ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਸਿਨੇਮਾ ਦੇ ਲੀਜੈਂਡਰੀ ਸਿੰਗਰ ਐੱਸਪੀ ਬਾਲਾਸੁਬਰਾਮਨੀਅਮ ਦਾ ਦੇਹਾਂਤ ਹੋ ਗਿਆ ਹੈ। 74 ਸਾਲ ਦੇ ਦਿੱਗਜ ਗਾਇਕ ਨੇ ਚੇਨੱਈ ਦੇ ਐੱਮਜੀਐੱਮ ਹਸਪਤਾਲ 'ਚ ਆਖ਼ਰੀ ਸਾਹ ਲਿਆ, ਜਿਥੇ ਉਨ੍ਹਾਂ ਨੂੰ ਕੋਵਿਡ-19 ਦੇ ਸੰਕ੍ਰਮਣ ਤੋਂ ਬਾਅਦ ਅਗਸਤ 'ਚ ਭਰਤੀ ਕਰਵਾਇਆ ਗਿਆ ਸੀ। ਐੱਸਪੀ ਦਾ ਕੋਵਿਡ-19 ਟੈਸਟ ਨੈਗੇਟਿਵ ਆ ਗਿਆ ਸੀ, ਪਰ ਸਿਹਤ 'ਚ ਸੁਧਾਰ ਨਾ ਹੋਣ ਕਾਰਨ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।

ਵੀਰਵਾਰ (24 ਸਤੰਬਰ) ਨੂੰ ਉਨ੍ਹਾਂ ਦੀ ਤਬੀਅਤ ਕਾਫੀ ਵਿਗੜ ਗਈ ਅਤੇ ਉਨ੍ਹਾਂ ਨੂੰ ਲਾਈਫ ਸਪੋਰਟਿੰਗ ਸਿਸਟਮ 'ਤੇ ਰੱਖਿਆ ਗਿਆ। ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕਰਕੇ ਇਸਦੀ ਸੂਚਨਾ ਵੀ ਦਿੱਤੀ ਸੀ। ਐੱਸਪੀ ਦੇ ਦੇਹਾਂਤ ਨਾਲ ਭਾਰਤੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਐੱਸਪੀ ਨੂੰ 5 ਅਗਸਤ ਨੂੰ ਚੇਨੱਈ ਦੇ ਐੱਮਜੀਐੱਮ ਹੈਲਥਕੇਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਮਾਈਲਡ ਲੱਛਣ ਸਨ। ਉਨ੍ਹਾਂ ਨੇ ਖ਼ੁਦ ਇਸਦੀ ਜਾਣਕਾਰੀ ਫੇਸਬੁੱਕ 'ਤੇ ਇਕ ਵੀਡੀਓ ਰਾਹੀਂ ਦਿੱਤੀ ਸੀ। ਇਸ ਵੀਡੀਓ 'ਚ ਐੱਸਪੀ ਨੇ ਉਮੀਦ ਪ੍ਰਗਟਾਈ ਸੀ ਕਿ ਉਹ ਕੁਝ ਹੀ ਦਿਨਾਂ 'ਚ ਠੀਕ ਹੋ ਕੇ ਘਰ ਵਾਪਸ ਆ ਸਕਣਗੇ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

13 ਅਗਸਤ ਨੂੰ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਨ੍ਹਾਂ ਨੂੰ ਲਾਈਫ ਸਪੋਰਟਿੰਗ ਸਿਸਟਮ 'ਤੇ ਰੱਖਿਆ ਗਿਆ ਸੀ। 7 ਸਤੰਬਰ ਨੂੰ ਉਨ੍ਹਾਂ ਦੇ ਬੇਟੇ ਐੱਸਪੀ ਚਰਣ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ, ਪਰ ਫੇਫੜਿਆਂ ਦੀ ਸਥਿਤੀ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਨਹੀਂ ਹਟਾਇਆ ਗਿਆ ਸੀ।

ਐੱਸਪੀ ਦੀ ਮੌਤ ਦੀ ਖ਼ਬਰ ਨਾਲ ਮਨੋਰੰਜਨ ਜਗਤ ਬੇਹੱਦ ਅਫ਼ਸੋਸ 'ਚ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਅਕਸ਼ੈ ਕੁਮਾਰ ਨੇ ਲਿਖਿਆ, ਬਾਲਾਸੁਬਰਾਮਨੀਅਮ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਲਾਕਡਾਊਨ ਦੌਰਾਨ ਵਰਚੁਅਲ ਕਾਨਸਰਟ 'ਚ ਉਨ੍ਹਾਂ ਨਾਲ ਗੱਲਬਾਤ ਹੋਈ ਸੀ। ਉਸ ਸਮੇਂ ਉਹ ਪੂਰੀ ਤਰ੍ਹਾਂ ਨਾਲ ਠੀਕ ਤੇ ਖੁਸ਼ ਸੀ। ਜੀਵਨ ਸਚਮੁੱਚ ਹੀ ਅਨਪ੍ਰੇਡਿਕਟੇਬਲ ਹੈ। ਪਰਿਵਾਰ ਲਈ ਮੇਰੀਆਂ ਸੰਵੇਦਨਾਵਾਂ।

