ਜੇਐੱਨਐੱਨ, ਨਵੀਂ ਦਿੱਲੀ : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਤੋਂ ਬਾਅਦ ਖੁੱਲ੍ਹੇ ਡਰੱਗਜ਼ ਕੇਸ (Drugs Case) 'ਚ ਗ੍ਰਿਫ਼ਤਾਰ ਸਿਧਾਰਥ ਪਿਠਾਨੀ (Siddharth Pithani) ਨੇ ਅਦਾਲਤ 'ਚ ਆਪਣੀ ਜ਼ਮਾਨਤ ਅਰਜ਼ੀ ਲਗਾਈ ਹੈ। ਸੁਸ਼ਾਂਤ ਸਿੰਘ ਦੇ ਦੋਸਤ ਤੇ ਰੂਮਮੇਟ ਸਿਧਾਰਥ ਪਿਠਾਨੀ ਨੂੰ ਐੱਨਸੀਬੀ (NCB) ਨੇ ਡਰੱਗਜ਼ ਮਾਮਲੇ 'ਚ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਦੱਸ ਦੇਈਏ ਕਿ ਸਿਧਾਰਥ 'ਤੇ ਸੁਸ਼ਾਂਤ ਨੂੰ ਡਰੱਗਜ਼ ਸਪਲਾਈ ਕਰਨ ਦਾ ਦੋਸ਼ ਲੱਗਿਆ ਹੈ।

ਰਿਪੋਰਟਸ ਅਨੁਸਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਰੂਮਮੇਟ ਸਿਧਾਰਥ ਪਿਠਾਨੀ ਨੇ ਜ਼ਮਾਨਤ ਮੰਗੀ ਹੈ। ਸਿਧਾਰਥ ਦੇ ਵਕੀਲ ਤਾਰਕ ਸਈਦ ਨੇ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਤੇ ਅਪੀਲ ਦਾਇਰ ਕੀਤੀ ਹੈ। ਸਿਧਾਰਥ ਪਿਠਾਨੀ ਨੇ ਜ਼ਮਾਨਤ ਆਪਣੇ ਹੋਣ ਵਾਲੇ ਵਿਆਹ ਦੇ ਆਧਾਰ 'ਤੇ ਮੰਗੀ ਹੈ।

ਹਾਲ ਹੀ 'ਚ ਹੋਈ ਸੀ ਮੰਗਣੀ

ਸਿਧਾਰਥ ਪਿਠਾਨੀ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ 'ਚ ਕਿਹਾ ਗਿਆ ਹੈ ਕਿ ਉਸ ਦਾ ਵਿਆਹ 26 ਜੂਨ ਨੂੰ ਹੈਦਰਾਬਾਦ 'ਚ ਹੋਣਾ ਹੈ। ਉਸ ਨੇ ਅਦਾਲਤ 'ਚ ਵੈਡਿੰਗ ਕਾਰਡ ਦੀ ਕਾਪੀ ਵੀ ਜਮ੍ਹਾਂ ਕਰਵਾਈ ਹੈ। ਅਜਿਹੇ ਵਿਚ ਸਿਧਾਰਥ ਨੇ ਵਿਆਹ ਲਈ ਜ਼ਮਾਨਤ ਦੀ ਅਪੀਲ ਕੀਤੀ ਹੈ। ਹਾਲ ਹੀ 'ਚ ਸਿਧਾਰਥ ਨੇ ਮੰਗਣੀ ਕੀਤੀ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।

16 ਜੂਨ ਨੂੰ ਹੈ ਅਗਲੀ ਸੁਣਵਾਈ

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਿਠਾਨੀ ਕੋਲੋਂ ਨਾ ਤਾਂ ਡਰੱਗ ਮਿਲੀ ਹੈ ਤੇ ਨਾ ਹੀ ਅਪਰਾਧ 'ਚ ਸ਼ਾਮਲ ਹੋਣ ਦਾ ਸੰਕੇਤ ਦੇਣ ਸਬੰਧੀ ਸਮੱਗਰੀ, ਇੱਥੋਂ ਤਕ ਕਿ ਉਸ ਦਾ ਦੂਰ-ਦੂਰ ਤਕ ਮਾਦਕ ਪਦਾਰਥਾਂ ਨਾਲ ਲੈਣ-ਦੇਣ ਨਹੀਂ ਹੈ। ਕਾਬਿਲੇਗ਼ੌਰ ਹੈ ਕਿ ਪਿਠਾਨੀ ਖਿਲਾਫ ਹੋਰ ਧਾਰਾਵਾਂ ਦੇ ਨਾਲ-ਨਾਲ ਐੱਨਡੀਪੀਐੱਸ ਐਕਟ ਦੀ ਧਾਰਾ-27ਏ (ਗ਼ੈਰ-ਕਾਨੂੰਨੀ ਲੈਣ-ਦੇਣ ਲਈ ਵਿੱਤੀ ਪੋਸ਼ਣ ਤੇ ਅਪਰਾਧੀ ਨੂੰ ਸਹਾਰਾ ਦੇਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 16 ਜੂਨ ਲਈ ਟਾਲ ਦਿੱਤੀ ਹੈ।

Posted By: Seema Anand