ਮੁੰਬਈ (ਏਐੱਨਆਈ) : ਭਾਰਤੀ ਜਨਤਾ ਪਾਰਟੀ ਦੇ ਦੋ ਨੇਤਾਵਾਂ ਨੇ ਸੈਫ ਅਲੀ ਖ਼ਾਨ ਦੀ ਅਦਾਕਾਰੀ ਵਾਲੀ 'ਤਾਂਡਵ' ਵੈੱਬ ਸੀਰੀਜ਼ ਖ਼ਿਲਾਫ਼ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਇਨ੍ਹਾਂ 'ਚੋਂ ਇਕ ਨੇਤਾ ਰਾਮ ਕਦਮ ਨੇ ਐਤਵਾਰ ਨੂੰ ਮੁੰਬਈ ਦੇ ਘਾਟਕੋਪਰ ਪੁਲਿਸ ਥਾਣੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਸ਼ਿਕਾਇਤਕਰਤਾ ਕਦਮ ਨੇ ਕਿਹਾ ਕਿ ਇਸ ਵੈੱਬ ਸੀਰੀਜ਼ 'ਚ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ 'ਤੇ ਸੱਟ ਮਾਰੀ ਗਈ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ 'ਚ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਪੱਤਰ ਲਿਖਾਂਗਾ। ਨਾਲ ਹੀ ਓਵਰ ਦ ਟਾਪ (ਓਟੀਪੀ) ਪਲੇਟਫਾਰਮ ਨੂੰ ਸੈਂਸਰਸ਼ਿਪ ਅਧੀਨ ਲਿਆਉਣ ਦੀ ਬੇਨਤੀ ਕਰਾਂਗਾ।

ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਨੂੰ ਇਸ ਵੈੱਬ ਸੀਰੀਜ਼ ਦੇ ਕਿਸ ਅੰਸ਼ 'ਤੇ ਇਤਰਾਜ਼ ਹੈ, ਕਦਮ ਨੇ ਕਿਹਾ ਕਿ ਇਕ ਅਦਾਕਾਰ ਨੇ ਭਗਵਾਨ ਸ਼ਿਵ ਦੇ 'ਤਿ੍ਸ਼ੂਲ' ਅਤੇ 'ਡਮਰੂ' ਦਾ ਇਤਰਾਜ਼ਯੋਗ ਤਰੀਕੇ ਨਾਲ ਇਸਤੇਮਾਲ ਕੀਤਾ ਹੈ ਜਿਸ ਨਾਲ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਲਈ ਅਦਾਕਾਰ, ਨਿਰਦੇਸ਼ਕ ਤੇ ਵੈੱਬ ਸੀਰੀਜ਼ ਦੇ ਪ੍ਰਸਾਰਣਕਰਤਾ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਭਾਜਪਾ ਦੇ ਇਕ ਹੋਰ ਨੇਤਾ ਮਨੋਜ ਕੋਟਕ ਨੇ ਅਜਿਹੇ ਹੀ ਵਿਚਾਰ ਪ੍ਰਗਟ ਕਰਦੇ ਹੋਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਆਪਣੇ ਪੱਤਰ 'ਚ ਲਿਖਿਆ ਕਿ 'ਤਾਂਡਵ' ਦੇ ਨਿਰਮਾਤਾਵਾਂ ਨੇ ਹਿੰਦੂ ਦੇਵਤਿਆਂ ਦਾ ਮਜ਼ਾਕ ਉਡਾਇਆ ਹੈ ਤੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲਈ ਮੈਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ 'ਤਾਂਡਵ' 'ਤੇ ਰੋਕ ਲਗਾਉਣ ਦੀ ਅਪੀਲ ਕਰਦਾ ਹਾਂ। ਕਾਬਿਲੇਗੌਰ ਹੈ ਕਿ ਅਮੇਜ਼ਨ ਨੇ 4 ਜਨਵਰੀ ਨੂੰ ਤਾਂਡਵ ਦਾ ਟ੍ਰੇਲਰ ਜਾਰੀ ਕੀਤਾ ਹੈ।