ਆਕਾਸ਼, ਗੁਰਦਾਸਪੁਰ : ਬਾਲੀਵੁੱਡ ਦੇ ਫੇਮ ਅਦਾਕਾਰ ਤੇ ਗੁਰਦਾਸਪੁਰ ਤੋਂ ਐੱਮਪੀ ਸੰਨੀ ਦਿਓਲ ਦੇ ਫੈਨਜ਼ ਲਈ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸੰਨੀ ਦਿਓਲ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਇਸ ਖ਼ਬਰ ਦੀ ਪੁਸ਼ਟੀ ਸੰਨੀ ਦਿਓਲ ਨੇ ਖ਼ੁਦ ਅੱਜ ਬੁੱਧਵਾਰ ਸਵੇਰੇ 7:56 'ਤੇ ਟਵਿੱਟਰ 'ਤੇ ਪੋਸਟ ਪਾ ਕੇ ਕੀਤੀ। ਹਿੰਦੀ 'ਚ ਲਿਖੇ ਸੰਦੇਸ਼ ਵਿਚ ਸੰਨੀ ਦਿਓਲ ਨੇ ਲਿਖਿਆ ਕਿ ' ਮੈਂ ਕੋਰੋਨਾ ਟੈਸਟ ਕਰਵਾਇਆ ਤੇ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਇਕਾਂਤਵਾਸ 'ਚ ਹਾਂ ਅਤੇ ਮੇਰੀ ਤਬੀਅਤ ਠੀਕ ਹੈ। ਮੇਰੀ ਬੇਨਤੀ ਹੈ ਕਿ ਤੁਹਾਡੇ ਵਿਚੋਂ ਜਿਹੜੇ ਲੋਕ ਵੀ ਪਿਛਲੇ ਦਿਨਾਂ ਤੋਂ ਮੇਰੇ ਸੰਪਰਕ 'ਚ ਆਏ ਹਨ, ਉਹ ਕਿਰਪਾ ਕਰ ਕੇ ਖ਼ੁਦ ਨੂੰ ਇਕਾਂਤਵਾਸ ਕਰ ਕੇ ਆਪਣੀ ਜਾਂਚ ਕਰਵਾਉਣ।'

ਇਕੱਤਰ ਜਾਣਕਾਰੀ ਅਨੁਸਾਰ ਸੰਨੀ ਦਿਓਲ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਠਹਿਰੇ ਹੋਏ ਹਨ। ਇਸੇ ਦੌਰਾਨ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ ਤੇ ਰਿਪੋਰਟ ਪਾਜ਼ੇਟਿਵ ਆਈ। ਹਿਮਾਚਲ ਪ੍ਰਦੇਸ਼ ਦੇ ਸਿਹਤ ਸਕੱਤਰ ਨੇ ਵੀ ਆਪਣੇ ਪੱਧਰ 'ਤੇ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੰਨੀ ਦਿਓਲ ਪਿਛਲੇ ਕੁਝ ਦਿਨਾਂ ਤੋਂ ਕੁੱਲੂ ਜ਼ਿਲ੍ਹੇ ਵਿਚ ਰਹਿ ਰਹੇ ਹਨ।

ਨਿਊਜ਼ ਏਜੰਸੀ ਪੀਟੀਆਈ ਨੂੰ ਸਿਹਤ ਸਕੱਤਰ ਅਮਿਤਾਭ ਨੇ ਦੱਸਿਆ ਕਿ ਕੁੱਲੂ ਦੇ ਮੁੱਖ ਮੈਡੀਕਲ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਸੰਨੀ ਦਿਓਲ ਤੇ ਉਨ੍ਹਾਂ ਦੋਸ ਤ ਮੁੰਬਈ ਰਵਾਨਾ ਹੋਣ ਦੀ ਯੋਜਨਾ ਬਣਾ ਰਹੇ ਸਨ। ਇਸੇ ਦੌਰਾਨ ਭਾਜਪਾ ਐੱਮਪੀ ਸੰਨੀ ਦਿਓਲ ਮੰਗਲਵਾਰ ਨੂੰ ਕੋਰੋਨਾ ਇਨਫੈਕਟਿਡ ਹੋ ਗਏ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਹੀ 64 ਸਾਲਾ ਸੰਨੀ ਦਿਓਲ ਨੇ ਮੁੰਬਈ 'ਚ ਮੋਢੇ ਦੀ ਸਰਜਰੀ ਕਰਵਾਈ ਸੀ। ਉੱਥੇ ਹੀ ਪੀਟੀਆਈ ਦੀ ਰਿਪੋਰਟ ਅਨੁਸਾਰ, ਉਹ ਕੁੱਲੂ ਜ਼ਿਲ੍ਹੇ ਦੇ ਮਨਾਲੀ ਨੇੜੇ ਇਕ ਫਾਰਮ ਹਾਊਸ 'ਚ ਰਹਿ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦਾ ਕੋਰੋਨਾ ਪਾਜ਼ੇਟਿਵ ਪਾਇਆ ਜਾਣਾ ਉਨ੍ਹਾਂ ਦੇ ਪਰਿਵਾਰ ਤੇ ਫੈਨਜ਼ ਲਈ ਇਕ ਵੱਡੀ ਝਟਕਾ ਹੈ।

Posted By: Seema Anand