ਜੇਐੱਨਐੱਨ, ਨਵੀਂ ਦਿੱਲੀ : ਫਿਲਮ ਮਿਸ਼ਨ ਮੰਗਲ 'ਚ ਵਿਗਿਆਨੀ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਹੁਣ ਅਦਾਕਾਰਾ ਵਿਦਿਆ ਬਾਲਨ ਮੈਥੇਮਟੀਸ਼ੀਅਨ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਵਿਦਿਆ ਬਾਲਨ ਆਪਣੇ ਅਗਲੇ ਪ੍ਰੋਜੈਕਟ 'ਚ ਹਿਊਮਨ ਕੰਪਿਊਟਰ ਅਖਵਾਉਣ ਵਾਲੀ ਮੈਥੇਮਟੀਸ਼ੀਅਨ ਸ਼ਕੁੰਤਲਾ ਦੇਵੀ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ ਅਤੇ ਇਸ ਫਿਲਮ ਦੀ ਫਸਟ ਲੁੱਕ ਤੇ ਮੋਸ਼ਨ ਪੋਸਟਰ ਵੀ ਜਾਰੀ ਹੋ ਗਿਆ ਹੈ। ਇਹ ਫਿਲਮ ਸ਼ਕੁੰਤਲਾ ਦੇਵੀ ਦੀ ਬਾਇਓਪਿਕ ਹੈ ਅਤੇ ਇਸ ਵਿਚ ਵਿਦਿਆ ਬਾਲਨ ਦੀ ਲੁੱਕ ਸ਼ਕੁੰਤਲਾ ਦੇਵੀ ਵਾਂਗ ਹੀ ਦਿੱਤੀ ਗਈ ਹੈ।

ਜਿਸ ਤਰ੍ਹਾਂ ਸ਼ਕੁੰਤਲਾ ਦੇਵੀ ਛੋਟੇ ਵਾਲ਼ ਰੱਖਦੀ ਸੀ ਤੇ ਬਿੰਦੀ ਲਾਉਂਦੀ ਸੀ, ਉਸੇ ਤਰ੍ਹਾਂ ਵਿਦਿਆ ਬਾਲਨ ਵੀ ਸਾੜ੍ਹੀ 'ਚ ਛੋਟੇ ਵਾਲ ਤੇ ਬਿੰਦੀ ਨਾਲ ਨਜ਼ਰ ਆ ਰਹੀ ਹੈ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇਸ ਦੀ ਜਾਣਕਾਰੀ ਦਿੱਤੀ ਅਤੇ ਫਿਲਮ ਦੇ ਮੋਸ਼ਨ ਪੋਸਟਰ ਨੂੰ ਵੀ ਪੋਸਟ ਕੀਤਾ ਹੈ। ਇਸ ਪੋਸਟਰ 'ਚ ਪਹਿਲਾਂ ਗਣਿਤ ਦੇ ਅੰਕ, ਸਵਾਲ ਆਦਿ ਦਿਖ ਰਹੇ ਹਨ ਅਤੇ ਉਸ ਤੋਂ ਬਾਅਦ ਵਿਦਿਆ ਬਾਲਨ ਦੀ ਤਸਵੀਰ ਬਣ ਰਹੀ ਹੈ ਜਿਸ ਵਿਚ ਉਹ ਸ਼ਕੁੰਤਲਾ ਦੇਵੀ ਦੀ ਲੁੱਕ 'ਚ ਹੈ।

ਅਨੁ ਮੇਨਨ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫਿਲਮ ਦੀ ਸ਼ੁਰੂਆਤ ਲੰਡਨ ਤੋਂ ਹੋ ਚੁੱਕੀ ਹੈ ਹਾਲਾਂਕਿ ਹਾਲੇ ਤਕ ਫਿਲਮ ਦੀ ਰਿਲੀਜ਼ ਡੇਟ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉੱਥੇ ਫਿਲਮ ਦੀ ਕਾਸਟ ਸਬੰਧੀ ਜਾਣਕਾਰੀ ਆਉਣੀ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ ਫਿਲਮ ਅਗਲੇ ਸਾਲ ਗਰਮੀਆਂ 'ਚ ਵੱਡੇ ਪਰਦੇ 'ਤੇ ਰਿਲੀਜ਼ ਹੋ ਸਕਦੀ ਹੈ। ਫਿਲਮ ਨੂੰ ਸੋਨੀ ਪਿਕਚਰਜ਼ ਤੇ ਵਿਕਰਮ ਮਲਹੋੱਤਰਾ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਗਣਿਤ ਦੇ ਖੇਤਰ 'ਚ ਸ਼ਕੁੰਤਲਾ ਦੇਵੀ ਨੇ ਕਈ ਅਜਿਹੇ ਕਾਰਨਾਮੇ ਕੀਤੇ ਹਨ ਜਿਹੜੇ ਹੈਰਾਨ ਕਰ ਦੇਣ ਵਾਲੇ ਹਨ। ਕਰਨਾਟਕ ਦੀ ਰਹਿਣ ਵਾਲੀ ਸ਼ਕੁੰਤਲਾ ਦੇਵੀ ਨੇ 5 ਸਾਲ ਦੀ ਉਮਰ 'ਚ ਗਣਿਤ ਦੀਆਂ ਉਨ੍ਹਾਂ ਦਿੱਕਤਾਂ ਨੂੰ ਹੱਲ ਕਰ ਦਿੱਤਾ ਸੀ ਜਿਹੜੀਆਂ 18 ਸਾਲ ਦੇ ਬੱਚਿਆਂ ਨੂੰ ਧਿਆਨ 'ਚ ਰੱਖ ਕੇ ਬਣਾਈਆਂ ਗਈਆਂ ਸਨ। ਸ਼ਕੁੰਤਲਾ ਦੇਵੀ ਗਣਿਤ ਦੇ ਜੀਨੀਅਸ ਵਜੋਂ ਮਸ਼ਹੂਰ ਹਨ ਅਤੇ ਉਨ੍ਹਾਂ ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ 'ਚ ਦਰਜ ਹੋ ਚੁੱਕਾ ਹੈ। ਉਨ੍ਹਾਂ ਕਈ ਅਜਿਹੇ ਸਵਾਲ ਮਿੰਟਾਂ 'ਚ ਹੱਲ ਕੀਤੇ ਸਨ, ਜਿਹੜੇ ਹਮੇਸ਼ਾ ਲਈ ਯਾਦਗਾਰ ਹਨ ਅਤੇ ਇਕ ਵਾਰ ਉਨ੍ਹਾਂ ਇੰਦਰਾ ਗਾਂਧੀ ਸਾਹਮਣੇ ਚੋਣ ਵੀ ਲੜੀ ਸੀ।

Posted By: Seema Anand