ਸਟੇਟ ਬਿਊਰੋ, ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਦੀ ਮਾਮਲੇ 'ਚ ਈਡੀ ਨੇ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਤੋਂ ਕਰੀਬ 18 ਘੰਟੇ ਪੁੱਛਗਿਛ ਕੀਤੀ। ਸ਼ੌਵਿਕ ਸ਼ਨਿਚਰਵਾਰ ਦੁਪਹਿਰ 12:30 ਵਜੇ ਈਡੀ ਦਫ਼ਤਰ ਪੁੱਜਾ ਤੇ ਐਤਵਾਰ ਸਵੇਰੇ ਕਰੀਬ 6:30 ਵਜੇ ਉੱਥੋਂ ਵਾਪਸ ਗਿਆ।

ਸ਼ੌਵਿਕ ਸੁਸ਼ਾਂਤ ਦੀ ਦੋਸਤ ਰੀਆ ਦਾ ਭਰਾ ਹੋਣ ਦੇ ਨਾਲ-ਨਾਲ ਪਟਨਾ ਪੁਲਿਸ ਵੱਲੋਂ ਦਰਜ ਐੱਫਆਈਆਰ ਵਿਚ ਮੁਲਜ਼ਮ ਵੀ ਹੈ। ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਵਿਚ ਅਦਾਕਾਰ ਦੇ ਬੈਂਕ ਖਾਤਿਆਂ ਵਿਚੋਂ ਵੱਡੀ ਰਕਮ ਗ਼ਾਇਬ ਹੋਣ ਦਾ ਦੋਸ਼ ਲਾਇਆ ਗਿਆ ਹੈ। ਏਸੇ ਆਧਾਰ 'ਤੇ ਈਡੀ ਨੇ ਵੀ ਮਨੀ ਲਾਂਡਿ੍ੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਸੂਤਰਾਂ ਅਨੁਸਾਰ ਈਡੀ ਨੇ ਸ਼ੌਵਿਕ ਤੋਂ ਉਸ ਦੀ ਆਮਦਨ ਦੇ ਸਰੋਤਾਂ, ਕਾਰੋਬਾਰ, ਨਿਵੇਸ਼ ਤੇ ਸੁਸ਼ਾਂਤ ਨਾਲ ਮਿਲ ਕੇ ਰੀਆ ਵੱਲੋਂ ਖੋਲ੍ਹੀ ਗਈ ਕੰਪਨੀ ਵਿਚ ਉਸ ਦੀ ਭਾਈਵਾਲੀ ਬਾਰੇ ਪੁੱਛਗਿਛ ਕੀਤੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੀਆ ਤੇ ਉਸ ਦੀ ਬਿਜਨਸ ਮੈਨੇਜਰ ਸ਼ਰੁਤੀ ਮੋਦੀ ਦੇ ਸਾਹਮਣੇ ਵੀ ਸ਼ੌਵਿਕ ਤੋਂ ਪੁੱਛਗਿਛ ਕੀਤੀ ਗਈ ਸੀ।

ਸ਼ੁੱਕਰਵਾਰ ਨੂੰ ਰੀਆ, ਸ਼ਰੁਤੀ ਤੇ ਉਨ੍ਹਾਂ ਦੇ ਪੀਏ ਰਿਤੇਸ਼ ਸ਼ਾਹ ਤੋਂ ਵੀ ਈਡੀ ਨੇ ਕਰੀਬ ਅੱਠ ਘੰਟੇ ਪੁੱਛਗਿਛ ਕੀਤੀ ਸੀ। ਈਡੀ ਨੇ ਸੋਮਵਾਰ ਨੂੰ ਰੀਆ ਚੱਕਰਵਰਤੀ ਤੇ ਉਸ ਦੇ ਪਿਤਾ ਇੰਦਰਜੀਤ ਚੱਕਰਵਰਤੀ ਨੂੰ ਦੁਬਾਰਾ ਪੁੱਛਗਿਛ ਲਈ ਸੱਦਿਆ ਹੈ। ਈਡੀ ਨੇ ਸੁਸ਼ਾਂਤ ਤੇ ਰੀਆ ਦੇ ਦੋਸਤ ਸਿਧਾਰਥ ਪੀਠਾਨੀ ਨੂੰ ਵੀ ਸ਼ਨਿਚਰਵਾਰ ਨੂੰ ਹੀ ਈਡੀ ਦਫ਼ਤਰ ਵਿਚ ਹਾਜ਼ਰ ਰਹਿਣ ਲਈ ਕਿਹਾ ਸੀ ਪਰ ਸਿਧਾਰਥ ਨਹੀਂ ਪੁੱਜੇ। ਦੱਸਣਾ ਬਣਦਾ ਹੈ ਕਿ ਸੁਸ਼ਾਂਤ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ ਕਰੀਬ 15 ਕਰੋੜ ਰੁਪਏ ਕਿਸੇ ਹੋਰ ਦੇ ਖਾਤੇ ਵਿਚ ਭੇਜੇ ਗਏ ਹਨ। ਈਡੀ ਇਸੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ।