ਜੇਐੱਨਐੱਨ, ਨਵੀਂ ਦਿੱਲੀ : ਮਰਾਠੀ ਸਿਨੇਮਾ ਦੀ ਦਿੱਗਜ ਡਾਇਰੈਕਟਰ ਸੁਮਿੱਤਰਾ ਭਾਵੇ ਹੁਣ ਇਸ ਦੁਨੀਆ 'ਚ ਨਹੀਂ ਰਹੀ। ਉਨ੍ਹਾਂ ਦਾ ਸੋਮਵਾਰ ਨੂੰ 78 ਸਾਲ ਦੀ ਉਮਰ 'ਚ ਪੁਣੇ 'ਚ ਦੇਹਾਂਤ ਹੋ ਗਿਆ ਹੈ। ਸੁਮਿੱਤਰਾ ਭਾਵੇ ਮਰਾਠੀ ਸਿਨੇਮਾ ਦਾ ਇਕ ਮੰਨਿਆ-ਪ੍ਰਮੰਨਿਆ ਚਿਹਰਾ ਸੀ। ਉਹ ਬਿਹਤਰੀਨ ਡਾਇਰੈਕਟਰ ਤੋਂ ਇਲਾਵਾ ਮਸ਼ਹੂਰ ਕਹਾਣੀਕਾਰ, ਸਕ੍ਰਿਪਟ ਰਾਈਟਰ ਤੇ ਗੀਤਕਾਰ ਵੀ ਸਨ। ਉਨ੍ਹਾਂ ਆਪਣੇ ਕਰੀਅਰ 'ਚ ਇਕ ਤੋਂ ਵੱਧ ਕੇ ਇਕ ਫਿਲਮਾਂ ਲਈ ਗਾਣੇ ਤੇ ਕਹਾਣੀਆਂ ਲਿਖੀਆਂ, ਜਿਨ੍ਹਾਂ ਦੀ ਹਮੇਸ਼ਾ ਤਰੀਫ ਹੁੰਦੀ ਹੈ।

ਅੰਗਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ ਸੁਮਿੱਤਰਾ ਭਾਵੇ ਲੰਬੇ ਸਮੇਂ ਤੋਂ ਉਮਰ ਨਾਲ ਸਬੰਧਤ ਬਿਮਾਰੀਆਂ ਨਾਲ ਜੂਝ ਰਹੀ ਸਨ। ਉਹ ਕੁਝ ਸਮੇਂ ਲਈ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੀ ਸਨ। ਸੁਮਿੱਤਰਾ ਭਾਵੇ ਫੇਫੜਿਆਂ ਦੇ ਰੋਗ ਨਾਲ ਪੀੜਤ ਸਨ, ਜੋ ਕਿ ਇਕ ਖ਼ਤਰਨਾਕ ਬਿਮਾਰੀ ਹੁੰਦੀ ਹੈ। ਸੁਮਿੱਤਰਾ ਭਾਵੇ ਦਾ ਜਨਮ 12 ਜਨਵਰੀ 1943 ਨੂੰ ਪੁਣੇ 'ਚ ਹੋਇਆ ਸੀ। ਉਨ੍ਹਾਂ ਮਰਾਠੀ ਸਿਨੇਮਾ ਦੀਆਂ ਕਈ ਮਸ਼ਹੂਰ ਫੀਚਰ ਫਿਲਮਾਂ ਦਾ ਨਿਰਦੇਸ਼ਣ ਕੀਤਾ ਸੀ। ਏਨਾ ਹੀ ਨਹੀਂ ਉਨ੍ਹਾਂ 50 ਤੋਂ ਜ਼ਿਆਦਾ ਲਘੂ ਫਿਲਮਾਂ ਤੇ ਕੁਝ ਮਰਾਠੀ ਸੀਰੀਅਲਜ਼ ਦਾ ਵੀ ਨਿਰਦੇਸ਼ਣ ਕੀਤਾ ਸੀ।

ਸੁਮਿੱਤਰਾ ਭਾਵੇ ਨੇ 'ਦਹਾਵੀ ਫ', 'ਸਹਿੰਤਾ', 'ਦੋਘੀ', 'ਨਿਤਲ', 'ਅਸਤੂ' ਤੇ 'ਵੈਲਕਮ ਹੋਮ' ਸਮੇਤ ਕਈ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਣ ਕੀਤਾ ਸੀ। ਸੁਮਿੱਤਰਾ ਭਾਵੇ ਨੇ 1980 ਦੇ ਦਹਾਕੇ 'ਚ ਸੁਨੀਲ ਸੁਕਥਨਕਰ ਦੇ ਨਾਲ ਮਿਲ ਕੇ ਕਈ ਫਿਲਮਾਂ ਨੂੰ ਡਾਇਰੈਕਟ ਵੀ ਕੀਤਾ ਸੀ। ਇਸ ਜੋੜੀ ਨੇ ਕਰੀਬ 17 ਫਿਲਮਾਂ ਦਾ ਇਕੱਠੇ ਨਿਰਦੇਸ਼ਣ ਕੀਤਾ ਸੀ। ਸੁਮਿੱਤਰਾ ਭਾਵੇ ਤੇ ਸੁਨੀਲ ਸੁਕਥਨਕਰ ਦੀਆਂ ਫਿਲਮਾਂ ਨੇ ਮਰਾਠੀ ਸਿਨੇਮਾ ਨੂੰ ਅਲੱਗ ਤੇ ਖ਼ਾਸ ਪਛਾਣ ਦਿੱਤੀ।

ਏਨਾ ਹੀ ਨਹੀਂ ਇਨ੍ਹਾਂ ਦੋਵਾਂ ਨੂੰ ਫਿਲਮ 'ਦਹਾਵੀ ਫ', 'ਦੋਘੀ', 'ਅਸਤੂ', 'ਕਾਸਵ' ਲਈ ਰਾਸ਼ਟਰੀ ਪੁਰਸਕਾਰਾਂ ਨਾਲ ਵੀ ਨਵਾਜਿਆ ਗਿਆ ਸੀ। ਫਿਲਮ 'ਕਾਸਵ' ਨੂੰ ਸੁਵਰਣ ਕਮਲ ਵੀ ਮਿਲ ਚੁੱਕਾ ਹੈ। ਸੁਮਿੱਤਰਾ ਭਾਵੇ ਦੀ ਫਿਲਮਾਂ 'ਚ ਭੇਦਭਾਵ ਤੋਂ ਲੈ ਕੇ ਮਾਨਸਿਕ ਸਿਹਤ ਤਕ ਦੇ ਮੁੱਦਿਆਂ ਨੂੰ ਬਿਹਤਰੀਨ ਅੰਦਾਜ਼ 'ਚ ਦਿਖਾਇਆ ਜਾਂਦਾ ਸੀ। ਉਨ੍ਹਾਂ ਦੇ ਦੇਹਾਂਤ ਨਾਲ ਮਰਾਠੀ ਸਿਨੇਮਾ ਤੋਂ ਇਲਾਵਾ ਬਾਲੀਵੁੱਡ ਸਿਨੇਮਾ 'ਚ ਸੋਗ ਦੀ ਲਹਿਰ ਹੈ। ਕਈ ਫਿਲਮੀ ਸਿਤਾਰੇ ਉਨ੍ਹਾਂ ਨੂੰ ਯਾਦ ਕਰ ਕੇ ਸ਼ਰਧਾਂਜਲੀ ਦੇ ਰਹੇ ਹਨ।

Posted By: Seema Anand