ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਇਰਫ਼ਾਨ ਖ਼ਾਨ 29 ਅਪ੍ਰੈਲ ਨੂੰ ਇਸ ਸੰਸਾਰ ਤੇ ਫਿਲਮ ਜਗਤ ਨੂੰ ਹਮੇਸ਼ਾ ਲਈ ਅਲਵਿਦਾ ਆਖ ਕੇ ਚੱਲ ਗਏ ਹਨ। ਉਨ੍ਹਾਂ ਦੀ ਇਸ ਤਰ੍ਹਾਂ ਹੋਈ ਅਚਾਨਕ ਮੌਤ ਨਾਲ ਬਾਲੀਵੁੱਡ ਇੰਡਸਟਰੀ ਨੂੰ ਵੱਡਾ ਸਦਮਾ ਲੱਗਾ ਹੈ। ਇਰਫ਼ਾਨ ਹਮੇਸ਼ਾ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਦੀ ਪਹਿਲੀ ਪਸੰਦ ਬਣਿਆ ਰਿਹਾ। ਇਹੀ ਕਾਰਨ ਸੀ ਕਿ ਨਿਰਦੇਸ਼ਕ ਆਨੰਦ ਗਾਂਧੀ ਵੀ ਉਸ ਨੂੰ ਆਪਣੀ ਅਗਲੀ ਫਿਲਮ 'ਚ ਸਾਈਨ ਕਰਨਾ ਚਾਹੁੰਦਾ ਸੀ।

ਆਨੰਦ, ਇਰਫ਼ਾਨ ਨੂੰ ਹੀ ਦਿਮਾਗ਼ 'ਚ ਰੱਖ ਕੇ ਆਪਣੀ ਅਗਲੀ ਫਿਲਮ ਦੀ ਕਹਾਣੀ ਲਿਖ ਰਿਹਾ ਸੀ। ਉਹ ਇਸ ਫਿਲਮ ਦੀ ਸਕ੍ਰਿਪਟ 'ਤੇ ਪਿਛਲੇ 5 ਸਾਲ ਤੋਂ ਕੰਮ ਕਰ ਰਿਹਾ ਸੀ। ਪਰ ਇਰਫ਼ਾਨ ਦੇ ਇਸ ਸੰਸਾਰ ਤੋਂ ਤੁਰ ਜਾਣ ਨਾਲ ਉਸ ਨੂੰ ਵੱਡਾ ਝੱਟਕਾ ਲੱਗਾ ਹੈ। ਫਿਰ ਇਰਫ਼ਾਨ ਦੇ ਦੇਹਾਂਤ ਤੋਂ ਬਾਅਦ ਲਗਪਗ ਇਹ ਤੈਅ ਹੋ ਗਿਆ ਸੀ ਕਿ ਹੁਣ ਇਹ ਫਿਲਮ ਠੰਡੇ ਬਸਤੇ 'ਚ ਚੱਲ ਜਾਵੇਗੀ। ਉੱਥੇ ਹੀ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਫਿਲਮ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ ਅਤੇ ਇਸ ਲਈ ਇਰਫ਼ਾਨ ਖ਼ਾਨ ਦੀ ਜਗ੍ਹਾ ਬਾਲੀਵੁੱਡ ਦੇ ਨੌਜਵਾਨ ਸੰਜੀਦਾ ਅਦਾਕਾਰ ਦਾ ਨਾਂ ਵੀ ਫਾਈਨਲ ਕਰ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਇਰਫ਼ਾਨ ਦੀ ਜਗ੍ਹਾ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਵੇਗਾ। ਸੂਤਰਾਂ ਅਨੁਸਾਰ ਫਿਲਮ ਦੀ ਕਹਾਣੀ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਕਾਰਨ ਪੈਦਾ ਹੋਏ ਹਾਲਾਤ 'ਤੇ ਆਧਾਰਿਤ ਹੈ। ਆਨੰਦ ਗਾਂਧੀ ਨੇ ਕਿਹਾ ਕਿ 'ਅਸੀਂ ਪਹਿਲਾਂ ਮਹਾਮਾਰੀ ਦਾ ਅਸਲੀ ਰੂਪ ਫਿਲਮ ਦੇ ਜ਼ਰੀਏ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਹੁਣ ਇਹ ਸਾਡੇ ਵਿਚਕਾਰ ਹੀ ਹੈ। ਹੁਣ ਮੈਨੂੰ ਲੋਕਾਂ ਨੂੰ ਇਸ ਬਾਰੇ 'ਚ ਸਮਝਾਉਣ ਦੀ ਜ਼ਰੂਰਤ ਨਹੀਂ ਹੈ। ਇਸ ਲਈ ਸਾਨੂੰ ਫਿਲਮ ਦੀ ਸਕ੍ਰਿਪਟ 'ਚ ਫਿਰ ਤੋਂ ਕੁਝ ਤਬਦੀਲੀ ਕਰਨੀ ਹੋਵੇਗੀ। ਹੁਣ ਅਸੀਂ ਦਰਸ਼ਕਾਂ ਨੂੰ ਸਿੱਧਾ ਅਗਲੇ ਪੱਧਰ 'ਤੇ ਲੈ ਕੇ ਜਾ ਸਕਦੇ ਹਾਂ ਅਤੇ ਮਹਾਮਾਰੀ ਤੋਂ ਬਾਅਦ ਦੀ ਜ਼ਿੰਦਗੀ ਬਾਰੇ 'ਚ ਦੱਸ ਸਕਦੇ ਹਾਂ।'


ਜਾਣਕਾਰੀ ਅਨੁਸਾਰ ਆਨੰਦ ਨੇ ਆਪਣੇ ਇਸ ਪ੍ਰਾਰੈਕਟ ਦਾ ਸ਼ੁਰੂਆਤੀ ਤੌਰ 'ਤੇ ਨਾਂ 'ਅਮਰਜੈਂਸੀ' ਰੱਖਾ ਹੈ। ਆਨੰਦ ਨੇ ਦੱਸਿਆ ਕਿ ਇਰਫ਼ਾਨ ਖ਼ਾਨ ਤੋਂ ਬਾਅਦ ਹੁਣ ਉਹ ਇਸ ਫਿਲਮ ਲਈ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਾਈਨ ਕਰਨ ਵਾਲਾ ਹੈ। ਇਸ ਤੋਂ ਇਲਾਵਾ ਉਹ ਫਿਲਮ 'ਚ ਇਕ ਵਿਦੇਸ਼ੀ ਅਦਾਕਾਰ ਨੂੰ ਵੀ ਸਾਈਨ ਕਰਨਾ ਚਾਹੁੰਦਾ ਹੈ। ਆਨੰਦ ਨੇ ਕਿਹਾ ਕਿ 'ਇਹ ਬੇਹੱਦ ਦੁੱਖ ਵਾਲੀ ਗੱਲ ਹੈ ਕਿ ਇਸ ਕਹਾਣੀ ਨੂੰ ਪੂਰਾ ਕਰਨ 'ਚ ਮੈਨੂੰ ਇੰਨਾ ਲੰਬਾ ਸਮਾਂ ਲੱਗ ਗਿਆ। ਮੈਂ ਚਾਹੁੰਦਾ ਸੀ ਕਿ ਇਸ ਫਿਲਮ 'ਚ ਇਰਫ਼ਾਨ ਖ਼ਾਨ ਹੋਵੇ। ਪਰ ਹੁਣ ਜਦੋਂ ਉਹ ਸਾਡੇ ਵਿਚਕਾਰ ਨਹੀਂ ਹੈ ਤਾਂ ਅਜਿਹੇ 'ਚ ਸੁਸ਼ਾਂਤ ਮੇਰਾ ਚੰਗਾ ਦੋਸਤ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਉਹ ਮੇਰੇ ਨਾਲ ਜ਼ਰੂਰ ਫਿਲਮ ਕਰੇਗਾ। ਇਸ ਤੋਂ ਇਲਾਵਾ ਮੈਨੂੰ ਕਹਾਣੀ 'ਚ 4 ਅਭਿਨੇਤਰੀਆਂ ਵੀ ਚਾਹੀਦੀਆਂ ਹਨ ਜੋ ਮੁੱਖ ਕਿਰਦਾਰਾਂ 'ਚ ਹੋਣਗੀਆਂ।'

Posted By: Harjinder Sodhi