ਐੱਸਪੀ ਹਿੰਦੀ ਫਿਲਮ ਇੰਡਸਟਰੀ 'ਚ ਮੁੱਖ ਰੂਪ ਨਾਲ ਸਲਮਾਨ ਖ਼ਾਨ ਦੀ ਆਵਾਜ਼ ਦੇ ਤੌਰ 'ਤੇ ਜਾਣੇ ਜਾਂਦੇ ਸੀ। ਨੱਬੇ ਦੇ ਦੌਰ 'ਚ ਉਨ੍ਹਾਂ ਨੇ ਸਲਮਾਨ ਲਈ ਕਈ ਹਿੱਟ ਗਾਣੇ ਗਾਏ ਸੀ। ਸਲਮਾਨ ਨੇ ਉਨ੍ਹਾਂ ਦੀ ਤੰਦਰੁਸਤੀ ਦੀ ਦੁਆ ਮੰਗਦੇ ਹੋਏ ਵੀਰਵਾਰ ਰਾਤ ਨੂੰ ਟਵੀਟ ਵੀ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ - ਬਾਲਾਸੁਬਰਾਮਨੀਅਮ ਸਰ। ਤੁਹਾਡੀ ਤੰਦਰੁਸਤੀ ਲਈ ਦਿਲ ਤੋਂ ਦੁਆ ਕਰ ਰਿਹਾ ਹਾਂ ਅਤੇ ਹਰ ਉਸ ਗਾਣੇ ਲਈ ਸ਼ੁਕਰੀਆ, ਜੋ ਤੁਸੀਂ ਮੇਰੇ ਲਈ ਗਾਇਆ ਸੀ ਅਤੇ ਦਿਲ ਦੀਵਾਨਾ ਹੀਰੋ ਪ੍ਰੇਮ ਨੂੰ ਸਪੈਸ਼ਲ ਬਣਾ ਦਿੱਤਾ। ਲਵ ਯੂ ਸਰ।

ਐੱਸਪੀ ਬਾਲਾਸੁਬਰਾਮਨੀਅਮ ਨੂੰ ਇਕ ਖ਼ਾਸ ਸ਼ਖ਼ਸੀਅਤ ਤੇ ਲਾਜਵਾਬ ਆਵਾਜ਼ ਲਈ ਜਾਣਿਆ ਜਾਂਦਾ ਸੀ। ਮਿਊਜ਼ਿਕ ਮੇਸਟ੍ਰੋ ਏਆਰ ਰਹਿਮਾਨ ਨੇ ਟਵਿੱਟਰ 'ਤੇ ਐੱਸਪੀ ਦੇ ਨਾਲ ਆਪਣੀ ਤਸਵੀਰ ਸ਼ੇਅਰ ਕਰਕੇ ਲਿਖਿਆ, ਟੁੱਟ ਗਿਆ ਹਾਂ।

ਐੱਸਪੀ ਬਾਲਾਸੁਬਰਾਮਨੀਅਮ ਫਿਲਮ ਗਾਇਕੀ ਦੇ ਸਿਰਮੌਰ ਸੀ। ਉਨ੍ਹਾਂ ਨੇ 16 ਭਾਸ਼ਾਵਾਂ 'ਚ 40 ਹਜ਼ਾਰ ਤੋਂ ਵੱਧ ਗਾਣਿਆਂ ਨੂੰ ਆਪਣੀ ਮਧੁਰ ਆਵਾਜ਼ ਨਾਲ ਸਜਾਇਆ ਸੀ। ਇਸਦੇ ਲਈ ਉਨ੍ਹਾਂ ਦਾ ਨਾਮ ਗਿੰਨੀਜ਼ ਬੁੱਕ ਆਫ ਰਿਕਾਰਡ 'ਚ ਵੀ ਦਰਜ ਹੈ। ਤਮਾਮ ਫਿਲਮੀ ਪੁਰਸਕਾਰਾਂ ਦੇ ਨਾਲ ਉਨ੍ਹਾਂ ਨੂੰ ਪਦਮਸ਼੍ਰੀ ਅਤੇ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਪਲੇਅਬੈਕ ਸਿੰਗਰ ਦੇ ਤੌਰ 'ਤੇ ਉਨ੍ਹਾਂ ਨੇ ਆਪਣਾ ਕਰੀਅਰ 1966 'ਚ ਤੇਲਗੂ ਫਿਲਮ 'ਸ਼੍ਰੀ ਸ਼੍ਰੀ ਮਰਿਆਦਾ ਰਾਮੰਨਾ' ਤੋਂ ਸ਼ੁਰੂ ਕੀਤਾ ਸੀ।

Posted By: Ramanjit Kaur