ਤਾਪਸੀ ਪੰਨੂ ਨੂੰ ਲਗਾਤਾਰ ਖੇਡ ਅਧਾਰਤ ਫਿਲਮਾਂ ਆਫਰ ਹੋ ਰਹੀਆਂ ਹਨ। ਉਹ ਉਨ੍ਹਾਂ ਦਾ ਹਿੱਸਾ ਵੀ ਬਣ ਰਹੀ ਹੈ। ਪਿਛਲੇ ਸਾਲ ਰਿਲੀਜ਼ 'ਸੂਰਮਾ' ਵਿਚ ਉਹ ਹਾਕੀ ਖਿਡਾਰੀ ਦੀ ਭੂਮਿਕਾ 'ਚ ਨਜ਼ਰ ਆਈ ਸੀ। ਹੁਣ ਦੀਵਾਲੀ 'ਤੇ ਰਿਲੀਜ਼ ਹੋ ਰਹੀ 'ਸਾਂਡ ਕੀ ਆਂਖ' ਵਿਚ ਨਿਸ਼ਾਨੇਬਾਜ਼ੀ ਕਰਦੀ ਦਿਸੇਗੀ। ਇਹ ਫਿਲਮ ਸ਼ੂਟਰ ਦਾਦੀ ਦੇ ਨਾਂ ਤੋਂ ਮਸ਼ਹੂਰ ਜਠਾਣੀ-ਦੇਵਰਾਣੀ ਪ੍ਰਕਾਸ਼ੀ ਤੋਮਰ ਅਤੇ ਚੰਦਰੋ ਤੋਮਰ 'ਤੇ ਅਧਾਰਤ ਹੈ। ਇਸ ਤੋਂ ਬਾਅਦ ਉਹ ਅਕਤੂਬਰ ਤੋਂ ' ਰਸ਼ਮੀ ਰਾਕੇਟ' ਦੀਆਂ ਤਿਆਰੀਆਂ ਵਿਚ ਜੁਟੇਗੀ। ਉਸ ਵਿਚ ਉਹ ਅਥਲੀਟ ਦੀ ਭੂਮਿਕਾ ਨਿਭਾਅ ਰਹੀ ਹੈ। ਖੇਡਾਂ ਨਾਲ ਸਬੰਧਿਤ ਫਿਲਮਾਂ ਕਰਨ ਨੂੰ ਲੈ ਕੇ ਤਾਪਸੀ ਕਹਿੰਦੀ ਹੈ ਕਿ ਮੈਂ ਸਕੂਲ ਵਿਚ ਅਥਲੀਟ ਸੀ। ਹੁਣ 'ਰਸ਼ਮੀ ਰਾਕੇਟ' ਵਿਚ ਪ੍ਰੋਫੈਸ਼ਨਲ ਦੇ ਤੌਰ 'ਤੇ ਭੱਜਣ ਲਈ ਕੁਝ ਤਕਨੀਕੀ ਬਾਰੀਕੀਆਂ ਸਿੱਖਣੀਆਂ ਪੈਣਗੀਆਂ। ਅਕਤੂਬਰ ਤੋਂ ਭੱਜਣ ਦੀ ਸਿਖਲਾਈ ਲੈਣਾ ਸ਼ੁਰੂ ਕਰਾਂਗੀ। ਖੇਡਾਂ ਵਿਚ ਮੇਰੀ ਬਚਪਨ ਤੋਂ ਹੀ ਬਹੁਤ ਦਿਲਚਸਪੀ ਰਹੀ ਹੈ। ਸਪੋਰਟਸ ਸਟਾਰ ਨਾਲ ਮਿਲਣ ਦਾ ਮੈਨੂੰ ਬਹੁਤ ਸ਼ੌਕ ਰਹਿੰਦਾ ਸੀ। ਮੈਨੂੰ ਲੱਗਦਾ ਸੀ ਕਿ ਉਹੀ ਸੱਚੇ ਹੀਰੋ ਹਨ। ਉਹ ਦਬਾਅ ਦੀ ਸਥਿਤੀ ਵਿਚ ਵੀ ਚੰਗੀ ਨਤੀਜੇ ਲਿਆ ਰਹੇ ਹਨ।

Posted By: Sarabjeet Kaur