ਫਿਲਮ 'ਦਬੰਗ' ਤੋਂ ਆਪਣੇ ਫਿਲਮੀ ਕਰੀਅਰ ਦਾ ਆਗਾਜ਼ ਕਰਨ ਵਾਲੀ ਸੋਨਾਕਸ਼ੀ ਸਿਨਹਾ ਅੱਜਕੱਲ੍ਹ ਆਪਣੀ ਫਿਲਮ 'ਖ਼ਾਨਦਾਨੀ ਸ਼ਫਾਖਾਨਾ' ਦੇ ਪ੍ਰਚਾਰ 'ਚ ਲੱਗੀ ਹੈ। ਨਾਲ ਹੀ 'ਦਬੰਗ 3' ਦੀ ਸ਼ੂਟਿੰਗ ਵੀ ਕਰ ਰਹੀ ਹੈ। ਹਾਲਾਂਕਿ 'ਦਬੰਗ' ਦਾ ਆਫਰ ਮਿਲਣ ਦੀਆਂ ਯਾਦਾਂ ਅੱਜ ਵੀ ਉਸ ਦੇ ਜ਼ਿਹਨ 'ਚ ਤਾਜ਼ੀਆਂ ਹਨ। ਅਦਾਕਾਰਾ ਮੁਤਾਬਕ, ਸ਼ੁਰੂਆਤ 'ਚ ਉਸਦਾ ਵਜ਼ਨ ਕਾਫ਼ੀ ਵਧਿਆ ਹੋਇਆ ਸੀ। ਅਜਿਹੇ 'ਚ ਉਸ ਨੇ ਅਦਾਕਾਰੀ 'ਚ ਆਉਣ ਦੀ ਕਲਪਨਾ ਤਕ ਨਹੀਂ ਕੀਤੀ ਸੀ। ਉਹ ਇਕ ਫੈਸ਼ਨ ਸ਼ੋਅ 'ਚ ਬਤੌਰ ਆਡੀਅੰਸ ਮੈਨੇਜਰ ਕੰਮ ਕਰ ਰਹੀ ਸੀ। ਉਸ 'ਚ ਸਲਮਾਨ ਦਰਸ਼ਕਾਂ 'ਚ ਬੈਠੇ ਸਨ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਸੋਨਾਕਸ਼ੀ ਸ਼ਤਰੂਘਨ ਸਿਨਹਾ ਦੀ ਬੇਟੀ ਹੈ। ਉਹ ਸੋਨਾਕਸ਼ੀ ਕੋਲ ਗਏ ਤੇ ਉਸ ਨੂੰ ਵਜ਼ਨ ਘੱਟ ਕਰਨ ਦਾ ਸੁਝਾਅ ਦਿੱਤਾ। ਇਸ ਬਾਰੇ ਸੋਨਾਕਸ਼ੀ ਨੇ 'ਦ ਕਪਿਲ ਸ਼ਰਮਾ ਸ਼ੋਅ' ਦੌਰਾਨ ਦੱਸਿਆ। ਸੋਨਾਕਸ਼ੀ ਮੁਤਾਬਕ, ਉਹ ਸਲਮਾਨ ਦੀ ਗੱਲ ਸੁਣ ਕੇ ਕਾਫ਼ੀ ਖ਼ੁਸ਼ ਤੇ ਉਤਸ਼ਾਹਿਤ ਸੀ। ਉਸ ਸਮੇਂ ਸਲਮਾਨ ਨੇ ਸੋਨਾਕਸ਼ੀ ਨੂੰ ਟ੍ਰੀਟ ਦੇਣ ਲਈ ਕਿਹਾ ਸੀ। ਸੋਨਾਕਸ਼ੀ ਕੋਲ ਉਸ ਵੇਲੇ ਸਿਰਫ਼ ਤਿੰਨ ਹਜ਼ਾਰ ਰੁਪਏ ਸਨ ਜੋ ਉਸ ਨੇ ਫੈਸ਼ਨ ਸ਼ੋਅ 'ਚ ਕਮਾਏ ਸਨ। ਹੁਣ ਸੋਨਾਕਸ਼ੀ ਆਪਣਾ ਮੁਕਾਮ ਬਣਾ ਚੁੱਕੀ ਹੈ, ਪਰ ਸਲਮਾਨ ਨੂੰ ਟ੍ਰੀਟ ਦੇਣੀ ਹਾਲੇ ਵੀ ਬਾਕੀ ਹੈ। ਸੋਨਾਕਸ਼ੀ ਮੁਤਾਬਕ, ਸਲਮਾਨ ਉਸ ਨੂੰ ਟ੍ਰੀਟ ਦੀ ਯਾਦ ਦਿਵਾਉਣੀ ਨਹੀਂ ਭੁੱਲਦੇ।

Posted By: Sukhdev Singh