ਪਟਨਾ, ਏਐੱਨਆਈ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਪਟਨਾ ਪੁਲਿਸ ਨੂੰ ਮੁੰਬਈ ਪੁਲਿਸ ਦੇ ਅਸਹਿਯੋਗ ਦੇ ਨਾਲ ਹੁਣ ਪੂਰੇ ਪ੍ਰਸ਼ਾਸਨਿਕ ਪ੍ਰਬੰਧ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮੁੰਬਈ 'ਚ ਜਾਂਚ ਕਰ ਰਹੀ ਪਟਨਾ ਪੁਲਿਸ ਦੀ ਟੀਮ ਦੀ ਅਗਵਾਈ ਕਰ ਕੇ ਆਈਪੀਐੱਸ ਅਧਿਕਾਰੀ ਵਿਨੈ ਤਿਵਾੜੀ ਨੂੰ ਉੇੱਥੇ 14 ਦਿਨ ਲਈ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨੀ ਜਾਂਚ 'ਚ ਅਜਿਹੀ ਰੁਕਾਵਟ ਪੈਦਾ ਕਰਨਾ ਠੀਕ ਨਹੀਂ ਹੈ।

ਮੁੰਬਈ 'ਚ ਅਸਹਿਯੋਗ ਝੱਲ ਰਹੀ ਪਟਨਾ ਪੁਲਿਸ ਦੀ ਟੀਮ

ਜ਼ਿਕਰਯੋਗ ਹੈ ਕਿ ਬੀਤੀ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਮੁੰਬਈ ਦੇ ਆਪਣੇ ਫਲੈਟ 'ਚ ਮ੍ਰਿਤਕ ਮਿਲੇ ਸੀ। ਸੁਸਾਈਡ ਮੰਨੇ ਗਏ ਇਸ ਮਾਮਲੇ ਦੀ ਮੁੰਬਈ ਪੁਲਿਸ ਦੀ ਜਾਂਚ ਤੋਂ ਸੁਸ਼ਾਂਤ ਦਾ ਪਰਿਵਾਰ ਸੰਤੁਸ਼ਟ ਨਹੀਂ ਹੈ। ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਬੇਟੇ ਦੀ ਗਰਲਫ੍ਰੈਂਡ ਰਿਆ ਚਕਰਵਤੀ 'ਤੇ ਧੋਖਾਧੜੀ, ਬਲੈਕਮੇਲ, ਸੋਸ਼ਣ ਤੇ ਸੁਸਾਈਡ ਲਈ ਉਕਸਾਉਣ ਵਰਗੇ ਕਈ ਗੰਭੀਰ ਦੋਸ਼ਾਂ 'ਚ ਪਟਨਾ 'ਚ ਐੱਫਆਈਆਰ ਦਰਜ ਕਰਵਾ ਦਿੱਤੀ ਹੈ। ਦਰਜ ਐੱਫਆਈਆਰ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਲਈ ਪਟਨਾ ਪੁਲਿਸ ਮੁੰਬਈ 'ਚ ਹੈ। ਇਸ ਮਾਮਲੇ 'ਚ ਬਿਹਾਰ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਆਹਮੋ-ਸਾਹਮਣੇ ਹੋ ਗਈਆਂ ਹਨ।

ਸੀਐੱਮ ਨਿਤੀਸ਼ ਬੋਲੇ : ਜੋ ਹੋਇਆ, ਠੀਕ ਨਹੀਂ ਹੋਇਆ

ਪਟਨਾ ਦੇ ਗਿਆਨ ਭਵਨ ਕੰਪਲੈਕਸ 'ਚ ਮੁੱਖ ਮੰਤਰੀ ਨੇ ਕਿਹਾ ਕਿ ਮੁੰਬਈ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰਨ ਗਏ ਪਟਨਾ ਸਿਟੀ ਦੇ ਐੱਸਪੀ ਵਿਨੈ ਤਿਵਾੜੀ ਨੂੰ ਬੀਐੱਮਸੀ ਵੱਲੋਂ ਕੁਆਰੰਟਾਈਨ ਕਰਨ ਦਾ ਜਾਣਕਾਰੀ ਮਿਲੀ ਹੈ। ਜੋ ਕੁਝ ਹੋਇਆ ਹੈ, ਉਹ ਠੀਕ ਨਹੀਂ ਹੈ। ਇਹ ਰਾਜਨੀਤਕ ਨਹੀਂ ਕਾਨੂੰਨੀ ਮਾਮਲਾ ਹੈ। ਬਿਹਾਰ ਪੁਲਿਸ ਆਪਣੀ ਕਾਨੂੰਨੀ ਜ਼ਿੰਮੇਵਾਰੀ ਨਿਭਾਅ ਰਹੀ ਹੈ ਤੇ ਨਿਭਾਏਗੀ।

ਹੁਣ ਡੀਜੀਪੀ ਕਰਨਗੇ ਮਹਾਰਾਸ਼ਟਰ ਦੇ ਡੀਜੀਪੀ ਨਾਲ ਗੱਲ

ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਹੀ ਸੂਚਨਾ ਮਿਲੀ ਕਿ ਪਟਨਾ ਦੇ ਸਿਟੀ ਐੱਸਪੀ ਨੂੰ ਮੁੰਬਈ 'ਚ ਕੁਆਰੰਟਾਈਨ ਕਰ ਦਿੱਤਾ ਗਿਆ। ਅੱਜ ਉਹ ਇਸ ਸੰਬੰਧ 'ਚ ਮਹਾਰਾਸ਼ਟਰ ਦੇ ਡੀਜੀਪੀ ਨਾਲ ਗੱਲਬਾਤ ਕਰਨਗੇ।

ਸੁਸ਼ਾਂਤ ਮਾਮਲੇ 'ਚ ਬਿਹਾਰ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਆਪਸ ਭਿੜ ਰਹੀਆਂ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਨੇ ਮਾਮਲੇ ਦੀ ਜਾਂਚ 'ਚ ਮੁੰਬਈ ਪੁਲਿਸ ਨੂੰ ਸਮਰੱਥ ਦੱਸਿਆ ਹੈ। ਮਹਾਰਾਸ਼ਟਰ ਸਰਕਾਰ ਬਿਹਾਰ ਪੁਲਿਸ ਦੀ ਜਾਂਚ ਖ਼ਿਲਾਫ਼ ਹੈ। ਬਿਹਾਰ 'ਚ ਦਰਜ ਐੱਫਆਈਆਰ ਦੀ ਜਾਂਚ ਮੁੰਬਈ 'ਚ ਕਰਨ ਨੂੰ ਲੈ ਕੇ ਮੁੱਖ ਮੁਲਜ਼ਮ ਰਿਆ ਚੱਕਰਵਤੀ ਦੀ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ ਦਾ ਜਦੋਂ ਸੁਸ਼ਾਂਤ ਦੇ ਪਿਤਾ ਤੇ ਬਿਹਾਰ ਸਰਕਾਰ ਨੇ ਕੋਰਟ 'ਚ ਵਿਰੋਧ ਕੀਤਾ ਤਾਂ ਮਹਾਰਾਸ਼ਟਰ ਸਰਕਾਰ ਵੀ ਰਿਆ ਦੀ ਪਟੀਸ਼ਨ ਦੇ ਸਮਰਥਨ 'ਚ ਕੋਰਟ ਪਹੁੰਚ ਗਈ ਹੈ।

Posted By: Ravneet Kaur