ਪਿਸ਼ਾਵਰ (ਪੀਟੀਆਈ) : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਉੱਘੇ ਫਿਲਮ ਅਦਾਕਾਰ ਰਾਜ ਕਪੂਰ ਤੇ ਦਲੀਪ ਕੁਮਾਰ ਦੇ ਜੱਦੀ ਮਕਾਨ ਖ਼ਰੀਦ ਕੇ ਇਨ੍ਹਾਂ ਦੀ ਅਜਾਇਬ ਘਰ ਵਜੋਂ ਸੇਵਾ ਸੰਭਾਲ ਕਰੇਗੀ।

ਇਸ ਬਾਰੇ ਸੂਬਾ ਸਰਕਾਰ ਨੇ ਪਿਸ਼ਾਵਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਭੇਜ ਕੇ ਇਨ੍ਹਾਂ ਦੋਵਾਂ ਇਮਾਰਤਾਂ ਨੂੰ ਖ਼ਰੀਦਣ ਦੇ ਆਦੇਸ਼ ਦਿੱਤੇ ਹਨ ਜੋਕਿ ਬਹੁਤ ਖਸਤਾ ਹਾਲਤ ਵਿਚ ਹਨ। ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਦੇ ਮੁਖੀ ਡਾ. ਅਬਦੁੱਲ ਸਮਦ ਖ਼ਾਨ ਨੇ ਕਿਹਾ ਕਿ ਬਾਲੀਵੁੱਡ ਦੇ ਇਨ੍ਹਾਂ ਦੋ ਅਦਾਕਾਰਾਂ ਦੇ ਜੱਦੀ ਘਰ ਪਿਸ਼ਾਵਰ 'ਚ ਹਨ ਜਿਨ੍ਹਾਂ ਦੀ ਸੰਭਾਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਰਾਜ ਕਪੂਰ ਦੇ ਜੱਦੀ ਘਰ ਨੂੰ ਕਪੂਰ ਹਵੇਲੀ ਕਿਹਾ ਜਾਂਦਾ ਹੈ ਜੋਕਿ ਫੈਬਲਡ ਕਿਸਾ ਖਵਾਨੀ ਬਾਜ਼ਾਰ ਵਿਚ ਸਥਿਤ ਹੈ। ਇਸ ਨੂੰ ਰਾਜ ਕਪੂਰ ਦੇ ਦਾਦਾ ਦੀਵਾਨ ਬਿਸ਼ੰਭਰਨਾਥ ਕਪੂਰ ਨੇ 1918 ਤੋਂ 1922 ਦਰਮਿਆਨ ਤਿਆਰ ਕਰਵਾਇਆ ਸੀ। ਸੂਬਾ ਸਰਕਾਰ ਨੇ ਇਸ ਨੂੰ ਕੌਮੀ ਸਮਾਰਕ ਕਰਾਰ ਦਿੱਤਾ ਹੋਇਆ ਹੈ।

ਉੱਘੇ ਫਿਲਮ ਅਦਾਕਾਰ ਦਲੀਪ ਕੁਮਾਰ ਦਾ 100 ਸਾਲ ਪੁਰਾਣਾ ਜੱਦੀ ਘਰ ਵੀ ਇਸੇ ਇਲਾਕੇ ਵਿਚ ਹੈ। ਨਵਾਜ਼ ਸ਼ਰੀਫ ਸਰਕਾਰ ਨੇ 2014 'ਚ ਇਸ ਨੂੰ ਕੌਮੀ ਵਿਰਾਸਤ ਕਰਾਰ ਦਿੱਤਾ ਸੀ। ਇਨ੍ਹਾਂ ਦੋਵਾਂ ਘਰਾਂ ਦੇ ਮੌਜੂਦਾ ਮਾਲਕਾਂ ਨੇ ਕਈ ਵਾਰ ਇਨ੍ਹਾਂ ਨੂੰ ਡੇਗ ਕੇ ਉੱਥੇ ਸ਼ਾਪਿੰਗ ਮਾਲ ਬਣਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਰਾਜ ਸਰਕਾਰ ਨੇ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਇਨ੍ਹਾਂ ਮਕਾਨਾਂ ਦੇ ਮਾਲਕਾਂ ਨੇ ਰਾਜ ਸਰਕਾਰ ਤੋਂ 200 ਕਰੋੜ ਦੀ ਮੰਗ ਕੀਤੀ ਹੈ।