ਅਭਿਨੇਤਾ ਸੈਫ ਅਲੀ ਖ਼ਾਨ ਪਦਮਸ਼੍ਰੀ ਐਵਾਰਡ ਨੂੰ ਸਵੀਕਾਰ ਕਰਨ ਦੇ ਇੱਛੁਕ ਨਹੀਂ ਸਨ। ਇਹ ਖ਼ੁਲਾਸਾ ਉਨ੍ਹਾਂ ਅਰਬਾਜ਼ ਖ਼ਾਨ ਦੇ ਚੈਟ ਸ਼ੋਅ 'ਪਿੰਚ ਬਾਏ ਅਰਬਾਜ਼ ਖ਼ਾਨ' ਵਿਚ ਕੀਤਾ ਹੈ। ਅਰਬਾਜ਼ ਖ਼ਾਨ ਦੇ ਇਸ ਸ਼ੋਅ 'ਤੇ ਸਿਤਾਰੇ ਟ੍ਰੋਲਰਸ ਅਤੇ ਉਨ੍ਹਾਂ ਦੇ ਕੀਤੇ ਹੋਏ ਕੁਮੈਂਟਸ ਦਾ ਜਵਾਬ ਦਿੰਦੇ ਹਨ। ਇਸ ਵਿਚ ਸਾਲ 2010 ਵਿਚ ਸੈਫ ਨੂੰ ਮਿਲੇ ਭਾਰਤ ਸਰਕਾਰ ਦੇ ਨਾਗਰਿਕ ਸਨਮਾਨ ਪਦਮਸ਼੍ਰੀ ਨੂੰ ਲੈ ਕੇ ਸਵਾਲ ਉਠਾਇਆ ਗਿਆ ਸੀ। ਸੋਸ਼ਲ ਮੀਡੀਆ 'ਤੇ ਕੀਤੇ ਗਏ ਇਕ ਕੁਮੈਂਟ ਵਿਚ ਲਿਖਿਆ ਗਿਆ ਸੀ ਕਿ, 'ਇਸ ਠੱਗ ਨੇ ਪਦਮਸ਼੍ਰੀ ਖ਼ਰੀਦਿਆ, ਆਪਣੇ ਬੇਟੇ ਦਾ ਨਾਂ ਤੈਮੂਰ ਰੱਖਿਆ ਅਤੇ ਇਕ ਰੈਸਟੋਰੈਂਟ ਵਿਚ ਕੁੱਟਮਾਰ ਕੀਤੀ। ਇਸ ਨੂੰ ਕਿਵੇਂ ਸੈਕ੍ਰੇਡ ਗੇਮਸ ਵਿਚ ਕੰਮ ਮਿਲ ਗਿਆ, ਇਹ ਤਾਂ ਮੁਸ਼ਕਲ ਨਾਲ ਐਕਟਿੰਗ ਕਰ ਪਾਉਂਦਾ ਹੈ।' ਇਸ ਦੇ ਜਵਾਬ ਵਿਚ ਸੈਫ ਨੇ ਕਿਹਾ, 'ਮੈਂ ਠੱਗ ਨਹੀਂ ਹਾਂ। ਪਦਮਸ਼੍ਰੀ ਖ਼ਰੀਦਣਾ ਸੰਭਵ ਨਹੀਂ ਹੈ। ਭਾਰਤ ਸਰਕਾਰ ਨੂੰ ਰਿਸ਼ਵਤ ਦੇਣਾ ਮੇਰੇ ਵੱਸ ਦੀ ਗੱਲ ਨਹੀਂ ਹੈ। ਤੁਹਾਨੂੰ ਇਸ ਬਾਰੇ ਵਿਚ ਸੀਨੀਅਰ ਲੋਕਾਂ ਤੋਂ ਪੁੱਛਣਾ ਚਾਹੀਦਾ ਹੈ। ਮੈਂ ਇਸ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦਾ ਸੀ। ਮੇਰੇ ਤੋਂ ਜ਼ਿਆਦਾ ਸੀਨੀਅਰ ਐਕਟਰ ਹਨ ਜਿਹੜੇ ਇਸ ਸਨਮਾਨ ਦੇ ਹੱਕਦਾਰ ਹਨ, ਪਰ ਉਨ੍ਹਾਂ ਨੂੰ ਇਹ ਸਨਮਾਨ ਨਹੀਂ ਮਿਲਿਆ ਹੈ। ਕੁਝ ਅਜਿਹੇ ਲੋਕਾਂ ਕੋਲ ਵੀ ਇਹ ਸਨਮਾਨ ਹੈ, ਜਿਹੜੇ ਮੇਰੇ ਕੋਲੋਂ ਘੱਟ ਹੱਕਦਾਰ ਹਨ।' ਸੈਫ ਅਲੀ ਖ਼ਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪਿਤਾ ਮਨਸੂਰ ਅਲੀ ਖ਼ਾਨ ਪਟੌਦੀ ਦੇ ਸਮਝਾਉਣ 'ਤੇ ਉਨ੍ਹਾਂ ਆਪਣਾ ਫ਼ੈਸਲਾ ਬਦਲਿਆ ਸੀ। ਸੈਫ ਮੁਤਾਬਕ, 'ਮੈਂ ਇਸ ਨੂੰ ਲੈਣਾ ਨਹੀਂ ਚਾਹੁੰਦਾ ਸੀ। ਮੇਰੇ ਪਿਤਾ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਤੂੰ ਭਾਰਤ ਸਰਕਾਰ ਨੂੰ ਮਨ੍ਹਾ ਕਰਨ ਦੀ ਸਥਿਤੀ ਵਿਚ ਹੈਂ। ਇਸ ਲਈ ਮੈਂ ਖ਼ੁਸ਼ੀ ਨਾਲ ਇਸ ਨੂੰ ਲੈ ਲਿਆ।' ਸੈਫ ਅੱਗੇ ਕਹਿੰਦੇ ਹਨ, 'ਮੈਂ ਐਕਟਿੰਗ ਦਾ ਮਜ਼ਾ ਲੈ ਰਿਹਾ ਹਾਂ, ਚੰਗਾ ਕੰਮ ਕਰ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਮੈਂ ਜਦੋਂ ਪਿੱਛੇ ਮੁੜ ਕੇ ਦੇਖਾਂਗਾ ਤਾਂ ਲੋਕ ਕਹਿਣਗੇ ਕਿ ਜਿਸ ਤਰ੍ਹਾਂ ਦਾ ਕੰਮ ਮੈਂ ਕੀਤਾ ਹੈ, ਉਸ ਲਈ ਮੈਂ ਇਸ ਸਨਮਾਨ ਦਾ ਹੱਕਦਾਰ ਹਾਂ।'

Posted By: Sukhdev Singh