ਨਵੀਂ ਦਿੱਲੀ : ਕੁਝ ਮਹੀਨੇ ਪਹਿਲਾਂ ਮਿਸ ਇੰਡੀਆ ਰਹਿ ਚੁੱਕੇ ਤਨੁਸ਼੍ਰੀ ਦੱਤਾ ਨੇ MeToo ਕੈਂਪੇਨ ਦੌਰਾਨ ਅਦਾਕਾਰ ਨਾਨਾ ਪਾਟੇਕਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ, ਜੋ ਲੰਬੇ ਸਮੇਂ ਤਕ ਚਰਚਾ ਦਾ ਵਿਸ਼ਾ ਵੀ ਰਿਹਾ ਸੀ। ਤਨੁਸ਼੍ਰੀ ਤੋਂ ਬਾਅਦ ਕਈ ਹੋਰ ਅਦਾਕਾਰਾਂ ਤੇ ਫਿਲਮ ਕਲਾਕਾਰ ਸਾਹਮਣੇ ਆਏ ਜਿਨ੍ਹਾਂ ਕਈ ਫਿਲਮੀ ਸੈਲੀਬ੍ਰਿਟੀਜ਼ 'ਤੇ ਦੋਸ਼ ਵੀ ਲਗਾਏ। ਇਨ੍ਹਾਂ ਸਟਾਰਜ਼ ਵਿਚ ਸਾਜਿਦ ਖ਼ਾਨ, ਆਲੋਕ ਨਾਥ, ਸੁਭਾਸ਼ ਕਪੂਰ, ਕੈਲਾਸ਼ ਖੇਰ, ਅਨੂ ਮਲਿਕ, ਵਿਕਾਸ ਬਹਿਲ ਦੇ ਨਾਂ ਸ਼ਾਮਲ ਰਹੇ। ਹੁਣ ਕਈ ਦਿਨਾਂ ਬਾਅਦ ਤਨੁਸ਼੍ਰੀ ਦੀ ਭੈਣ ਇਸ਼ਿਤਾ ਦੱਤਾ ਸਾਹਮਣੇ ਆਈ ਹੈ ਜਿਨ੍ਹਾਂ ਕਿਹਾ ਹੈ ਕਿ ਤਨੁਸ਼੍ਰੀ ਤੋਂ ਬਾਅਦ ਕਈ ਔਰਤਾਂ ਮੇਰੇ ਕੋਲ ਆਈਆਂ ਅਤੇ ਉਨ੍ਹਾਂ ਆਪਣੀ ਕਹਾਣੀ ਦੱਸੀ।

ਕਰਨ ਕਪਾਡੀਆ, ਸੰਨੀ ਦਿਓਲ ਨਾਲ ਫਿਲਮ 'ਬਲੈਂਕ' ਵਿਚ ਨਜ਼ਰ ਆਈ ਇਸ਼ਿਤਾ ਦੱਤਾ ਨੇ MeToo ਕੈਂਪੇਨ ਨੂੰ ਲੈ ਕੇ ਇਕ ਵੈੱਬਸਾਈਟ ਨੂੰ ਦੱਸਿਆ, 'ਉਸ ਵਕਤ ਕਈ ਅਜਿਹੀਆਂ ਚੀਜ਼ਾਂ ਹੋਈਆਂ, ਜੋ ਮੈਨੂੰ ਛੂਹ ਗਈਆਂ। ਕਈ ਆਮ ਔਰਤਾਂ ਨੇ ਮੈਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਵਿਚ ਮੇਰੀ ਭੈਣ ਦੀ ਵਜ੍ਹਾ ਨਾਲ ਬੋਲਣ ਦੀ ਹਿੰਮਤ ਆਈ ਸੀ। ਮੈਨੂੰ ਯਾਦ ਹੈ ਇਕ ਇਵੈਂਟ ਵਿਚ ਇਕ ਪੱਤਰਕਾਰ ਨੇ ਆਪਣੀਆਂ ਮੁਸ਼ਕਲਾਂ ਭਰੇ ਅਨੁਭਵ ਮੇਰੇ ਨਾਲ ਸ਼ੇਅਰ ਕੀਤੇ ਸਨ ਅਤੇ ਉਹ ਆਪਣੇ-ਆਪ ਨੂੰ ਰੋਣ ਤੋਂ ਰੋਕ ਨਹੀਂ ਸਕੀ। ਉਹ ਔਰਤ ਮੇਰੇ ਨਾਲ ਦੋ ਘੰਟੇ ਬੈਠੀ ਰਹੀ। ਚੀਜ਼ਾਂ ਆਸਾਨੀ ਨਾਲ ਨਹੀਂ ਬਦਲਦੀਆਂ, ਇਸ ਵਿਚ ਸਮਾਂ ਲਗਦਾ ਹੈ। ਇਹ ਕੈਂਪੇਨ ਸ਼ੁਰੂ ਹੋਇਆ ਹੈ ਅਤੇ ਇਹ ਕਿਤੇ-ਨਾ-ਕਿਤੇ ਜਾਵੇਗਾ।'

Posted By: Seema Anand