ਇਕ ਸਮਾਂ ਸੀ ਜਦੋਂ ਟੀਵੀ ਉੱਪਰ ਕੇਵਲ ਇਕ ਚੈਨਲ ਹੀ ਮਨੋਰੰਜਨ ਦਾ ਸਾਧਨ ਹੁੰਦਾ ਸੀ ਅਤੇ ਛੋਟਿਆਂ-ਵੱਡਿਆਂ, ਹਰ ਉਮਰ ਵਰਗ ਦੇ ਲੋਕਾਂ ਦੀ ਪਸੰਦ ਅਨੁਸਾਰ ਪ੍ਰੋਗਰਾਮ ਚੱਲਦੇ ਸਨ। ਸਮਾਂ ਬਦਲਿਆ, ਕੇਬਲ ਟੀਵੀ ਅਤੇ ਡਿਸ਼ ਟੀਵੀ ਨਾਲ ਜਿੱਥੇ ਚੈਨਲਾਂ ਦੀ ਗਿਣਤੀ ਵਧੀ ਉੱਥੇ ਪ੍ਰਸਾਰਿਤ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਗਿਣਤੀ ਵੀ ਵਧੀ। ਇਸ ਦੇ ਬਾਵਜੂਦ ਭਾਰਤੀ ਦਰਸ਼ਕਾਂ ਦੀ ਸਿਨੇਮਾ ਘਰਾਂ ਪ੍ਰਤੀ ਦਿਲਚਸਪੀ ਨਹੀਂ ਘਟੀ ਅਤੇ ਇਹ ਕਾਰੋਬਾਰ ਸਗੋਂ ਹੋਰ ਪ੍ਰਫੁੱਲਤ ਹੋਇਆ। ਅੱਜ ਕੱਲ੍ਹ ਤਾਂ ਪੀਵੀਆਰ ਜਾਂ ਸ਼ਾਪਿੰਗ ਮਾਲਜ਼ ਵਿਚ ਖੁਲ੍ਹੇ ਆਧੁਨਿਕ ਕਿਸਮ ਦੇ ਸਿਨੇਮਾਘਰਾਂ ਵਿਚ ਲੋਕ ਫਿਲਮਾਂ ਵੇਖਣ ਜਾਣਾ ਪਸੰਦ ਕਰਦੇ ਹਨ ਪਰ ਇਕ ਵਾਰ ਫਿਰ ਸਮੇਂ ਦੀ ਤਬਦੀਲੀ ਨੇ ਦਰਸ਼ਕਾਂ ਦੇ ਰੁਝਾਨ ਨੂੰ ਬਦਲ ਦੇਣ ਦੀ ਸਮਰੱਥਾ ਵਿਖਾਈ ਹੈ। ਭਾਵ, ਅੱਜ ਕੱਲ੍ਹ ਡਿਜੀਟਲ ਜ਼ਮਾਨੇ ਵਿਚ ਵੈੱਬ-ਸੀਰੀਜ਼ ਜਾਂ ਵੈੱਬ-ਪਲੈਟਫਾਰਮ ਪ੍ਰਤੀ ਵੀ ਦਰਸ਼ਕਾਂ ਦਾ ਰੁਝਾਨ ਵੇਖਣ ਨੂੰ ਮਿਲ

ਰਿਹਾ ਹੈ।

ਇੱਥੋਂ ਤਕ ਕਿ ਬਾਕਸ ਆਫਿਸ 'ਤੇ ਜ਼ਿਆਦਾ ਧਮਾਲ ਨਾ ਪਾ ਸਕਣ ਵਾਲੀਆਂ ਫਿਲਮਾਂ ਵੈੱਬ ਪਲੈਟਫਾਰਮ ਤੇ ਮੋਟੀ ਕਮਾਈ ਕਰ ਰਹੀਆਂ ਹਨ। ਵੈੱਬ-ਪਲੈਟਫਾਰਮ ਵਿਚ ਨੈੱਟਫਲਿਕਸ ਅਤੇ ਅਮੇਜ਼ਨ ਪ੍ਰਾਈਮ ਦਾ ਨਾਂ ਸਭ ਤੋਂ ਵੱਧ ਚਰਚਿਤ ਹੈ, ਭਾਵੇਂ ਹਾਟਸਟਾਰ ਦਾ ਨਾਂ ਵੀ ਇਸ ਲੜੀ 'ਚ ਕਾਫ਼ੀ ਵੱਡਾ ਹੈ। ਹਾਲ ਹੀ 'ਚ ਹੋਏ ਇਕ ਸਰਵੇਖਣ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਹੈ।

