ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਬਿਹਾਰ ਪੁਲਿਸ ਤੇ ਮੁੰਬਈ ਪੁਲਿਸ 'ਚ ਟਕਰਾਅ ਦੀ ਸਥਿਤੀ ਵੱਧਦੀ ਜਾ ਰਹੀ ਹੈ। ਇਸ ਦੌਰਾਨ ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਮੁੰਬਈ ਪੁਲਿਸ 'ਤੇ ਇਹ ਸਵਾਲ ਉਠਾਇਆ ਕਿ Sushant Singh Rajput ਦੇ ਬੈਂਕ ਖਾਤੇ 'ਚ ਹੋਈ ਟ੍ਰਾਂਜੈਕਸ਼ਨ ਨੂੰ ਲੈ ਕੇ ਕੋਈ ਜਾਂਚ ਕਿਉਂ ਨਹੀਂ ਕੀਤੀ ਗਈ।

ਗੁਪਤੇਸ਼ਵਰ ਪਾਂਡੇ ਨੇ ਮੀਡੀਆ ਨੂੰ ਕਿਹਾ, 'ਪਿਛਲੇ ਚਾਰ ਸਾਲਾਂ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਖਾਤੇ 'ਚ ਕਰੀਬ 50 ਕਰੋੜ ਰੁਪਏ ਜਮ੍ਹਾਂ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਲਗਪਗ ਇਹ ਸਾਰਾ ਪੈਸਾ ਕਢਵਾ ਲਿਆ ਗਿਆ। ਪਿਛਲੇ ਇਕ ਸਾਲ 'ਚ ਉਸ ਦੇ ਅਕਾਊਂਟ ਵਿਚ 17 ਕਰੋੜ ਰੁਪਏ ਆਏ, ਜਿਸ 'ਚੋਂ 15 ਕਰੋੜ ਰੁਪਏ ਕਢਵਾ ਲਏ ਗਏ। ਕੀ ਇਹ ਜਾਂਚ ਲਈ ਮਹੱਤਵਪੂਰਨ ਬਿੰਦੂ ਨਹੀਂ ਹੈ। ਅਸੀਂ ਚੁੱਪ ਨਹੀਂ ਬੈਠਣ ਵਾਲੇ ਹਾਂ। ਅਸੀਂ ਮੁੰਬਈ ਪੁਲਿਸ ਨੂੰ ਪੁੱਛਾਂਗਾ ਕਿ ਇਸ ਮਹੱਤਵਪੂਰਨ ਮੁੱਦੇ ਨੂੰ ਕਿਉਂ ਦਬਾਇਆ ਜਾ ਰਿਹਾ ਹੈ।

ਸ੍ਰੀ ਪਾਂਡੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਜਦੋਂ ਐੱਸਪੀ ਵਿਨੇ ਤਿਵਾੜੀ ਜਾਂਚ ਲਈ ਮੁੰਬਈ ਪਹੁੰਚੇ ਤਾਂ ਬੀਐੱਮਸੀ ਨੇ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ। ਮੁੰਬਈ ਪੁਲਿਸ ਨੇ ਸੁਸ਼ਾਂਤ ਕੇਸ 'ਚ ਸਬੂਤ ਸੌਂਪਣ, ਪੋਸਟ ਮਾਰਟਮ ਤੇ ਫੋਰਾਂਸਿਕ ਰਿਪੋਰਟ ਦੇਣ ਦੀ ਬਜਾਏ ਸਾਡੇ ਐੱਸਪੀ ਨੂੰ ਹਾਊਸ ਅਰੈਸਟ ਕਰ ਦਿੱਤਾ। ਮੈਂ ਕਿਸੇ ਵੀ ਦੂਸਰੇ ਸੂਬੇ ਦੀ ਪੁਲਿਸ ਦਾ ਇਸ ਤਰ੍ਹਾਂ ਦਾ ਰਵੱਈਆ ਨਹੀਂ ਦੇਖਿਆ। ਜੇ ਮੁੰਬਈ ਪੁਲਿਸ ਇਸ ਮਸਲੇ ਨੂੰ ਸੁਲਝਾਉਣ ਨੂੰ ਲੈ ਕੇ ਇਮਾਨਦਾਰ ਹੁੰਦੀ ਤਾਂ ਉਹ ਇਸ ਕੇਸ ਨਾਲ ਜੁੜੇ ਦਸਤਾਵੇਜ਼ ਸਾਡੇ ਨਾਲ ਸ਼ੇਅਰ ਕਰਦੀ।

ਬਿਹਾਰ ਪੁਲਿਸ ਵੱਲੋਂ ਲਗਾਏ ਗਏ ਦੋਸ਼ਾਂ ਦੌਰਾਨ ਮੁੰਬਈ ਪੁਲਿਸ ਕਮਿਸ਼ਨਰ ਪਰਮ ਬੀਰ ਸਿੰਘ ਨੇ ਆਪਣੀ ਜਾਂਚ ਨੂੰ ਠੀਕ ਠਹਿਰਾਇਆ। ਉਨ੍ਹਾਂ ਕਿਹਾ ਕਿ ਹੁਣ ਤਕ 56 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਸੁਸ਼ਾਂਤ ਵੱਲੋਂ 14 ਜੂਨ ਨੂੰ ਖ਼ੁਦਕੁਸ਼ੀ ਕੀਤੇ ਜਾਣ ਤੋਂ ਇਕ ਰਾਤ ਪਹਿਲਾਂ ਉਨ੍ਹਾਂ ਦੇ ਘਰ ਕੋਈ ਪਾਰਟੀ ਹੋਈ ਸੀ।

Posted By: Harjinder Sodhi