ਫਿਲਮ '83 ਵਿਚ ਸਾਬਕਾ ਕ੍ਰਿਕਟਰ ਦਿੱਗਜ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਅ ਰਹੇ ਪੰਜਾਬੀ ਅਭਿਨੇਤਾ ਅਤੇ ਗਾਇਕ ਐਮੀ ਵਿਰਕ ਇਨ੍ਹੀਂ ਦਿਨੀਂ ਖ਼ੁਦ ਬਲਵਿੰਦਰ ਸਿੰਘ ਸੰਧੂ ਤੋਂ ਸਿਖਲਾਈ ਲੈ ਰਹੇ ਹਨ। ਵਿਰਕ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਉਹ ਸਾਬਕਾ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਤੋਂ ਗੇਂਦਬਾਜ਼ੀ ਦੇ ਗੁਰ ਸਿੱਖਦੇ ਹੋਏ ਨਜ਼ਰ ਆ ਰਹੇ ਹਨ। ਰਣਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਧਰਮਸ਼ਾਲਾ ਵਿਚ ਆਪਣੀ ਆਗਾਮੀ ਫਿਲਮ '83 ਦੀ ਤਿਆਰੀ ਕਰ ਰਹੀ ਹੈ। ਰਣਵੀਰ ਸਿੰਘ ਅਤੇ ਪੂਰੀ ਟੀਮ ਖ਼ੁਦ ਰੀਅਲ ਹੀਰੋਜ਼ ਤੋਂ ਸਿਖਲਾਈ ਲੈ ਰਹੀ ਹੈ। ਇਸ ਟ੍ਰੇਨਿੰਗ ਸੈਸ਼ਨ ਵਿਚ ਬਲਵਿੰਦਰ ਸਿੰਘ ਸੰਧੂ ਅਤੇ ਮੋਹਿੰਦਰ ਅਮਰਨਾਥ ਟੀਮ ਨੂੰ ਆਪਣਾ ਮਾਰਗਦਰਸ਼ਨ ਪ੍ਰਦਾਨ ਕਰ ਰਹੇ ਹਨ। ਫਿਲਮ ਵਿਚ ਰਣਵੀਰ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਕੁਝ ਦਿਨ ਪਹਿਲਾਂ ਰਣਵੀਰ ਸਿੰਘ ਨੇ ਕਪਿਲ ਦੇਵ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿਚ ਕਪਿਲ ਦੇਵ ਖ਼ੁਦ ਰਣਵੀਰ ਨੂੰ ਸਿਖਲਾਈ ਦਿੰਦੇ ਹੋਏ ਨਜ਼ਰ ਆਏ ਸਨ ਅਤੇ ਹੁਣ ਐਮੀ ਵਿਰਕ ਨੇ ਵੀ ਅਸਲੀ ਗੇਂਦਬਾਜ਼ ਤੋਂ ਟ੍ਰੇਨਿੰਗ ਲੈਂਦੇ ਹੋਏ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਕਬੀਰ ਖ਼ਾਨ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਭਾਰਤੀ ਕ੍ਰਿਕਟ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਜਿੱਤ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਅਗਲੇ ਸਾਲ ਦੀ ਸ਼ੁਰੂਆਤ ਵਿਚ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਇਸ ਫਿਲਮ ਨੂੰ 10 ਅਪ੍ਰਰੈਲ 2020 ਵਿਚ ਹਿੰਦੀ, ਤਾਮਿਲ ਤੇ ਤੇਲਗੂ ਵਿਚ ਰਿਲੀਜ਼ ਕੀਤਾ ਜਾਵੇਗਾ। ਇਹ ਰਣਵੀਰ ਸਿੰਘ ਅਤੇ ਨਿਰਦੇਸ਼ਕ ਕਬੀਰ ਖ਼ਾਨ ਦੋਵਾਂ ਦੀ ਪਹਿਲੀ ਤਿੰਨ ਭਾਸ਼ਾਈ ਰਿਲੀਜ਼ ਹੋਵੇਗੀ।

Posted By: Sukhdev Singh