ਐਵਾਰਡ ਸਮਾਰੋਹ ਦੇ ਰੈੱਡ ਕਾਰਪੈਟ 'ਤੇ ਉਤਰਣ ਲਈ ਜਿੱਥੇ ਇਕ ਪਾਸੇ ਸਿਤਾਰੇ ਕਾਸਟਿਊਮ ਤੋਂ ਲੈ ਕੇ ਮੇਕਅਪ ਤਕ ਹਰ ਚੀਜ਼ 'ਤੇ ਬਾਰੀਕੀ ਨਾਲ ਧਿਆਨ ਦਿੰਦੇ ਹਨ, ਉੱਥੇ ਅਦਾਕਾਰ ਕਾਰਤਿਕ ਆਰੀਅਨ ਨੂੰ ਰੈੱਡ ਕਾਰਪੈਟ 'ਤੇ ਜਾਣ ਨਾਲ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਇਹ ਰਾਜ਼ ਦੀ ਗੱਲ ਕਾਰਤਿਕ ਨੇ ਇਕ ਚੈਟ ਸ਼ੋਅ 'ਚ ਦੱਸੀ, ਜਿੱਥੇ ਉਹ ਆਪਣੀ ਦੋਸਤ ਜੈਕਲਿਨ ਫਰਨਾਂਡਿਸ ਨਾਲ ਪਹੁੰਚੇ ਸਨ। ਕਾਰਤਿਕ ਨੇ ਆਪਣੇ ਸੰਘਰਸ਼ ਦੇ ਦਿਨਾਂ ਦੀ ਗੱਲ ਕਰਦਿਆਂ ਦੱਸਿਆ ਕਿ ਪਹਿਲੀਆਂ ਦੋ ਹਿੱਟ ਫਿਲਮਾਂ ਤੋਂ ਬਾਅਦ ਵੀ ਉਨ੍ਹਾਂ ਕੋਲ ਥਰਡ ਹੈਂਡ ਕਾਰ ਸੀ, ਜਿਸ ਕਾਰਨ ਉਨ੍ਹਾਂ ਨੂੰ ਰੈੱਡ ਕਾਰਪੈਟ 'ਤੇ ਕਈ ਵਾਰ ਸ਼ਰਮਿੰਦਾ ਹੋਣਾ ਪਿਆ ਹੈ। ਬਕੌਲ ਕਾਰਤਿਕ, 'ਉਸ ਸਮੇਂ ਨਵਾਂ-ਨਵਾਂ ਟ੍ਰੈਂਡ ਸ਼ੁਰੂ ਹੋਇਆ ਸੀ ਕਿ ਜਿਵੇਂ ਹੀ ਸਿਤਾਰੇ ਰੈੱਡ ਕਾਰਪੈਟ ਤਕ ਪਹੁੰਚਦੇ ਸਨ, ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਜਾਣ ਲਗਦੀਆਂ ਸਨ। ਮੈਨੂੰ ਆਪਣੀ ਕਾਰ ਦੀ ਵਜ੍ਹਾ ਨਾਲ ਰੈੱਡ ਕਾਰਪੈਟ 'ਤੇ ਜਾਣਾ ਬਿਲਕੁਲ ਪਸੰਦ ਨਹੀਂ ਸੀ। ਮੇਰੀ ਗੱਡੀ ਪੂਰੀ ਤਰ੍ਹਾਂ ਖ਼ਰਾਬ ਸੀ। ਡਰਾਈਵਰ ਵਾਲੀ ਸੀਟ ਦਾ ਦਰਵਾਜ਼ਾ ਤੇ ਕਾਰ ਦੀਆਂ ਖਿੜਕੀਆਂ ਖੁਲ੍ਹਦੀਆਂ ਹੀ ਨਹੀਂ ਸਨ। ਮੈਂ ਗੱਡੀ ਚਲਾ ਕੇ ਆਉਂਦਾ ਸੀ, ਪਾਰਕਿੰਗ 'ਚ ਫੋਟੋਗ੍ਰਾਫਰ ਮੇਰੀ ਫੋਟੋ ਖਿੱਚਣੀ ਸ਼ੁਰੂ ਕਰ ਦਿੰਦੇ ਸਨ। ਮੈਂ ਪੈਸੰਜਰ ਸੀਟ 'ਤੇ ਜਾ ਕੇ ਉੱਥੋਂ ਦਰਵਾਜ਼ਾ ਖੋਲ੍ਹ ਕੇ ਬਾਹਰ ਆਉਂਦਾ ਸੀ। ਹੁਣ ਇਨ੍ਹਾਂ ਚੀਜ਼ਾਂ ਬਾਰੇ ਸੋਚ ਕੇ ਹੱਸਦਾ ਹਾਂ।'

Posted By: Sukhdev Singh