'ਬਾਹੁਬਲੀ ਦਿ ਬਿਗਨਿੰਗ' 'ਚ ਬਾਹੁਬਲੀ ਯਾਨੀ ਪ੍ਰਭਾਸ ਨਾਲ ਪਿਆਰ ਅਤੇ ਜੰਗ 'ਚ ਮੋਢੇ ਨਾਲ ਮੋਢਾ ਜੋੜ ਕੇ ਲੜਨ ਵਾਲੀ ਆਵੰਤਿਕਾ ਦਾ ਕਿਰਦਾਰ ਤਮੰਨਾ ਭਾਟੀਆ ਨੇ ਬਾਖ਼ੂਬੀ ਨਿਭਾਇਆ ਸੀ। ਦਿਲਚਸਪ ਗੱਲ ਇਹ ਹੈ ਕਿ 'ਬਾਹੁਬਲੀ' ਤੋਂ ਪੂਰੇ ਦੇਸ਼ 'ਚ ਮਸ਼ਹੂਰ ਹੋਣ ਵਾਲੀ ਤਮੰਨਾ ਅਸਲ 'ਚ ਹਿੰਦੀ ਸਿਨੇਮਾ ਦੀ ਹੀ ਦੇਣ ਹੈ। ਓਦਾਂ, ਤਮੰਨਾ ਨੂੰ ਦਰਸ਼ਕ ਜ਼ਿਆਦਾ ਸਾਊਥ ਦੀਆਂ ਫਿਲਮਾਂ ਦੀ ਅਭਿਨੇਤਰੀ ਹੀ ਸਮਝਦੇ ਹਨ ਪਰ ਅਜਿਹਾ ਹੈ ਨਹੀਂ।

ਤਮੰਨਾ ਨੇ ਕਰੀਅਰ ਦੀ ਸ਼ੁਰੂਆਤ ਸਾਲ 2005 'ਚ ਹਿੰਦੀ ਫਿਲਮ 'ਚਾਂਦ ਸਾ ਰੌਸ਼ਨ ਚਿਹਰਾ' ਨਾਲ ਕੀਤੀ ਸੀ ਪਰ ਇਹ ਫਿਲਮ ਫਲਾਪ ਰਹੀ। ਫਿਰ ਤਮੰਨਾ ਨੇ ਸਾਊਥ ਇੰਡਸਟਰੀ ਦੀ ਟ੍ਰੇਨ ਫੜ ਲਈ, ਜਿੱਥੇ ਉਸ ਦੀ ਹਰ ਤਮੰਨਾ ਪੂਰੀ ਹੋਈ। ਤਮੰਨਾ ਨੇ ਹੁਣ ਤਕ ਸਾਊਥ ਦੀਆਂ ਕਈ ਹਿੱਟ ਫਿਲਮਾਂ ਕੀਤੀਆਂ ਹਨ। ਇਕ ਵਾਰ ਫਿਰ ਸਾਲ 2013 ਵਿਚ ਤਮੰਨਾ ਨੇ ਸਾਜਿਦ ਖ਼ਾਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਹਿੰਮਤਵਾਲਾ' ਤੋਂ ਅਜੈ ਦੇਵਗਨ ਨਾਲ ਬਾਲੀਵੁੱਡ 'ਚ ਵਾਪਸੀ ਕੀਤੀ। ਉਸ ਸਮੇਂ ਸਾਜਿਦ ਨੇ ਮੀਡੀਆ ਨੂੰ ਦੱਸਿਆ ਸੀ ਕਿ ਤਮੰਨਾ ਉਨ੍ਹਾਂ ਦੀ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ ਅਤੇ ਇਸ ਗੱਲ ਨੂੰ ਲੁਕੋ ਕੇ ਰੱਖਿਆ ਗਿਆ ਸੀ ਕਿ ਉਹ ਪਹਿਲਾਂ ਵੀ ਹਿੰਦੀ ਸਿਨੇਮਾ 'ਚ ਕਿਸਮਤ ਅਜਮਾ ਚੁੱਕੀ ਹੈ। ਇਸ ਤੋਂ ਬਾਅਦ ਸਾਜਿਦ ਨੇ ਤਮੰਨਾ ਨੂੰ ਫਿਲਮ 'ਹਮਸ਼ਕਲਜ਼' 'ਚ ਮੁੱਖ ਅਭਿਨੇਤਰੀ ਵਜੋਂ ਲਿਆ। ਇਹ ਦੋਵੇਂ ਫਿਲਮਾਂ ਹੀ ਬਾਕਸ ਆਫਿਸ 'ਤੇ ਫਲਾਪ ਰਹੀਆਂ। ਵੈਸੇ ਇਸੇ ਹੀ ਸਾਲ ਤਮੰਨਾ ਦੀ ਅਕਸ਼ੈ ਨਾਲ 'ਐਂਟਰਟੇਨਮੈਂਟ' ਫਿਲਮ ਵੀ ਆਈ ਜੋ ਕਾਮਈ ਪੱਖੋਂ ਔਸਤ ਹੀ ਰਹੀ।

