ਅਦਾਕਾਰਾ ਸ਼ਵੇਤਾ ਤਿ੍ਪਾਠੀ ਪਹਿਲੀ ਤਮਿਲ ਫਿਲਮ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਕਰੇਗੀ। ਇਸ ਲਈ ਉਹ ਵੱਡੇ ਪੱਧਰ 'ਤੇ ਤਿਆਰੀਆਂ ਵੀ ਕਰ ਰਹੀ ਹੈ।

ਫਿਲਮ ਵਿਚ ਉਨ੍ਹਾਂ ਦਾ ਕਿਰਦਾਰ ਇਕ ਸਰਕਸ ਪਰਫਾਰਮਰ ਦਾ ਹੈ ਜਿਸ ਦਾ ਨਾਂ ਹੈ 'ਮਹਿੰਦੀ'। ਫਿਲਮ ਦਾ ਨਾਂ ਵੀ 'ਮਹਿੰਦੀ ਸਰਕਸ' ਹੈ। ਇਹ ਇਕ ਰੋਮਾਂਸ ਡਰਾਮਾ ਫਿਲਮ ਹੈ। ਇਸ ਬਾਰੇ ਸ਼ਵੇਤਾ ਨੇ ਦੱਸਿਆ, 'ਮੈਂ ਆਪਣੀ ਪਹਿਲੀ ਤਮਿਲ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।

ਇਸ ਤੋਂ ਵੀ ਜ਼ਿਆਦਾ ਚੰਗਾ ਤਜਰਬਾ ਰੀਅਲ ਸਰਕਸ ਦੇ ਕਲਾਕਾਰਾਂ ਤੋਂ ਸਿਖਲਾਈ ਲੈਣ ਦਾ ਹੈ। ਮੈਨੂੰ ਕਿਤਾਬਾਂ ਅਤੇ ਸ਼ੋਅ ਤੋਂ ਸਰਕਸ ਕਲਾਕਾਰਾਂ ਦੇ ਬਾਰੇ ਵਿਚ ਪਤਾ ਲੱਗਿਆ ਹੈ। ਹੁਣ ਉਨ੍ਹਾਂ ਨਾਲ ਸਮਾਂ ਬਿਤਾ ਕੇ ਅਤੇ ਉਨ੍ਹਾਂ ਤੋਂ ਕੁਝ ਸਿੱਖ ਕੇ ਮੈਨੂੰ ਅਹਿਸਾਸ ਹੋਇਆ ਹੈ ਕਿ ਵਾਕਈ ਉਹ ਕਿੰਨੀ ਮਿਹਨਤ ਕਰਦੇ ਹਨ।

ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਜੀਵਨ ਅਤੇ ਮੌਤ ਵਿਚਾਲੇ ਝੂਲਦੀ ਰਹਿੰਦੀ ਹੈ। ਉਨ੍ਹਾਂ ਕੋਲ ਕੋਈ ਸੇਫਟੀ ਉਪਕਰਣ ਵੀ ਨਹੀਂ ਹੁੰਦੇ, ਇਸ ਦੇ ਬਾਵਜੂਦ ਉਹ ਜਿਸ ਸ਼ਿੱਦਤ ਨਾਲ ਆਪਣਾ ਕੰਮ ਕਰਦੇ ਹਨ, ਉਹ ਕਾਫੀ ਪ੍ਰੇਰਣਾਦਾਇਕ ਹੈ।' ਇਸ ਫਿਲਮ ਲਈ ਸ਼ਵੇਤਾ ਨੇ ਕਈ ਸੂਬਿਆਂ ਦੇ ਪ੍ਰੋਫੈਸ਼ਨਲਜ਼ ਤੋਂ ਸਿਖਲਾਈ ਲਈ ਹੈ। ਇਨ੍ਹਾਂ ਵਿਚੋਂ ਇਕ ਪਰਫਾਰਮਰ ਤਮਿਲਨਾਡੂ ਦੇ ਥੇਨੀ ਜ਼ਿਲ੍ਹੇ ਦਾ ਹੈ ਜਿਸ ਨੇ ਸ਼ਵੇਤਾ ਨੂੰ ਜੋਖਮ ਭਰੇ ਸਟੰਟ ਸਿਖਾਏ। ਸ਼ਵੇਤਾ ਨੇ ਦੱਸਿਆ, 'ਮੈਂ ਚਿੰਨਮਨੂਰ ਅਤੇ ਮਦੁਰਈ ਦੇ ਲੋਕਪਿ੍ਅ ਰਾਜਾ ਸਰਕਸ ਦੇ ਸਮੂਹ ਤੋਂ ਸਿਖਲਾਈ ਲਈ ਅਤੇ ਉਨ੍ਹਾਂ ਨਾਲ ਸ਼ਾਟ ਵੀ ਦਿੱਤਾ ਹੈ।'

