ਜੇਐੱਨਐੱਨ, ਨਵੀਂ ਦਿੱਲੀ : ਜਦੋ ਤੋਂ ਦੇਸ਼ 'ਚ ਲਾਕਡਾਊਨ ਹੋਇਆ ਹੈ, ਉਸ ਸਮੇਂ ਤੋਂ ਸੁਪਰਸਟਾਰ ਸਲਮਾਨ ਖ਼ਾਨ ਜ਼ਰੂਰਤਮੰਦਾਂ ਦੀ ਕਾਫ਼ੀ ਮਦਦ ਕਰ ਰਹੇ ਹਨ। ਹੁਣ ਤਕ ਸਲਮਾਨ ਖ਼ਾਨ 25000 ਤੋਂ ਜ਼ਿਆਦਾ ਵਰਕਰਾਂ ਦੀ ਆਰਥਿਕ ਸਹਾਇਤਾ ਕਰਨ ਦੇ ਨਾਲ ਕਈ ਜ਼ਰੂਰਤਮੰਦ ਲੋਕਾਂ ਨੂੰ ਫੂਡ ਕਿੱਟਾਂ ਵੰਡ ਚੁੱਕੇ ਹਨ। ਈਦ ਦੇ ਮੌਕੇ 'ਤੇ ਸਲਮਾਨ ਖ਼ਾਨ ਨੇ ਇਕ ਵਾਰ ਫਿਰ ਗ਼ਰੀਬ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਏ। ਈਦ 'ਤੇ ਸਲਮਾਨ ਖ਼ਾਨ ਨੇ ਕਰੀਬ 5000 ਪਰਿਵਾਰਾਂ ਦੀ ਮਦਦ ਕਰਨ ਦਾ ਫ਼ੈਸਲਾ ਲਿਆ ਸੀ।


ਸਲਮਾਨ ਖ਼ਾਨ ਨੇ ਈਦ ਦੇ ਅਵਸਰ 'ਤੇ ਕਰੀਬ 5000 ਪਰਿਵਾਰਾਂ ਦੇ ਘਰਾਂ ਤਕ ਫੂਡ ਕਿੱਟਾਂ ਭੇਜੀਆਂ ਹਨ। ਉਹ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ। ਹਾਲ ਹੀ 'ਚ ਕੁਝ ਵੀਡੀਓ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿਚ ਦਿਖ ਰਿਹਾ ਸੀ ਕਿ ਸਲਮਾਨ ਖ਼ਾਨ ਆਪਣੇ ਪਨਵੇਲ ਫਾਰਮਹਾਊਸ ਤੋਂ ਟ੍ਰੈਕਟਰ ਤੇ ਬੈਲਗੱਡੀ 'ਚ ਫੂਡ ਕਿੱਟਾਂ ਭੇਜ ਰਹੇ ਹਨ। ਲਾਕਡਾਊਨ 'ਚ ਸਲਮਾਨ ਖ਼ਾਨ ਵੱਲੋਂ ਕੀਤੀ ਜਾ ਰਹੀ ਇਸ ਮਦਦ ਦੀ ਲੋਕ ਕਾਫ਼ੀ ਤਾਰੀਫ਼ ਕਰ ਰਹੇ ਹਨ।


ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੇ 25,000 ਵਰਕਰਾਂ ਦੇ ਬੈਂਕ ਖਾਤਿਆਂ 'ਚ ਦੋ ਕਿਸ਼ਤਾਂ 'ਚ 3-3 ਹਜ਼ਾਰ ਰੁਪਏ ਭੇਜੇ ਸੀ। ਇਸ ਤੋਂ ਬਾਅਦ ਸਲਮਾਨ ਖ਼ਾਨ ਵੱਲੋਂ ਕਈ ਲੋਕਾਂ ਲਈ ਖਾਣੇ ਦੀ ਵਿਵਸਥਾ ਕੀਤੀ ਗਈ। ਸਲਮਾਨ ਖ਼ਾਨ ਕਈ ਯੂਨਿਟਸ, ਆਰਟਿਸਟ ਤੇ ਹਮਸ਼ਕਲ ਕਲਾਕਾਰਾਂ ਦੀ ਵੀ ਮਦਦ ਕਰ ਚੁੱਕੇ ਹਨ। ਸਲਮਾਨ ਖ਼ਾਨ ਤੋਂ ਇਲਾਵਾ ਵੀ ਕਈ ਸਟਾਰ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਇਨ੍ਹਾਂ ਵਿਚੋਂ ਕਈ ਲੋਕ ਵਰਕਰਾਂ ਦੀ ਮਦਦ ਕਰ ਰਹੇ ਹਨ ਤਾਂ ਕਈ ਸੈਲੇਬ੍ਰਿਟੀ ਪੀਐੱਮ, ਸੀਐੱਮ ਫੰਡ 'ਚ ਪੈਸੇ ਜਮ੍ਹਾਂ ਕਰਵਾ ਰਹੇ ਹਨ।

Posted By: Sarabjeet Kaur