ਮੁੰਬਈ (ਪੀਟੀਆਈ) : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਬਾਂਬੇ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ। ਸਲਮਾਨ ਖ਼ਿਲਾਫ਼ ਅੰਧੇਰੀ ਮੈਟਰੋਪਾਲੀਟਨ ਕੋਰਟ ਵੱਲੋਂ ਜਾਰੀ ਸੰਮਨ ਹਾਈ ਕੋਰਟ ਨੇ ਖ਼ਾਰਜ ਕਰਦਿਆਂ ਇਸ ਪੂਰੇ ਮਾਮਲੇ ਨੂੰ ਹੀ ਖ਼ਾਰਜ ਕਰ ਦਿੱਤਾ ਹੈ। ਸਲਮਾਨ ਖ਼ਾਨ ’ਤੇ ਸਾਲ 2019 ’ਚ ਪੱਤਰਕਾਰ ਨਾਲ ਦੁਰਵਿਹਾਰ ਤੇ ਧਮਕਾਉਣ ਦਾ ਦੋਸ਼ ਸੀ। ਇਹ ਫ਼ੈਸਲਾ ਜਸਟਿਸ ਭਾਰਤੀ ਡਾਂਗਰੇ ਦੀ ਸਿੰਗਲ ਬੈਂਚ ਨੇ ਦਿੱਤਾ ਹੈ। ਸਲਮਾਨ ਖ਼ਾਨ ’ਤੇ ਪੱਤਰਕਾਰ ਅਸ਼ੋਕ ਪਾਂਡੇ ਨੂੰ ਧਮਕਾਉਣ ਦਾ ਦੋਸ਼ ਸੀ। ਜ਼ਿਕਰਯੋਗ ਹੈ ਕਿ ਅਸ਼ੋਕ ਪਾਂਡੇ ਅੰਧੇਰੀ ’ਚ ਸਲਮਾਨ ਦੀ ਵੀਡੀਓ ਬਣਾ ਰਹੇ ਸਨ, ਉਦੋਂ ਉਨ੍ਹਾਂ ਨਾਲ ਸਲਮਾਨ ਤੇ ਉਨ੍ਹਾਂ ਦੇ ਬਾਡੀਗਾਰਡ ਨਵਾਜ਼ ਸ਼ੇਖ ਨੇ ਬਦਸਲੂਕੀ ਕੀਤੀ ਸੀ। ਹਾਲਾਂਕਿ ਹਾਈ ਕੋਰਟ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਸਲਮਾਨ ਨੂੰ ਵੱਡੀ ਰਾਹਤ ਦਿੱਤੀ ਹੈ।

ਮੁੰਬਈ ਦੀ ਇਕ ਸਥਾਨਕ ਅਦਾਲਤ ਨੇ 2019 ਦੇ ਇਕ ਵਿਵਾਦ ਦੇ ਸਿਲਸਿਲੇ ’ਚ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਬਾਡੀਗਾਰਡ ਨਵਾਜ਼ ਸ਼ੇਖ ਨੂੰ 22 ਮਾਰਚ, 2022 ਨੂੰ ਸੰਮਨ ਜਾਰੀ ਕੀਤਾ ਸੀ। ਮੈਟਰੋਪਾਲੀਟਨ ਮੈਜਿਸਟ੍ਰੇਟ ਆਰਆਰ ਖ਼ਾਨ ਨੇ ਆਪਣੇ ਆਦੇਸ਼ ’ਚ ਕਿਹਾ ਸੀ ਕਿ ਮਾਮਲੇ ਸਬੰਧੀ ਦਰਜ ਪੁਲਿਸ ਸ਼ਿਕਾਇਤ ’ਚ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 504 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਬੇਇੱਜ਼ਤ ਕਰਨਾ) ਤੇ 506 (ਜਾਨੋਂ ਮਾਰਨ ਦੀ ਧਮਕੀ) ਤਹਿਤ ਦੋਸ਼ ਲਗਾਏ ਗਏ ਹਨ। ਹਾਲਾਂਕਿ ਅਦਾਲਤ ’ਚ ਮਾਮਲੇ ਦੀ ਸੁਣਵਾਈ ਦੌਰਾਨ ਸਲਮਾਨ ਖ਼ਾਨ ਨੇ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਸੀ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਸਲਮਾਨ ਨੇ ਬਾਂਬੇੇ ਹਾਈ ਕੋਰਟ ’ਚ ਸੀਆਰਪੀਸੀ 482 ਤਹਿਤ ਅਰਜ਼ੀ ਦਾਖ਼ਲ ਕਰ ਕੇ ਮਾਮਲਾ ਖ਼ਾਰਜ ਕਰਨ ਦੀ ਫ਼ਰਿਆਦ ਕੀਤੀ ਸੀ ਜਿਸ ਨੂੰ ਅਦਾਲਤ ਨੇ ਹੁਣ ਸਵੀਕਾਰ ਕਰ ਲਿਆ ਹੈ।

Posted By: Jaswinder Duhra