ਸਤਵਿੰਦਰ ਸਿੰਘ ਧੜਾਕ, ਮੋਹਾਲੀ : ਭਾਰਤੀ ਫ਼ਿਲਮ-ਉਦਯੋਗ ਦੀ ਨਾਮੀ ਹਸਤੀ ਸਰੋਜ ਖ਼ਾਨ ਰੁਖ਼ਸਤ ਹੋ ਗਈ ਹੈ। 22 ਜੂਨ ਨੂੰ ਦਿਲ ਦੀ ਬਿਮਾਰੀ ਕਾਰਨ ਉਸ ਨੂੰ ਇਲਾਜ ਲਈ ਬੰਬਈ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਪਰ 2 ਜੁਲਾਈ ਨੂੰ ਵਿਅੰਗ ਤੇ ਡਾਂਸ ਸਟਾਰ ਸਦਾ ਲਈ ਖ਼ਾਮੋਸ਼ ਹੋ ਗਈ। ਉਹ 71 ਸਾਲ ਦੀ ਸੀ ਤੇ ਪਿਛਲੇ 68 ਸਾਲਾਂ ਤੋਂ ਭਾਰਤੀ ਫ਼ਿਲਮ ਇੰਡਸਟਰੀ 'ਚ ਕੰਮ ਕਰ ਰਹੀ ਸੀ।

ਭਾਰਤ-ਪਾਕਿ ਵੰਡ ਦੌਰਾਨ ਸਰੋਜ ਦਾ ਪਰਿਵਾਰ ਬੰਬਈ ਆਇਆ ਤੇ ਉਸ ਦਾ ਜਨਮ ਬੰਬਈ ਵਿਖੇ 22 ਨਵੰਬਰ 1948 ਨੂੰ ਹਿੰਦੂ ਪਰਿਵਾਰ 'ਚ ਹੋਇਆ। ਉਸ ਦੇ ਪਿਤਾ ਦਾ ਨਾਂ ਕਿਸ਼ਨ ਚੰਦ ਸਾਧੂ ਸਿੰਘ ਤੇ ਮਾਤਾ ਨਾਂ ਨੋਨੀ ਸਾਧੂ ਸਿੰਘ ਸੀ। ਮਹਿਜ਼ ਤਿੰਨ ਸਾਲ ਦੀ ਉਮਰ 'ਚ ਸਰੋਜ ਨੇ ਪਹਿਲੀ ਵਾਰ ਹਿੰਦੀ ਫ਼ਿਲਮ 'ਨਜ਼ਰਾਨਾ' 'ਚ ਸ਼ਾਮਾ' ਨਾਂ ਦੇ ਪਾਤਰ ਵਜੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰ ਦਿੱਤੀ ਸੀ। ਸਰੋਜ ਖ਼ਾਨ ਦੀ ਧਾਕ ਇਸ ਗੱਲ ਤੋਂ ਪਤਾ ਚੱਲਦੀ ਹੈ ਕਿ ਮਾਇਆ ਨਗਰੀ 'ਚ ਉਸ ਨੂੰ 'ਮਾਸਟਰ ਜੀ' ਦੇ ਨਾਂ ਨਾਲ ਬੁਲਾਇਆ ਜਾਂਦਾ ਸੀ। ਉਸ ਦੀ ਇਹ ਅੱਲ ਫ਼ਿਲਮੀ ਸਿਤਾਰਿਆਂ ਲਈ ਤਕੀਆ ਕਲਾਮ ਬਣ ਗਈ ਸੀ। ਉਸ ਦਾ ਵਿਆਹ 13 ਸਾਲ ਦੀ ਉਮਰ 'ਚ ਪੀ ਸੋਹਨ ਲਾਲ ਨਾਲ ਹੋ ਗਿਆ ਜਿਹੜਾ ਉਸ ਤੋਂ 30 ਸਾਲ ਵੱਡਾ ਸੀ। ਸੋਹਨ ਲਾਲ ਤੋਂ ਅਲੱਗ ਹੋ ਕੇ ਸਰੋਜ ਖ਼ਾਨ ਨੇ ਦੂਜਾ ਵਿਆਹ ਸਰਦਾਰ ਰੌਸ਼ਨ ਖ਼ਾਨ ਕਰਵਾਇਆ ਤੇ ਇਨ੍ਹਾਂ ਦੀ ਪੁੱਤਰੀ ਸੁਕੈਨਾ ਖ਼ਾਨ ਦੁਬਈ 'ਚ ਡਾਂਸ ਸਕੂਲ ਚਲਾਉਂਦੀ ਹੈ। ਸਰੋਜ ਨੇ ਬਾਲੀਵੁੱਡ ਦੇ ਮਹਾਨ ਅਦਾਕਾਰਾਂ ਨੂੰ ਨਾਚ (ਡਾਂਸ) ਦੀ ਸਿੱਖਿਆ ਦਿੱਤੀ ਹੈ। ਇਨ੍ਹਾਂ ਵਿਚ 'ਵੈਜੰਤੀ ਮਾਲਾ', 'ਸਾਧਨਾ', 'ਕੁੰਮਕੁੰਮ', 'ਜ਼ੀਨਤ ਅਮਨ', 'ਵਾਹਿਦਾ ਰਹਿਮਾਨ', 'ਰੇਖਾ' ,'ਸ਼ਰਮੀਲਾ ਟੈਗੋਰ', 'ਸ੍ਰੀਦੇਵੀ', 'ਐਸ਼ਵਰਿਆ ਰਾਏ ਬੱਚਨ' ਤੇ 'ਮਾਧੁਰੀ ਦੀਕਸ਼ਤ' ਦਾ ਨਾਂ ਮੁਢਲੀਆਂ ਸਫ਼ਾਂ 'ਚ ਸ਼ਾਮਿਲ ਹੈ।