ਫਿਰ 2015 ਵਿਚ ਆਈ 'ਬਾਹੁਬਲੀ-ਦਿ ਬਿਗਨਿੰਗ' ਕਹਿਣ ਨੂੰ ਤਾਂ ਇਹ ਤਮਿਲ ਤੇ ਤੇਲਗੂ ਭਾਸ਼ਾ ਦੇ ਦਰਸ਼ਕਾਂ ਲਈ ਬਣਾਈ ਗਈ ਸੀ ਪਰ ਇਸ ਦੇ ਹਿੰਦੀ 'ਚ ਡਬ ਕੀਤੇ ਗਏ ਵਰਜ਼ਨ ਨੇ ਤਾਂ ਦੇਸ਼ ਭਰ 'ਚ ਹੀ ਧੁੰਮ ਮਚਾ ਦਿੱਤੀ। ਸਾਲ 2016 'ਚ ਤਮੰਨਾ ਅਦਾਕਾਰ ਸੋਨੂੰ ਸੂਦ ਅਤੇ ਪ੍ਰਭੂਦੇਵਾ ਨਾਲ 'ਤੂਤਕ ਤੂਤਕ ਤੂਤੀਆਂ' ਹਿੰਦੀ ਫਿਲਮ 'ਚ ਬਤੌਰ ਲੀਡ ਅਭਿਨੇਤਰੀ ਕੰਮ ਕੀਤਾ ਪਰ ਇਹ ਫਿਲਮ ਵੀ ਨਹੀਂ ਚੱਲੀ। ਹੁਣ ਇਕ ਵਾਰ ਫਿਰ ਕਰੀਬ ਤਿੰਨ ਸਾਲ ਬਾਅਦ ਤਮੰਨਾ ਹਿੰਦੀ ਫਿਲਮ 'ਖ਼ਾਮੋਸ਼ੀ' ਨਾਲ ਬਾਲੀਵੁੱਡ 'ਚ ਵਾਪਸੀ ਕਰਨ ਜਾ ਰਹੀ ਹੈ। ਇਸ 'ਚ ਉਸ ਨਾਲ ਪ੍ਰਭੂਦੇਵਾ ਵੀ ਨਜ਼ਰ ਆਵੇਗਾ। ਵੈਸੇ ਤਮੰਨਾ ਭਾਟੀਆ ਦੀਆਂ ਜ਼ਿਆਦਾਤਰ ਬਾਲੀਵੁੱਡ ਫਿਲਮਾਂ ਹੁਣ ਤਕ ਫਲਾਪ ਰਹੀਆਂ ਫਿਰ ਵੀ ਉਸ ਦਾ ਕਰੀਅਰ ਹਿੱਟ ਜਾ ਰਿਹਾ ਹੈ। ਤਮੰਨਾ ਇਕ ਕੰਨੜ ਫਿਲਮ 'ਚ ਕੀਤੇ ਆਈਟਮ ਨੰਬਰ ਕਾਰਨ ਵੀ ਚਰਚਾ 'ਚ ਰਹੀ ਹੈ।

Posted By: Harjinder Sodhi