'ਵੈਲਕਮ 3' ਅਤੇ 'ਵੈਲਕਮ 4' 'ਚ ਵੀ ਹੋਣਗੇ ਅਨਿਲ, ਜਾਨ ਤੇ ਨਾਨਾ ਪਾਟੇਕਰ

ਇਕ ਵਾਰ ਫਿਰ ਬਾਲੀਵੁੱਡ ਦੀ ਕਿਸੇ ਫਿਲਮ ਵਿਚ ਜਾਨ ਇਬਰਾਹੀਮ, ਅਨਿਲ ਕਪੂਰ, ਪਰੇਸ਼ ਰਾਵਲ ਅਤੇ ਨਾਨਾ ਪਾਟੇਕਰ ਦੀ ਚੌਕੜੀ ਲੋਕਾਂ ਨੂੰ ਹਸਾਉਂਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਇਹ ਚਾਰੇ ਸਟਾਰ 'ਵੈਲਕਮ' ਵਿਚ ਹਸਾਉਂਦੇ ਨਜ਼ਰ ਆਏ ਸਨ। ਹੁਣ ਇਸੇ ਦੀ ਤੀਜੀ ਅਤੇ ਚੌਥੀ ਫ੍ਰੈਂਚਾਈਜੀ ਵਿਚ ਇਹ ਅਦਾਕਾਰ ਜਲਵਾ ਦਿਖਾਉਣਗੇ। ਸਾਲ 2007 ਵਿਚ 'ਵੈਲਕਮ' ਆਈ ਸੀ ਜਿਸ ਦੇ ਨਿਰਦੇਸ਼ਕ ਸਨ ਅਨੀਜ ਬਜ਼ਮੀ ਅਤੇ ਪ੍ਰੋਡਿਊਸਰ ਸਨ ਫਿਰੋਜ਼ ਏ ਨਾਡੀਆਡਵਾਲਾ।

ਫਿਲਮ ਵਿਚ ਅਕਸ਼ੈ, ਕੈਟਰੀਨਾ, ਫਿਰੋਜ਼ ਖ਼ਾਨ ਸਮੇਤ ਵੱਡੀ ਸਟਾਰਕਾਸਟ ਸੀ। ਫਿਲਮ ਬਲਾਕਬਸਟਰ ਰਹੀ ਸੀ। ਇਸ ਤੋਂ ਬਾਅਦ ਸਾਲ 2015 ਵਿਚ 'ਵੈਲਕਮ ਬੈਕ' ਆਈ, ਜਿਸ ਵਿਚ ਅਨਿਲ ਕਪੂਰ ਅਤੇ ਨਾਨਾ ਪਾਟੇਕਰ ਅੰਡਰਵਰਲਡ ਡਾਨ ਦੇ ਰੂਪ ਵਿਚ ਦਿਖਾਈ ਦਿੱਤੇ ਸਨ। ਸੂਤਰਾਂ ਮੁਤਾਬਕ, ਹੁਣ 'ਵੈਲਕਮ 3' ਅਤੇ 'ਵੈਲਕਮ 4' ਦੀ ਬੈਕ-ਟੂ-ਬੈਕ ਪਲਾਨਿੰਗ ਕੀਤੀ ਜਾ ਰਹੀ ਹੈ। ਇਸ ਦੀ ਛੇਤੀ ਹੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਕਲਾਕਾਰ ਵੀ ਉਹੀ ਰਹਿਣਗੇ ਯਾਨੀ ਜਾਨ, ਅਨਿਲ, ਨਾਨਾ ਤੇ ਪਰੇਸ਼।