2002 ਵਿਚ ਰਿਲੀਜ਼ ਹੋਈ ਫ਼ਿਲਮ 'ਦੇਵਦਾਸ', 2007 ਦੀ 'ਜਬ ਵੀ ਮੈੱਟ' ਤੋਂ ਇਲਾਵਾ 2006 'ਚ ਆਈ 'ਸਿਰੀਕਰਮ' ਫ਼ਿਲਮ ਚ ਨਾਚ ਨਿਰਦੇਸ਼ਨ ਲਈ ਸਰੋਜ ਨੂੰ ਨੈਸ਼ਨਲ ਅਵਾਰਡ ਨਾਲ ਨਿਵਾਜਿਆ ਗਿਆ। ਉਸ ਦੇ ਬਿਹਤਰੀਨ ਫ਼ਨ ਦਾ ਮੁਜ਼ਾਹਰਾ ਇਸ ਗੱਲ ਤੋਂ ਵੀ ਲਗਦਾ ਹੈ ਕਿ ਉਸ ਦੀ ਝੋਲੀ 'ਚ 8 ਫ਼ਿਲਮ ਫੇਅਰ ਐਵਾਰਡ ਵੀ ਪਏ। ਇਸ ਤੋਂ ਇਲਾਵਾ 2001 'ਚ ਆਈ ਸੁਪਰਹਿੱਟ ਫ਼ਿਲਮ ਲਗਾਨ ਲਈ ਸਰੋਜ ਨੂੰ ਅਮਰੀਕਨ ਕੋਰੀਓਗ੍ਰਾਫਰ ਖ਼ਿਤਾਬ ਵੀ ਮਿਲਿਆ ਹੈ। ਉਸ ਨੇ 2 ਹਜ਼ਾਰ ਤੋਂ ਜ਼ਿਆਦਾ ਗੀਤਾਂ ਨੂੰ ਨਿਰਦੇਸ਼ ਦਿੱਤਾ ਹੈ ਜਦਕਿ ਬਹੁਤ ਸਾਰੇ ਰਿਐਲਟੀ ਪ੍ਰੋਗਰਾਮਾਂ 'ਚ ਬਤੌਰ ਜੱਜ ਆਪਣੀ ਭੂਮਿਕਾ ਨਿਭਾਉਂਦੀ ਰਹੀ। ਵੱਡੇ ਪਰਦੇ ਤੋਂ ਇਲਾਵਾ ਛੋਟੇ ਪਰਦੇ 'ਤੇ ਆਪਣੀ ਅਦਾ ਨਾਲ ਮਦਹੋਸ਼ ਕਰ ਦੇਣ ਦੇ ਨਾਲ-ਨਾਲ ਤਾਲ ਕਲਾ ਤੇ ਨਾਚ ਦੀਆਂ ਬਾਰੀਕੀਆਂ ਸਿਖਾਉਣ ਵਾਲੀ ਅਦਾਕਾਰਾ ਅੱਜ ਸਦਾ ਲਈ ਖ਼ਾਮੋਸ਼ ਹੋ ਗਈ। ਭਾਰਤੀ ਫ਼ਿਲਮ ਨਗਰੀ ਨੂੰ ਉਸ ਦਾ ਘਾਟਾ ਸਦਾ ਲਈ ਰੜਕਦਾ ਰਹੇਗਾ।

Posted By: Seema Anand