ਮੁੰਬਈ : ਫਿਲਮ 'ਇਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦਾ ਟਾਈਟਲ ਟ੍ਰੈਕ ਰਿਲੀਜ਼ ਹੋ ਗਿਆ ਹੈ। ਗਾਣਾ ਹਿੰਦੀ ਅਤੇ ਪੰਜਾਬੀ ਦਾ ਮਿਕਸ ਵਰਜਨ ਹੈ। ਇਸ ਜ਼ਰੀਏ ਦਰਸ਼ਕਾਂ ਨੂੰ ਫਿਲਮ ਦੇ ਕੁਝ ਇਮੋਸ਼ਨਲ, ਰੋਮਾਂਟਿਕ ਅਤੇ ਹਾਸੋਹੀਣੇ ਦ੍ਰਿਸ਼ਨ ਦੇਖਣ ਨੂੰ ਮਿਲਣਗੇ। ਫਿਲਮ ਵਿਚ ਸੋਨਮ ਕਪੂਰ ਅਤੇ ਰਾਜਕੁਮਾਰ ਰੋਮਾਂਸ ਕਰਦੇ ਨਜ਼ਰ ਆਉਣਗੇ ਜਾਂ ਨਹੀਂ, ਇਹ ਕਹਿਣਾ ਮੁਸ਼ਕਿਲ ਹੈ। ਟਾਈਟਲ ਟ੍ਰੈਕ ਦੇਖ ਕੇ ਰੋਮਾਂਟਿਕ ਵਾਲੀ ਫੀਲਿੰਗ ਜ਼ਰੂਰ ਆ ਰਹੀ ਹੈ। ਗਾਣੇ ਵਿਚ ਅਨਿਲ ਕਪੂਰ ਅਤੇ ਜੂਹੀ ਚਾਵਲਾ ਵੀ ਨਜ਼ਰ ਆ ਰਹੇ ਹਨ।


ਸੋਨਮ ਨੇ ਸ਼ੇਅਰ ਕੀਤਾ ਟਾਈਟਲ ਟ੍ਰੈਕ

ਸੋਨਮ ਕਪੂਰ ਅਤੇ ਫਿਲਮ ਦੀ ਟੀਮ ਨੇ ਟਾਈਟਲ ਟ੍ਰੈਕ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸੋਨਮ ਨੇ ਇਕ ਖ਼ੂਬਸੂਰਤ ਲਾਈਨ ਲਿਖੀ ਹੈ, 'ਐਸੇ ਗਾਣੇ ਕੇ ਬਿਨਾਂ ਟਰੁਅ ਲਵ ਮੇਂ ਫੀਲ ਕੈਸੇ ਆਏਗੀ...ਤੋ ਯੇਹ ਰਹਾ ਟਾਈਟਲ ਟ੍ਰੈਕ।' ਦੱਸਣਯੋਗ ਹੈ ਕਿ ਫਿਲਮ ਦਾ ਟ੍ਰੇਲਰ 27 ਦਸੰਬਰ ਨੂੰ ਆਇਆ ਸੀ। ਇਸ ਤੋਂ ਪਹਿਲਾਂ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਫਿਲਮ ਨਾਲ ਜੁੜੇ ਹੁਣ ਤਕ ਦੇ ਸਾਰੇ ਵੀਡੀਓ ਅਤੇ ਪੋਸਟਰ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ।


ਮੇਕਰਜ਼ ਨੇ ਫਿਲਮ ਦਾ ਨਵਾਂ ਪੋਸਟਰ ਵੀ ਰਿਲੀਜ਼ ਕੀਤਾ ਸੀ। ਇਸ ਵਿਚ ਸੋਨਮ ਕਪੂਰ ਅਤੇ ਰਾਜਕੁਮਾਰ ਰਾਓ ਉਲਟੇ ਦਿਸ ਰਹੇ ਹਨ। ਸ਼ੈਲੀ ਚੋਪੜਾ ਦੇ ਨਿਰਦੇਸ਼ਣ ਵਿਚ ਬਣੀ ਇਹ ਫਿਲਮ ਪਹਿਲੀ ਫਰਵਰੀ ਨੂੰ ਸਿਨਮਾ ਘਰਾਂ ਵਿਚ ਆਵੇਗੀ। ਇਹ ਫਿਲਮ ਇਕ ਰੋਮਾਂਟਿਕ ਲਵ ਸਟੋਰੀ ਦੱਸੀ ਜਾ ਰਹੀ ਹੈ। ਫਿਲਮ ਸਮਲਿੰਗੀ ਰਿਸ਼ਤਿਆਂ 'ਤੇ ਬਣਾਈ ਗਈ ਹੈ ਜਿਸ ਵਿਚ ਸੋਨਮ ਕਪੂਰ ਫਿਲਮ ਦੇ ਹੀਰੋ ਰਾਜਕੁਮਾਰ ਰਾਓ ਨਾਲ ਨਹੀਂ ਬਲਕਿ ਇਕ ਲੜਕੀ ਨਾਲ ਪਿਆਰ ਕਰਦੀ ਹੈ। ਸੋਨਮ ਦੀ ਇਹ ਪਾਰਟਨਰ ਕੌਣ ਹੈ ਇਸ ਬਾਰੇ ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਫਿਲਮ ਵਿਚ ਅਨਿਲ ਕਪੂਰ ਅਤੇ ਜੂਹੀ ਚਾਵਲਾ ਨੌਂ ਸਾਲ ਬਾਅਦ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ।