ਜੇਐੱਨਐੱਨ, ਨਵੀਂ ਦਿੱਲੀ : ਅਮਿਤਾਭ ਬੱਚਨ ਦੀ ਮੇਜ਼ਬਾਨੀ ਵਾਲਾ ਗੇਮ ਸ਼ੋਅ 'ਕੌਣ ਬਣੇਗਾ ਕਰੋੜਪਤੀ' ਕਈ ਲੋਕਾਂ ਦੀ ਜ਼ਿੰਦਗੀ 'ਚ ਅਹਿਮ ਰੋਲ ਅਦਾ ਕਰ ਚੁੱਕਾ ਹੈ। ਇਸ ਗੇਮ ਸ਼ੋਅ 'ਚ ਜਿੱਤੀ ਰਾਸ਼ੀ ਦੇ ਨਾਲ-ਨਾਲ ਉਨ੍ਹਾਂ ਨੂੰ ਪਛਾਣ ਵੀ ਮਿਲੀ। ਸ਼ੋਅ ਦੇ ਸੈੱਟ 'ਤੇ ਕਈ ਦਿਲਚਸਪ ਕਹਾਣੀਆਂ ਬਾਹਰ ਨਿਕਲੀਆਂ। ਅਜਿਹੀ ਹੀ ਇਕ ਹੋਰ ਕਹਾਣੀ ਫ਼ਿਲਹਾਲ ਚਰਚਾ 'ਚ ਹੈ।


2001 'ਚ ਕੇਬੀਸੀ ਦਾ ਸਪੈਸ਼ਲ ਅਡੀਸ਼ਨ ਕੇਬੀਸੀ ਜੂਨੀਅਰ ਆਇਆ ਸੀ ਜਿਸ 'ਚ 14 ਸਾਲ ਦੇ ਬੱਚੇ ਰਵੀ ਮੋਹਨ ਸੈਣੀ ਨੇ 15 ਸਵਾਲਾਂ ਦੇ ਸਹੀ ਜਵਾਬ ਦੇ ਕੇ ਇਕ ਕਰੋੜ ਦੀ ਇਨਾਮੀ ਰਾਸ਼ੀ ਜਿੱਤੀ ਸੀ। ਇਸ ਗੱਲ ਨੂੰ ਲਗਪਗ ਦੋ ਦਹਾਕੇ ਬੀਤ ਚੁੱਕੇ ਹਨ ਤੇ ਬੱਚਾ ਆਈਪੀਐੱਸ ਅਫ਼ਸਰ ਬਣ ਕੇ ਪਹਿਲੀ ਪੋਸਟਿੰਗ ਲੈ ਚੁੱਕਾ ਹੈ।


ਰਵੀ ਮੋਹਨ ਸੈਣੀ ਦੀ ਉਮਰ ਫ਼ਿਲਹਾਲ ਕਰੀਬ 33 ਸਾਲ ਹੈ। ਉਹ ਗੁਜਰਾਤ ਦੇ ਪੋਰਬੰਦਰ 'ਚ ਬਤੌਰ ਐੱਸਪੀ ਤਾਇਨਾਤ ਹਨ। ਇੰਡੀਅਨ ਐਕਸਪ੍ਰੈੱਸ ਨਾਲ ਗੱਲਬਾਤ ਦੌਰਾਨ ਸੈਣੀ ਨੇ ਦੱਸਿਆ ਕਿ ਉਨ੍ਹਾਂ ਮਹਾਤਮਾ ਗਾਂਧੀ ਮੈਡੀਕਲ ਕਾਲਜ ਜੈਪੁਰ ਤੋਂ ਐੱਮਬੀਬੀਐੱਸ ਕੀਤੀ। ਇੰਟਰਨਸ਼ਿਪ ਦੌਰਾਨ ਉਨ੍ਹਾਂ ਦੀ ਚੋਣ ਸਿਵਿਲ ਸਰਵਿਸਿਜ਼ 'ਚ ਹੋਈ ਕਿਉਂਕਿ ਪਿਤਾ ਨੇਵੀ 'ਚ ਸਨ, ਇਸ ਲਈ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਈਪੀਐੱਸ ਦੀ ਚੋਣ ਕੀਤੀ।

ਭਾਰਤੀ ਪੁਲਿਸ ਸਰਵਿਸ ਲਈ ਸੈਣੀ ਦੀ ਚੋਣ 2014 'ਚ ਹੋਈ ਸੀ। ਉਨ੍ਹਾਂ ਅਖਿਲ ਭਾਰਤੀ ਪੱਧਰ 'ਤੇ 461ਵਾਂ ਰੈਂਕ ਹਾਸਲ ਕੀਤਾ ਸੀ। ਉਨ੍ਹਾਂ ਆਪਣੀ ਇਸ ਨਵੀਂ ਭੂਮਿਕਾ ਬਾਰੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਪੋਰਬੰਦਰ 'ਚ ਲਾਕਡਾਊਨ ਦੀ ਪਾਲਣਾ ਕਰਵਾਉਣੀ ਉਨ੍ਹਾਂ ਦੀ ਤਰਜੀਹ ਹੈ।


KBC 12 ਦੇ ਪਹਿਲੇ ਸਵਾਲ ਨੂੰ ਮਿਲਿਆ ਜ਼ਬਰਦਸਤ ਰਿਸਪਾਂਸ

ਦੱਸ ਦਈਏ ਕਿ ਕੇਬੀਸੀ ਦਾ 12ਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਮਿਤਾਭ ਬੱਚਨ ਨੇ ਇਸ ਦਾ ਐਲਾਨ ਇਕ ਵੀਡੀਓ ਜ਼ਰੀਏ ਕੀਤਾ ਸੀ। ਗੇਮ ਸ਼ੋਅ 'ਚ ਹਿੱਸਾ ਲੈਣ ਲਈ ਸੋਨੀ ਲਿਵ ਐਪ ਜ਼ਰੀਏ ਸਵਾਲ ਵੀ ਪੁੱਛੇ ਜਾ ਚੁੱਕੇ ਹਨ। ਲਾਕਡਾਊਨ ਦੌਰਾਨ ਸ਼ੋਅ ਲਈ ਇਸ ਵਾਰ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ ਹੈ। ਪਹਿਲੇ ਦਿਨ ਹਿੱਸਾ ਲੈਣ ਵਾਲਿਆਂ ਦਾ ਜ਼ਬਰਦਸਤ ਰਿਸਪਾਂਸ ਮਿਲਿਆ। ਪਹਿਲੇ ਸਵਾਲ ਲਈ 25 ਲੱਖ ਦੀ ਐਂਟਰੀ ਆਈ ਸੀ।


ਸ਼ੋਅ ਨੇ ਪੂਰਾ ਕੀਤਾ ਦੋ ਦਹਾਕਿਆਂ ਦਾ ਸਫ਼ਰ

ਦੱਸ ਦਈਏ ਕਿ ਕੇਬੀਸੀ ਦੀ ਸ਼ੁਰੂਆਤ 2000 'ਚ ਹੋਈ ਸੀ। ਅਮਿਤਾਭ ਬੱਚਨ ਪਹਿਲੇ ਹੋਸਟ ਸੀ ਤੇ ਇਨਾਮੀ ਰਾਸ਼ੀ ਇਕ ਕਰੋੜ ਦੀ ਰੱਖੀ ਗਈ ਸੀ। ਦੂਸਰੇ ਤੇ ਤੀਸਰੇ ਸੀਜ਼ਨ 'ਚ ਪ੍ਰਾਈਜ਼ 2 ਕਰੋੜ ਰੁਪਏ ਸੀ। ਚੌਥੇ ਸੀਜ਼ਨ 'ਚ ਪ੍ਰਾਈਜ਼ ਮਨੀ ਇਕ ਕਰੋੜ ਰੱਖੀ ਗਈ, ਜਦਕਿ 5 ਕਰੋੜ ਲਈ ਜੈਕਪਾਟ ਸਵਾਲ ਪੇਸ਼ ਕੀਤਾ ਗਿਆ ਸੀ।

7ਵੇਂ ਸੀਜ਼ਨ 'ਚ ਕੁੱਲ ਸਵਾਲਾਂ ਦੀ ਗਿਣਤੀ 13 ਤੋਂ 15 ਕਰ ਦਿੱਤੀ ਗਈ ਤੇ ਪ੍ਰਾਈਜ਼ ਮਨੀ 7 ਕਰੋੜ ਹੋ ਗਈ ਸੀ। ਸੀਜ਼ਨ 9 ਤੋਂ ਸਵਾਲਾਂ ਦੀ ਗਿਣਤੀ 16 ਤੇ ਪ੍ਰਾਈਜ਼ ਮਨੀ 7 ਕਰੋੜ ਰੁਪਏ ਕਰ ਦਿੱਤੀ ਗਈ। ਸ਼ੋਅ ਦੇ ਸਾਰੇ ਸੀਜ਼ਨ ਅਮਿਤਾਭ ਬੱਚਨ ਨੇ ਹੀ ਹੋਸਟ ਕੀਤੇ ਹਨ, ਬਸ ਸੀਜ਼ਨ 3 ਨੂੰ ਛੱਡ ਕੇ, ਜਿਸ ਵਿਚ ਸ਼ਾਹਰੁਖ ਖ਼ਾਨ ਨੇ ਹੋਸਟ ਕੀਤਾ ਸੀ। ਕੇਬੀਸੀ 'ਚ ਕਈ ਸੈਲੇਬ੍ਰਿਟੀਜ਼ ਵੀ ਆਉਂਦੇ ਹਨ, ਜੋ ਮੁਕਾਬਲੇਬਾਜ਼ਾਂ ਦੀ ਖੇਡ 'ਚ ਮਦਦ ਕਰਦੇ ਹਨ।

Posted By: Sarabjeet Kaur