ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਜੈ ਦੱਤ ਦਾ ਅਕਸ ਹਮੇਸ਼ਾ ਗੈਂਗਸਟਰ ਵਾਲਾ ਰਿਹਾ ਹੈ। ਚਾਹੇ ਉਹ ਰੀਲ ਲਾਈਫ ਦੀ ਗੱਲ ਹੋਵੇ ਜਾਂ ਰਿਅਲ ਲਾਈਫ ਦੀ। ਹਾਲਾਂਕਿ, ਇਕ ਵਾਰ ਸੰਜੈ ਦੱਤ ਨੂੰ ਹੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਗਵਾਕਾਰ ਸਫ਼ਲ ਨਹੀਂ ਹੋ ਸਕੇ। ਸੋਨੀ ਟੀਵੀ 'ਤੇ ਪ੍ਰਸਾਰਿਤ ਹੋਣ ਵਾਲੇ ਦਿ ਕਪਿਲ ਸ਼ਰਮਾ ਸ਼ੋਅ 'ਚ ਇਸ ਵਾਰ ਦੇ ਮਹਿਮਾਨ ਸਨ, ਸੰਜੈ ਦੱਤ ਅਤੇ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ। ਉਨ੍ਹਾਂ ਦੇ ਨਾਲ ਹੀ ਫਿਲਮ ਪ੍ਰਸਥਾਨਮ ਦੀ ਕਾਸਟ ਵੀ ਸੈੱਟ 'ਤੇ ਪਹੁੰਚੀ ਸੀ, ਜਿੱਥੇ ਸਾਰਿਆਂ ਨੇ ਖ਼ੂਬ ਮਸਤੀ ਕੀਤੀ।

ਇਸ ਦੌਰਾਨ ਕਪਿਲ ਸ਼ਰਮਾ ਸੰਜੈ ਦੱਤ ਤੇ ਟੀਮ ਪ੍ਰਸਥਾਨਮ ਤੋਂ ਕੁਝ ਅਫ਼ਵਾਹਾਂ ਬਾਰੇ ਪੁੱਛ ਰਹੇ ਸਨ। ਉਦੋਂ ਕਪਿਲ ਨੇ ਸੰਜੈ ਦੱਤ ਨੂੰ ਪੁੱਛਿਆ ਕਿ ਇਕ ਅਫ਼ਵਾਹ ਹੈ ਕਿ ਫਿਲਮ 'ਮੁਝੇ ਜੀਨੇ ਦੋ' ਦੀ ਸ਼ੂਟਿੰਗ ਦੌਰਾਨ ਤੁਹਾਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਗੱਲ ਦਾ ਜਵਾਬ ਦਿੰਦਿਆਂ ਸੰਜੈ ਦੱਤ ਨੇ ਪੂਰਾ ਵਾਕਿਆ ਦੱਸਿਆ। ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਸੰਜੈ ਦੱਤ ਦੇ ਪਿਤਾ ਸੁਨੀਲ ਦੱਤ ਦੀ ਹੈ ਅਤੇ ਉਸ ਵੇਲੇ ਸੰਜੈ ਦੱਤ ਕਾਫ਼ੀ ਛੋਟੇ ਸਨ।

ਕਪਿਲ ਸ਼ਰਮਾ ਦੇ ਸਵਾਲ ਦਾ ਜਵਾਬ ਦਿੰਦਿਆਂ ਸੰਜੈ ਦੱਤ ਨੇ ਦੱਸਿਆ, 'ਮੈਨੂੰ ਕਿਡਨੈਪ ਨਹੀਂ ਕੀਤਾ ਸੀ ਪਰ ਕੋਸ਼ਿਸ਼ ਕੀਤੀ ਗਈ ਸੀ। ਅਸਲ ਵਿਚ ਫਿਲਮ ਮੁਝੇ ਜੀਨੇ ਦੋ ਦੀ ਸ਼ੂਟਿੰਗ ਦੌਰਾਨ ਰੂਪਾ ਡਾਕੂ ਸੈੱਟ 'ਤੇ ਆਏ ਸਨ। ਉਨ੍ਹਾਂ ਮੈਨੂੰ ਚੁੱਕ ਲਿਆ ਤੇ ਦੱਤ ਸਾਹਿਬ (ਸੁਨੀਲ ਦੱਤ) ਤੋਂ ਪੁੱਛਿਆ ਕਿ ਤੁਸੀਂ ਫਿਲਮ 'ਤੇ ਕਿੰਨੇ ਪੈਸੇ ਖ਼ਰਚ ਕੀਤੇ, ਉਦੋਂ ਦੱਤ ਸਾਹਿਬ ਨੇ ਕਿਹਾ ਕਿ 15 ਲੱਖ ਰੁਪਏ। ਉਸ ਤੋਂ ਬਾਅਦ ਉਨ੍ਹਾਂ ਕਿਹਾ- ਜੇਕਰ ਅਸੀਂ ਇਸ (ਸੰਜੈ ਦੱਤ) ਨੂੰ ਲੈ ਜਾਈਏ ਤਾਂ ਕਿੰਨੇ ਰੁਪਏ ਦਿਉਗੇ। ਉਸ ਤੋਂ ਬਾਅਦ ਮੈਨੂੰ ਤੇ ਮਾਂ ਨੂੰ ਭੇਜ ਦਿੱਤਾ ਗਿਆ।'

ਜ਼ਿਕਰਯੋਗ ਹੈ ਕਿ ਸੰਜੈ ਦੱਤ ਦੀ ਫਿਲਮ ਪ੍ਰਸਥਾਨਮ 20 ਸਤੰਬਰ 2019 ਨੂੰ ਰਿਲੀਜ਼ ਹੋ ਰਹੀ ਹੈ। 'ਪ੍ਰਸਥਾਨਮ' ਇਸੇ ਨਾਂ ਨਾਲ ਆਈ ਤੇਲਗੂ ਹਿੱਟ ਫਿਲਮ ਦਾ ਰੀਮੇਕ ਹੈ ਜਿਸ ਨੂੰ ਦੇਵਾ ਕੱਟਾ ਡਾਇਰੈਕਟ ਕਰ ਰਹੇ ਹਨ। ਤੇਲਗੂ ਵਰਜ਼ਨ ਦਾ ਨਿਰਦੇਸ਼ਣ ਵੀ ਦੇਵਾ ਨੇ ਹੀ ਕੀਤਾ ਸੀ। ਇਸ ਫਿਲਮ 'ਚ ਸੰਜੈ ਦੱਤ ਨਾਲ ਮਨੀਸ਼ਾ ਕੋਇਰਾਲਾ, ਅਲੀ ਫਜ਼ਲ, ਚੰਕੀ ਪਾਂਡੇ, ਅਮਾਇਆ ਦਸਤੂਰ ਅਤੇ ਜੈਕੀ ਸ਼ਰਾਫੀ ਵੀ ਲੀਡ ਰੋਲ 'ਚ ਨਜ਼ਰ ਆਉਣਗੇ।

Posted By: Seema Anand