ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਕੁਝ ਦਿਨ ਪਹਿਲਾਂ ਹੀ ਸਾਹ ਦੀ ਤਕਲੀਫ਼ ਹੋਣ 'ਤੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਖ਼ਬਰ ਆਈ ਕਿ ਉਨ੍ਹਾਂ ਨੂੰ ਸਟੇਜ-3 'ਤੇ ਫੇਫੜਿਆਂ ਦਾ ਕੈਂਸਰ ਹੈ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਲਗਾਤਾਰ ਉਨ੍ਹਾਂ ਲਈ ਦੁਆਵਾਂ ਮੰਗ ਰਹੇ ਹਨ। ਉਥੇ ਹੀ ਲੋਕ ਸੰਜੇ ਦੱਤ ਨੂੰ ਮਿਲਣ ਵੀ ਜਾ ਰਹੇ ਹਨ। ਰਣਬੀਰ ਕਪੂਰ ਤੇ ਆਲੀਆ ਭੱਟ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦੋਵੇਂ ਸੰਜੇ ਦੱਤ ਦੇ ਘਰ ਤੋਂ ਬਾਹਰ ਆ ਰਹੇ ਹਨ।

ਫੋਟੋਗ੍ਰਾਫਰ ਯੋਗੇਨ ਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ। ਇਨ੍ਹਾਂ ਤਸਵੀਰਾਂ 'ਚ ਰਣਬੀਰ ਕਪੂਰ ਕਾਰ ਡਰਾਈਵ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਇਕ ਫੋਟੋ 'ਚ ਉਹ ਦੋਵੇਂ ਸੰਜੇ ਦੱਤ ਦੇ ਘਰ ਤੋਂ ਬਾਹਰ ਆ ਰਹੇ ਹਨ। ਯੋਗੇਨ ਨੇ ਫੋਟੋ ਸਾਂਝੀ ਕਰਦਿਆਂ ਕਿਹਾ ਕਿ ਰਣਬੀਰ ਕਪੂਰ ਤੇ ਆਲੀਆ ਭੱਟ ਸੰਜੇ ਦੱਤ ਦੀ ਬਿਲਡਿੰਗ ਤੋਂ ਬਾਹਰ ਆਉਂਦੇ ਹੋਏ ਦੇਖੇ ਗਏ। ਫੋਟੋ 'ਚ ਰਣਬੀਰ ਕਪੂਰ ਨੀਲੀ ਜੀਨ ਤੇ ਜੈਕੇਟ 'ਚ ਨਜ਼ਰ ਆ ਰਹੇ ਹਨ ਤੇ ਆਲੀਆ ਭੱਟ ਨੇ ਗ੍ਰੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ।

ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਸੰਜੇ ਦੱਤ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਉਹ ਮੈਡੀਕਲ ਟ੍ਰੀਟਮੈਂਟ ਲਈ ਬ੍ਰੇਕ ਲੈ ਰਿਹਾ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, 'ਮੈਂ ਮੈਡਕੀਲ ਟ੍ਰੀਟਮੈਂਟ ਲਈ ਇਕ ਛੋਟਾ ਜਿਹਾ ਬ੍ਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਤੇ ਮੇਰੇ ਦੋਸਤ ਮੇਰੇ ਨਾਲ ਹਨ ਤੇ ਆਪਣੇ ਪ੍ਰਸ਼ੰਸਕਾਂ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਚਿੰਤਾ ਨਾ ਕਰੋ। ਤੁਹਾਡੇ ਪਿਆਰ ਤੇ ਦੁਆਵਾਂ ਸਦਕਾ ਮੈਂ ਜਲਦ ਹੀ ਵਾਪਸੀ ਕਰਾਂਗਾ।'

Posted By: Harjinder Sodhi