ਨਵੀਂ ਦਿੱਲੀ, ਜੇਐੱਨਐੱਨ : 'ਬਿੱਗ ਬਾਸ 13' ਫੇਮ ਤੇ ਪੰਜਾਬੀ ਸਿੰਗਰ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ 'ਤੇ ਇਕ ਔਰਤ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਗੰਨ ਪੁਆਇੰਟ 'ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਝੂਠਾ ਦੱਸਿਆ। ਦੂਜੇ ਪਾਸੇ ਸੰਤੋਖ ਸਿੰਘ ਦਾ ਵੀ ਇਸ 'ਤੇ ਬਿਆਨ ਆਇਆ ਹੈ। ਸੰਤੋਖ ਨੇ ਵੀ ਔਰਤ ਦੇ ਦੋਸ਼ਾਂ ਨੂੰ ਝੂਠ ਦੱਸਿਆ ਹੈ।

ਇਕ ਲੋਕਲ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਸੰਤੋਖ ਨੇ ਦੱਸਿਆ ਕਿ ਔਰਤ ਨੇ ਜਿਸ ਦਿਨ ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਸੀ, ਉਸ ਦਿਨ ਉਹ ਪੂਰਾ ਦਿਨ ਘਰ ਸੀ। ਉਸ ਦੇ ਕੋਲ ਸਬੂਤ ਵੀ ਹਨ। ਉਸ ਦੇ ਘਰ 'ਚ ਸੀਸੀਟੀਵੀ ਕੈਮਰੇ ਲੱਗੇ ਹਨ ਜਿਸ ਦੀਆਂ ਫੁਟੇਜ ਸਭ ਕੁਝ ਸਾਬਿਤ ਕਰ ਦੇਣਗੀਆਂ। ਸੰਤੋਖ ਨੇ ਦੱਸਿਆ ਕਿ ਉਹ ਔਰਤ ਤਲਾਕਸ਼ੁਦਾ ਹੈ ਤੇ ਇਕ ਬੱਚੇ ਦੀ ਮਾਂ ਹੈ। ਉਹ ਲੱਕੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਜੋ ਕਿ ਉਸ ਦਾ ਬਿਜ਼ਨੈੱਸ ਪਾਰਟਨਰ ਵੀ ਹੈ। ਉਸ ਨੇ ਲੱਕੀ ਨੂੰ ਵੀ ਕਿਹਾ ਸੀ ਕਿ ਜੋ ਵੀ ਪਰੇਸ਼ਾਨੀਆਂ ਹਨ, ਉਨ੍ਹਾਂ ਨੂੰ ਹੱਲ ਕਰੇ।'

ਲੜਕੇ ਸ਼ਹਿਬਾਜ਼ ਨੇ ਵੀ ਦਿੱਤੀ ਸਫਾਈ

ਸਪਾਟਬੁਆਏ ਨਾਲ ਗੱਲਬਾਤ ਦੌਰਾਨ ਸ਼ਹਿਬਾਜ਼ ਨੇ ਕਿਹਾ- 'ਹਾਂ, ਪੰਜਾਬ ਪੁਲਿਸ ਕੋਲ ਇਕ ਮਾਮਲਾ ਦਰਜ ਹੋਇਆ ਹੈ ਪਰ ਇਹ ਦੋਸ਼ ਪੂਰੀ ਤਰ੍ਹਾਂ ਝੂਠੇ ਹਨ। ਉਹ ਔਰਤ ਮੇਰੇ ਪਿਤਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਯਕੀਨੀ ਰੂਪ 'ਚ ਇਸ ਸਮੇਂ ਪਰੇਸ਼ਾਨ ਹਾਂ ਪਰ ਸਾਨੂੰ ਇਹ ਵੀ ਪਤਾ ਹੈ ਕਿ ਕੁਝ ਹੋਣ ਵਾਲਾ ਨਹੀਂ। ਸਾਡੇ ਕੋਲ ਸਬੂਤ ਹਨ ਕਿ ਉਹ ਔਰਤ ਝੂਠ ਬੋਲ ਰਹੀ ਹੈ।' ਜ਼ਿਕਰਯੋਗ ਹੈ ਕਿ ਜਿਸ ਜਗ੍ਹਾ 'ਤੇ ਉਸ ਮੁਤਾਬਕ ਘਟਨਾ ਹੋਈ ਹੈ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੇ ਰਿਕਾਰਡਿੰਗ ਦੀ ਵਿਵਸਥਾ ਕੀਤੀ ਹੋਈ ਹੈ।

ਕੀ ਹੈ ਪੂਰਾ ਮਾਮਲਾ


ਜ਼ਿਕਰਯੋਗ ਹੈ ਕਿ ਲੱਕੀ ਉਰਫ਼ ਰਣਧੀਰ ਸਿੰਘ ਸੰਧੂ ਨਾਂ ਦੇ ਲੜਕੇ ਨਾਲ ਔਰਤ ਦੀ ਲਗਪਗ 12 ਸਾਲ ਤੋਂ ਦੋਸਤੀ ਹੈ। ਕੁਝ ਦਿਨ ਪਹਿਲਾਂ ਔਰਤ ਦਾ ਉਸ ਨਾਲ ਝਗੜਾ ਹੋ ਗਿਆ ਸੀ ਜਿਸ ਮਗਰੋਂ ਉਹ ਚਲਾ ਗਿਆ। ਬਾਅਦ 'ਚ ਔਰਤ ਨੂੰ ਪਤਾ ਚੱਲਿਆ ਕਿ ਉਹ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਦੇ ਘਰ ਰੁਕਿਆ ਹੋਇਆ ਹੈ। 14 ਮਈ ਦੀ ਸ਼ਾਮ ਨੂੰ ਲਗਪਗ 5.30 ਵਜੇ ਔਰਤ ਆਪਣੀ ਕਾਰ ਲੈ ਕੇ ਸੰਤੋਖ ਸਿੰਘ ਦੇ ਘਰ ਪਹੁੰਚ ਗਈ। ਸੰਤੋਖ ਨੇ ਉਸ ਨੂੰ ਰਣਧੀਰ ਨਾਲ ਮਿਲਾਉਣ ਬਹਾਨੇ ਆਪਣੀ ਕਾਰ 'ਚ ਬਿਠਾ ਲਿਆ। ਇਸ ਮਗਰੋਂ ਉਹ ਮਹਿਲਾ ਰੂਹੀ ਬ੍ਰਿਜ ਕੋਲ ਲੈ ਕੇ ਗਿਆ ਜਿੱਥੇ ਉਸ ਨੇ ਬੰਦੂਕ ਦੇ ਜ਼ੋਰ 'ਤੇ ਔਰਤ ਨਾਲ ਜਿਨਸੀ ਸੋਸ਼ਣ ਕੀਤਾ। ਉਸ ਮਗਰੋਂ ਉਸ ਨੂੰ ਦੋਸਤ ਘਰ ਛੱਡ ਦਿੱਤਾ। ਦੋਸ਼ ਮੁਤਾਬਕ ਸੰਤੋਖ ਨੇ ਔਰਤ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।

Posted By: Rajnish Kaur