ਐਟਰਟੇਨਮੈਂਟ ਬਿਊਰੋ, ਮੁੰਬਈ : ਗਲੋਬਲ ਆਈਕਨ ਪਿ੍ਰਅੰਕਾ ਚੋਪੜਾ ਨਾਲ ਅਨੁਰਾਗ ਕਸ਼ਯਪ ਨੂੰ 45ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟੀਆਈਐੱਫਐੱਫ) 'ਚ ਬਤੌਰ ਅੰਬੈਸਡਰ ਸੱਦਿਆ ਗਿਆ ਹੈ। 10 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਇਹ ਫਿਲਮ ਫੈਸਟੀਵਲ 19 ਸਤੰਬਰ ਤਕ ਚੱਲੇਗਾ।

ਪਿ੍ਅੰਕਾ ਨੇ ਟਵਿੱਟਰ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਲਿਖਿਆ, 'ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਮੇਰੇ ਲਈ ਦੂਜੇ ਘਰ ਦੀ ਤਰ੍ਹਾਂ ਰਿਹਾ ਹੈ। ਬਤੌਰ ਕਲਾਕਾਰ ਤੇ ਨਿਰਮਾਤਾ ਮੈਂ ਇਸ ਫੈਸਟੀਵਲ ਤੋਂ ਸ਼ੁਰੂਆਤ ਕੀਤੀ ਹੈ।' ਪਿ੍ਅੰਕਾ ਨੇ ਇਕ ਵੀਡੀਓ ਵੀ ਟਵਿੱਟਰ 'ਤੇ ਪੋਸਟ ਕੀਤੀ ਹੈ, ਜਿਸ 'ਚ ਟੋਰਾਂਟੋ ਫਿਲਮ ਫੈਸਟੀਵਲ ਦੇ ਉਨ੍ਹਾਂ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ, 'ਇਸ ਫਿਲਮ ਫੈਸਟੀਵਲ ਦਾ ਅਹਿਮ ਹਿੱਸਾ ਇਹ ਹੈ ਕਿ ਪ੍ਰਸ਼ੰਸਕ ਇਥੇ ਸਿਨਮੇ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ। ਮੈਨੂੰ ਮਾਣ ਹੈ ਕਿ ਮੈਂ ਇਸ ਵਾਰ ਬਤੌਰ ਅੰਬੈਸਡਰ ਫੈਸਟੀਵਲ ਦਾ ਹਿੱਸਾ ਬਣਾਂਗੀ।' ਮਹਾਮਾਰੀ ਵਿਚਾਲੇ ਇਸ ਫੈਸਟੀਵਲ 'ਚ ਡਿਜੀਟਲ ਸਕਰੀਨਿੰਗ, ਵਰਚੁਅਲ ਰੈੱਡ ਕਾਰਪੇਟ ਤੇ ਪ੍ਰੈੱਸ ਕਾਨਫਰੰਸ ਹੋਵੇਗੀ।

ਟੀਆਈਐੱਫਐੱਫ ਦੇ ਆਰਟੀਸਟਿਕ ਡਾਇਰੈਕਟਰ ਤੇ ਸਹਿ ਪ੍ਰਮੁੱਖ ਕੈਮਰਾਨ ਬੇਲੀ ਨੇ ਕਿਹਾ, 'ਮਹਾਮਾਰੀ ਨੇ ਫੈਸਟੀਵਲ ਨੂੰ ਪ੍ਰਭਾਵਿਤ ਜ਼ਰੂਰ ਕੀਤਾ ਹੈ ਪਰ ਅਸੀਂ ਇਸ ਨਾਲ ਲੜਦੇ ਹੋਏ ਸਰਬੋਤਮ ਫਿਲਮਾਂ ਦਰਸ਼ਕਾਂ ਲਈ ਲੈ ਕੇ ਆਵਾਂਗੇ। ਸਾਡੀ ਟੀਮ ਨੇ ਫੈਸਟੀਵਲ ਨਾਲ ਜੁੜੇ ਹਰ ਪਹਿਲੂ 'ਤੇ ਦੁਬਾਰਾ ਵਿਚਾਰ ਕੀਤਾ ਹੈ। ਪਿਛਲੇ ਤਿੰਨ ਮਹੀਨਿਆਂ 'ਚ ਅਨੇਕ ਵੀਡੀਓ ਕਾਲਾਂ ਰਾਹੀਂ ਚਰਚਾ ਕਰ ਕੇ ਇਸ ਫੈਸਟੀਵਲ ਨੂੰ ਅਸੀਂ ਦੁਬਾਰਾ ਆਕਾਰ ਦਿੱਤਾ ਹੈ'।