਂ ਉਸ ਨੂੰ ਦੇਖਿਆ। ਉਨ੍ਹਾਂ ਮਹਿਬੂਬ ਖ਼ਾਨ ਤੋਂ ਪੁੱਛਗਿੱਛ ਕੀਤੀ। ਅਗਲੇ ਦਿਨ ਇਕ ਆਫਿਸ ਬੁਆਏ ਆਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਮਹਿਬੂਬ ਸਾਹਿਬ ਬੁਲਾ ਰਹੇ ਹਨ। ਜਦੋਂ ਉਹ ਪੁੱਜੀ ਤਾਂ ਉੱਥੇ ਰਾਜਕਪੂਰ ਮੌਜੂਦ ਸਨ। ਉਨ੍ਹਾਂ ਨੇ ਪੁੱਛਿਆ ਕਿ ਰਾਜਕਪੂਰ ਨੂੰ ਜਾਣਦੀ ਹੋ। ਉਹ ਉਨ੍ਹਾਂ ਨੂੰ ਨਹੀਂ ਜਾਣਦੀ ਸੀ। ਉਸ ਨੇ ਕਿਹਾ ਕਿ ਉਹ ਤੈਨੂੰ ਆਪਣੀ ਫਿਲਮ ਵਿਚ ਲੈਣਾ ਚਾਹੁੰਦੇ ਹਨ। ਇਕ ਹਫ਼ਤੇ ਪਿੱਛੋਂ ਰਾਜਕਪੂਰ ਨੇ ਫਿਰ ਬੁਲਾਇਆ। ਉਨ੍ਹਾਂ ਨੇ ਆਪਣੀ ਗੱਡੀ ਵੀ ਭੇਜੀ ਸੀ। ਉਹ ਆਪਣੇ ਨਾਲ ਰਿਸ਼ਤੇ ਦੇ ਭਰਾ ਨੂੰ ਲੈ ਗਈ। ਉੱਥੇ ਉਨ੍ਹਾਂ ਦਾ ਆਡੀਸ਼ਨ ਹੋਇਆ। ਉਨ੍ਹਾਂ ਨੂੰ ਕੈਮਰੇ ਦਾ ਕੋਈ ਅੰਦਾਜ਼ਾ ਨਹੀਂ ਸੀ, ਫਿਰ ਵੀ ਟੈਸਟ ਦਿੱਤਾ। ਅਚਾਨਕ ਤਾੜੀ ਵੱਜੀ। ਪਤਾ ਚੱਲਿਆ ਕਿ ਆਡੀਸ਼ਨ ਚੰਗਾ ਹੋਇਆ। 1949 'ਚ ਰਿਲੀਜ਼ ਰਾਜਕਪੂਰ ਨਿਰਦੇਸ਼ਿਤ 'ਬਰਸਾਤ' ਵਿਚ ਉਨ੍ਹਾਂ 'ਤੇ ਫਿਲਮਾਏ ਗਏ ਗੀਤਾਂ ਨੇ ਧੂਮ ਮਚਾ ਦਿੱਤੀ। ਉੱਥੋਂ ਉਨ੍ਹਾਂ ਦਾ ਫਿਲਮੀ ਕਰੀਅਰ ਸ਼ੁਰੂ ਹੋਇਆ।

ਨਿੰਮੀ ਨਾਲ ਜੁੜਿਆ ਇਕ ਕਿੱਸਾ ਬਹੁਤ ਮਸ਼ਹੂਰ ਹੈ। ਰਾਜਕੂਪਰ ਤੋਂ ਨਿੰਮੀ ਬਹੁਤ ਘਬਰਾਉਂਦੀ ਸੀ। ਲਿਹਾਜ਼ਾ ਇਸ ਡਰ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਨਵਾਂ ਤਰੀਕਾ ਲੱਭਿਆ। ਉਨ੍ਹਾਂ ਨੇ ਨਿੰਮੀ ਨੂੰ ਆਪਣੀ ਰੱਖੜੀ ਦੀ ਭੈਣ ਬਣਾ ਲਿਆ। ਉੱਥੋਂ ਦੋਵਾਂ ਦੇ ਰਿਸ਼ਤੇ ਸੁਖਾਵੇਂ ਹੋ ਗਏ। ਰਾਜਕਪੂਰ ਨੇ ਹੀ ਉਨ੍ਹਾਂ ਨੂੰ ਨਿੰਮੀ ਨਾਂ ਦਿੱਤਾ। ਨਿੰਮੀ ਦੀ ਦੂਜੀ ਫਿਲਮ 'ਆਨ' ਸੀ। ਨਿੰਮੀ ਗਾਇਕਾ ਵੀ ਸੀ। ਉਨ੍ਹਾਂ ਨੇ ਫਿਲਮ 'ਬੇਦਰਦੀ' 'ਚ ਗਾਣਾ ਵੀ ਗਾਇਆ ਸੀ। ਨਿੰਮੀ ਨੇ ਦੇਵਾਨੰਦ ਨਾਲ ਵੀ ਫਿਲਮਾਂ ਕੀਤੀਆਂ ਸਨ। ਦਿਲੀਪ ਕੁਮਾਰ ਨਾਲ ਉਨ੍ਹਾਂ ਦੀ ਜੋੜੀ ਨੇ 'ਆਨ', 'ਉਡਨ ਖਟੋਲਾ', 'ਦੀਦਾਰ' ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ। ਨਿੰਮੀ ਨੇ ਉੱਘੇ ਲੇਖਕ ਐੱਸ. ਅਲੀ ਰਜਾ ਨਾਲ ਨਿਕਾਹ ਕੀਤਾ ਜਿਨ੍ਹਾਂ ਨੇ 'ਅੰਦਾਜ਼', 'ਮਦਰ ਇੰਡੀਆ', 'ਸਰਵਸਤੀਚੰਦਰ', 'ਰੇਸ਼ਮਾ ਔਰ ਸ਼ੇਰਾ' ਵਰਗੀਆਂ ਫਿਲਮਾਂ ਦੀ ਕਹਾਣੀ ਲਿਖੀ ਸੀ। ਨਿਕਾਹ ਪਿੱਛੋਂ ਨਿੰਮੀ ਨੇ ਫਿਲਮਾਂ ਨੂੰ ਅਲਵਿਦਾ ਕਹਿ ਦਿੱਤਾ।