ਤੀਜੀ ਫਿਲਮ ਨੂੰ ਅਹਿਮਦ ਖ਼ਾਨ ਨਿਰਦੇਸ਼ਿਤ ਕਰਨਗੇ। ਨਿਰਮਾਤਾਵਾਂ ਦੀ ਕੋਸ਼ਿਸ਼ ਹੈ ਕਿ 'ਵੈਲਕਮ 3' ਨੂੰ ਸਾਲ 2020 ਤਕ ਰਿਲੀਜ਼ ਕਰ ਦਿੱਤਾ ਜਾਵੇਗਾ, ਜਦਕਿ ਚੌਥੀ ਫਿਲਮ ਨੂੰ ਸਾਲ 2021 ਤਕ ਰਿਲੀਜ਼ ਕੀਤਾ ਜਾਵੇਗਾ।

ਸੂਤਰਾਂ ਮੁਤਾਬਕ, ਇਸ ਵਾਰ ਫਿਲਮ ਵਿਚ ਐਕਸ਼ਨ ਜ਼ਿਆਦਾ ਹੋਵੇਗਾ। ਫਨ ਤੇ ਸਟਾਈਲ ਐਕਸ਼ਨ ਦਾ ਸੰਯੋਗ ਦਿਖਾਈ ਦੇਵੇਗਾ, ਜਿਵੇਂ ਹਾਲੀਵੁੱਡ ਫਿਲਮ 'ਮਿਸ਼ਨ ਇੰਪਾਸਿਬਲ' ਦੀ ਸੀਰੀਜ਼ ਵਿਚ ਦਿਖਾਈ ਦਿੱਤਾ ਸੀ। ਇਸ ਲਈ 'ਵੈਲਕਮ' ਦੀ ਤੀਜੀ ਅਤੇ ਚੌਥੀ ਫਿਲਮ ਵਿਚ ਐਕਸ਼ਨ ਤੇ ਕਾਮੇਡੀ ਦਾ ਤੜਕਾ ਰਹੇਗਾ।

'ਜੈ ਮੰਮੀ ਦੀ' 'ਚ ਸਨੀ-ਸੋਨਾਲੀ ਦੀ ਜੋੜੀ

'ਸੋਨੂੰ ਕੇ ਟੀਟੂ ਕੀ ਸਵੀਟੀ' ਦੀ ਵੱਡੀ ਸਫਲਤਾ ਤੋਂ ਬਾਅਦ ਅਦਾਕਾਰ ਸਨੀ ਸਿੰਘ ਹੁਣ ਦੂਜੇ ਪ੍ਰੋਜੈਕਟ ਵਿਚ ਮਸਰੂਫ਼ ਹੋ ਗਏ ਹਨ। ਇਸ ਫਿਲਮ ਨੂੰ ਟੀ-ਸੀਰੀਜ਼ ਪ੍ਰੋਡਿਊਸ ਕਰੇਗੀ ਅਤੇ ਇਸ ਦਾ ਨਾਂ ਹੈ 'ਜੈ ਮੰਮੀ ਦੀ'। ਫਿਲਮ ਜੁਲਾਈ ਵਿਚ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ਸਨੀ ਦੇ ਆਪੋਜਿਟ ਸੋਨਾਲੀ ਸਹਿਗਲ ਹੈ।

ਇਸ ਤੋਂ ਪਹਿਲਾਂ ਸੋਨਾਲੀ 'ਪਿਆਰ ਕਾ ਪੰਚਨਾਮਾ 2' ਵਿਚ ਦਿਖਾਈ ਦੇ ਚੁੱਕੀ ਹੈ। ਉਂਜ ਤਾਂ ਸੋਨਾਲੀ ਅਤੇ ਸਨੀ ਦੀ ਜੋੜੀ ਨੂੰ ਪਹਿਲਾਂ ਵੀ ਪਸੰਦ ਕੀਤਾ ਜਾ ਚੁੱਕਾ ਹੈ ਪਰ ਹੁਣ ਕਾਮੇਡੀ ਫਿਲਮ ਵਿਚ ਉਨ੍ਹਾਂ ਦਾ ਕਿੰਨਾ ਪ੍ਭਾਵ ਪਵੇਗਾ, ਇਹ ਸਮਾਂ ਹੀ ਦੱਸੇਗਾ।