ਜੇਐੱਨਐੱਨ, ਮੁੰਬਈ : ਸੋਸ਼ਲ ਮੀਡੀਆ 'ਤੇ ਰਾਨੂੰ ਮੰਡਲ ਹਿੱਟ ਹੈ ਤੇ ਉਨ੍ਹਾਂ ਦੇ ਗਾਣੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਿੰਗਰ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਆਪਣੀ ਫਿਲਮ 'ਹੈਪੀ ਹਾਰਡੀ ਐਂਡ ਹੀਰ' ਦੇ ਗਾਣਿਆਂ 'ਚ ਉਨ੍ਹਾਂ ਨੂੰ ਮੌਕਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੀ ਚਰਚਾ ਹੋਣ ਲੱਗੀ। ਸੋਸ਼ਲ ਮੀਡੀਆ 'ਤੇ ਜਦੋਂ ਉਨ੍ਹਾਂ ਦਾ ਵੀਡੀਓ ਵਾਇਰਲ ਹੋਇਆ ਸੀ, ਤਾਂ ਕਿਹਾ ਗਿਆ ਸੀ ਕਿ ਉਹ ਗਾਇਕ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਗਾਉਂਦੀ ਹੈ ਤੇ ਫਿਰ ਲਤਾ ਮੰਗੇਸ਼ਕਰ ਨੇ ਵੀ ਉਸ 'ਤੇ ਕੁਮੈਂਟ ਕੀਤਾ। ਨਾਲ ਹੀ ਖ਼ਬਰਾਂ ਆਈਆਂ ਸਨ ਕਿ ਰਾਨੂੰ ਮੰਡਲ ਨੂੰ ਸੁਪਰਸਟਾਰ ਸਲਮਾਨ ਖ਼ਾਨ ਨੇ ਫਲੈਟ ਗਿਫ਼ਟ ਕੀਤਾ ਹੈ। ਹੁਣ ਰਾਨੂੰ ਮੰਡਲ ਨੇ ਇਸ ਖ਼ਬਰ ਦੀ ਸੱਚਾਈ ਦੱਸੀ ਹੈ।

ਰਾਨੂੰ ਮੰਡਲ ਨੇ ਨਵਭਾਰਤ ਟਾਈਮਜ਼ ਨੂੰ ਦਿੱਤੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਸਲਮਾਨ ਖ਼ਾਨ ਵੱਲੋਂ ਉਨ੍ਹਾਂ ਨੂੰ 55 ਲੱਖ ਦਾ ਫਲੈਟ ਦਿੱਤੇ ਜਾਣ ਦੀ ਖ਼ਬਰ ਗਲਤ ਹੈ। ਉਨ੍ਹਾਂ ਦੱਸਿਆ ਕਿ, 'ਸਲਮਾਨ ਖ਼ਾਨ ਨੇ ਮੈਨੂੰ ਕੋਈ ਘਰ ਗਿਫ਼ਟ ਨਹੀਂ ਕੀਤਾ ਹੈ। ਜੇ ਉਹ ਮੈਨੂੰ ਘਰ ਦਿੰਦੇ ਤਾਂ ਸਾਰਿਆਂ ਸਾਹਮਣੇ ਇਸ ਦਾ ਐਲਾਨ ਕਰਦੇ। ਮੈਂ ਵੀ ਇਹ ਖ਼ਬਰ ਸੁਣੀ ਸੀ ਪਰ ਇਸ ਖ਼ਬਰ 'ਤੇ ਵਿਸ਼ਵਾਸ ਨਹੀਂ ਹੋਇਆ।'

ਸਲਮਾਨ ਖ਼ਾਨ ਕੋਲੋਂ ਮਦਦ ਮੰਗਣ ਨੂੰ ਲੈ ਕੇ ਰਾਨੂੰ ਮੰਡਲ ਨੇ ਕਿਹਾ ਕਿ ਮੈਂ ਕਿਸੇ ਨੂੰ ਮਦਦ ਲਈ ਨਹੀਂ ਕਿਹਾ ਹੈ ਤੇ ਮੈਂ ਸਲਮਾਨ ਖ਼ਾਨ ਕੋਲੋਂ ਕਦੇ ਮਦਦ ਨਹੀਂ ਮੰਗਾਂਗੀ। ਰਾਨੂੰ ਮੰਡਲ ਨੇ ਕਿਹਾ, 'ਇਕ ਗਾਇਕਾ ਦੇ ਤੌਰ 'ਤੇ ਮੈਂ ਆਪਣੇ ਆਪ ਨੂੰ ਹਿਮੇਸ਼ ਜੀ ਦੇ ਹੱਥਾਂ 'ਚ ਸੌਂਪ ਦਿੱਤਾ ਸੀ। ਉਨ੍ਹਾਂ ਨੇ ਮੈਨੂੰ ਗਾਉਣ ਦਾ ਮੌਕਾ ਦਿੱਤਾ। ਫਿਰ ਜੋ ਗਾਣੇ ਮੈਂ ਗਾਏ ਉਹ ਲੋਕਾਂ ਨੂੰ ਪਸੰਦ ਆਉਣ ਲੱਗੇ ਤੇ ਇਸ ਤੋਂ ਬਾਅਦ ਮੈਨੂੰ ਚਾਹੁਣ ਲੱਗੇ। ਹਿਮੇਸ਼ ਜੀ ਦਾ ਮੈਂ ਹਮੇਸ਼ਾ ਸ਼ੁੱਕਰੀਆ ਅਦਾ ਕਰਦੀ ਰਹਾਂਗੀ।'

Posted By: Amita Verma