ਆਉ! ਜਾਣਦੇ ਹਾਂ ਕੁਝ ਅਜਿਹੀਆਂ ਫਿਲਮਾਂ ਬਾਰੇ ਜੋ ਬਾਕਸ ਆਫਿਸ ਤੇ ਮਾੜੀ ਕਾਰਗੁਜ਼ਾਰੀ ਦੇ ਬਾਵਜੂਦ ਡਿਜੀਟਲ ਪਲੈਟਫਾਰਮ 'ਤੇ ਸਫਲ ਰਹੀਆਂ। ਪਿਛਲੇ ਸਾਲ ਰਿਲੀਜ਼ ਹੋਈ ਵਿਸ਼ਾਲ ਭਾਰਦਵਾਜ਼ ਦੀ ਫਿਲਮ 'ਪਟਾਖਾ' ਨੇ 7 ਕਰੋੜ 96 ਲੱਖ ਰੁਪਏ ਦੀ ਹੀ ਕਮਾਈ ਕੀਤੀ ਪਰ ਅਮੇਜ਼ਾਨ ਪ੍ਰਾਈਮ 'ਤੇ ਇਸ ਨੇ 9 ਕਰੋੜ ਰੁਪਏ ਦੀ ਕਮਾਈ ਕੀਤੀ। ਇਸੇ ਤਰ੍ਹਾਂ ਸੁਪਰਸਟਾਰ ਆਮਿਰ ਖ਼ਾਨ ਨੂੰ ਲੈ ਕੇ ਯਸ਼ ਰਾਜ ਵੱਲੋਂ ਬਣਾਈ ਵੱਡੇ ਬਜਟ ਦੀ ਫਿਲਮ 'ਠੱਗਜ਼ ਆਫ ਹਿੰਦੁਸਤਾਨ' ਸਿਲਵਰ ਸਕ੍ਰੀਨ 'ਤੇ ਬੁਰੀ ਤਰ੍ਹਾਂ ਫਲਾਪ ਰਹੀ ਪਰ ਐਮੇਜ਼ਾਨ ਦੇ ਡਿਜੀਟਲ ਪਲੇਟਫਾਰਮ 'ਤੇ ਇਹੀ ਫਿਲਮ 45 ਕਰੋੜ ਰੁਪਏ ਕਮਾਉਣ 'ਚ ਸਫਲ ਹੋਈ। ਰਿਤੇਸ਼ ਬਤਰਾ ਨਿਰਦੇਸ਼ਤ ਫਿਲਮ 'ਫੋਟੋਗ੍ਰਾਫ' ਵੀ ਭਾਵੇਂ ਸਿਨੇਮਾਘਰਾਂ ਵਿਚ ਸਿਰਫ਼ ਸਵਾ ਕਰੋੜ ਰੁਪਏ ਕਮਾ ਸਕੀ ਪਰ ਅਮੇਜ਼ਨ ਪ੍ਰਾਈਮ 'ਤੇ ਇਹ 8 ਕਰੋੜ ਰੁਪਏ ਦੀ ਕਮਾਈ ਕਰ ਗਈ। ਹੋਰ ਤਾਂ ਹੋਰ ਦਬੰਗ ਸਟਾਰ ਸਲਮਾਨ ਖ਼ਾਨ ਦੀ ਮੁੱਖ ਭੂਮਿਕਾ ਵਾਲੀ ਮਲਟੀਸਟਾਰ ਫਿਲਮ 'ਰੇਸ-3' ਨੇ ਪਿਛਲੇ ਸਾਲ ਸਿਨੇਮਾਘਰਾਂ ਵਿਚ ਕਮਾਈ ਪੱਖੋਂ ਉਮੀਦ ਤੋਂ ਬਹੁਤ ਘੱਟ ਕਮਾਈ ਕੀਤੀ ਪਰ ਨੈੱਟਫਲਿਕਸ 'ਤੇ ਇਹੀ ਫਿਲਮ 75 ਕਰੋੜ ਰੁਪਏ ਕਮਾ ਗਈ। ਇਸੇ ਤਰ੍ਹਾਂ ਨੈੱਟਫਲਿਕਸ 'ਤੇ ਫਿਲਮ 'ਅਨਾਰਕਲੀ ਆਫ ਆਰਾ' 2.5 ਕਰੋੜ ਰੁਪਏ ਅਤੇ ਫਿਲਮ 'ਲਾਲ ਰੰਗ', ਜੋ ਬਾਕਸ ਆਫਿਸ ਤੇ 1.92 ਕਰੋੜ ਪਰ ਨੈੱਟਫਲਿਕਸ 'ਤੇ 2 ਕਰੋੜ ਰੁਪਏ ਦੀ ਕਮਾਈ ਕਰ ਚੁੱਕੀਆਂ ਹਨ।

ਉਕਤ ਤੱਥਾਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਵੈੱਬ-ਪਲੈਟਫਾਰਮ ਫਲਾਪ ਹੋ ਚੁੱਕੀਆਂ ਜਾਂ ਹੋਣ ਵਾਲੀਆਂ ਫਿਲਮਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਰਿਹਾ ਹੈ। ਭਾਵੇਂ ਫਿਲਮ ਬਣਾਉਣ ਵਾਲਿਆਂ ਨਾਲ ਸਬੰਧਿਤ ਡਿਜੀਟਲ ਪਲੈਟਫਾਰਮ ਦਾ ਪਹਿਲਾਂ ਹੀ ਸੌਦਾ ਹੋ ਚੁੱਕਿਆ ਹੁੰਦਾ ਹੈ ਅਤੇ ਫਿਲਮ ਦੇ ਹਿੱਟ ਜਾਂ ਫਲਾਪ ਹੋਣ ਦਾ ਡਿਜੀਟਲ ਪਲੈਟਫਾਰਮ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦਕਿ ਇਹ ਸੱਚ ਹੈ ਕਿ ਹੁਣ ਸਿਨੇਮਾ ਘਰਾਂ ਦੇ ਦਰਸ਼ਕ ਅਤੇ ਡਿਜੀਟਲ ਪਲੈਟਫਾਰਮ ਦੇ ਦਰਸ਼ਕ ਫਿਲਮਾਂ ਦੀ ਕਮਾਈ 'ਤੇ ਆਪਣਾ ਪ੍ਰਭਾਵ ਬਰਾਬਰ ਪਾਉਣ ਵਿਚ ਸਫਲ ਹੋ ਰਹੇ ਹਨ।

ਹੁਣ ਡਿਜੀਟਲ ਦਰਸ਼ਕਾਂ ਦੀ ਵਜ੍ਹਾ ਨਾਲ ਫਿਲਮਾਂ ਬਾਕਸ ਆਫਿਸ ਤੋਂ ਬਾਅਦ ਵੀ ਕਾਫ਼ੀ ਸਮਾਂ ਪੈਸਾ ਕਮਾਉਂਦੀਆਂ ਰਹਿੰਦੀਆਂ ਹਨ। ਇਸ ਸਾਰੇ ਮਸਲੇ ਦੇ ਨਾਲ ਇਹ ਵੀ ਇਕ ਕੌੜਾ ਸੱਚ ਹੈ ਕਿ ਹਰ ਵਰਗ ਦੇ ਦਰਸ਼ਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਉਣ ਵਾਲੀਆਂ ਫਿਲਮਾਂ ਅੱਜ ਕੱਲ੍ਹ ਘੱਟ ਹੀ ਬਣ ਰਹੀਆਂ ਹਨ, ਇਸ ਵਿਸ਼ੇ ਤੇ ਕਦੇ ਫਿਰ ਗੱਲ ਕਰਾਂਗਾ।

-ਇਕਵਾਕ ਸਿੰਘ ਪੱਟੀ

98150-24920

Posted By: Harjinder Sodhi